ਬਾਹਰਲੇ ਸੂਬੇ ਤੋਂ ਆਈ ਗੰਨਿਆਂ ਦੀ ਟਰਾਲੀ ਮਿੱਲ ''ਚ ਦਾਖਲ ਨਹੀਂ ਹੋਣ ਦੇਵਾਂਗੇ : ਭੁੱਲਰਹੇੜੀ

12/26/2019 12:29:38 PM

ਧੂਰੀ (ਜੈਨ, ਅਸ਼ਵਨੀ) : ਗੰਨਾ ਕਾਸ਼ਤਕਾਰਾਂ ਵੱਲੋਂ ਗੰਨਾ ਕਾਸ਼ਤਕਾਰ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਖੰਡ ਮਿੱਲ ਅੱਗੇ ਸ਼ੁਰੂ ਕੀਤਾ ਗਿਆ ਧਰਨਾ ਲਗਾਤਾਰ ਜਾਰੀ ਹੈ। ਇਹ ਧਰਨਾ ਖੰਡ ਮਿੱਲ ਵੱਲੋਂ ਇਲਾਕੇ ਦੇ ਗੰਨਾ ਕਾਸ਼ਤਕਾਰਾਂ ਨੂੰ ਹਰਿਆਣਾ ਦੇ ਕਿਸਾਨਾਂ ਨੂੰ ਦਿੱਤੇ ਜਾ ਰਹੇ ਗੰਨੇ ਦੇ ਭਾਅ ਦੇ ਬਰਾਬਰ ਭਾਅ ਨਾ ਦਿੱਤੇ ਜਾਣ ਅਤੇ ਖੰਡ ਮਿੱਲ ਵੱਲੋਂ ਸਥਾਨਕ ਕਿਸਾਨਾਂ ਦਾ ਗੰਨਾ ਖ਼ਰੀਦਣ ਦੀ ਬਜਾਏ ਬਾਹਰਲੇ ਸੂਬਿਆਂ ਦੇ ਗੰਨੇ ਨੂੰ ਤਰਜੀਹ ਦੇਣ ਦੇ ਰੋਸ ਵਜੋਂ ਦਿੱਤਾ ਗਿਆ।

ਬੀਤੇ ਦਿਨ ਭਾਵ ਬੁੱਧਵਾਰ ਬਾਅਦ ਦੁਪਹਿਰ ਪ੍ਰਦਰਸ਼ਨਕਾਰੀਆਂ ਵੱਲੋਂ ਮਸਲਾ ਹੱਲ ਹੁੰਦਾ ਨਾ ਵੇਖ ਸਥਾਨਕ ਮਾਲੇਰਕੋਟਲਾ ਬਾਈਪਾਸ 'ਤੇ ਧੂਰੀ-ਲੁਧਿਆਣਾ ਮੁੱਖ ਮਾਰਗ 'ਤੇ ਧਰਨਾ ਲਾ ਕੇ ਆਵਾਜਾਈ ਠੱਪ ਕਰ ਦਿੱਤੀ ਗਈ। ਸੰਘਰਸ਼ ਕਮੇਟੀ ਦੇ ਆਗੂ ਅਵਤਾਰ ਸਿੰਘ ਤਾਰੀ ਭੁੱਲਰਹੇੜੀ ਨੇ ਦੱਸਿਆ ਕਿ ਮਿੱਲ ਪ੍ਰਬੰਧਕਾਂ ਵੱਲੋਂ ਲੰਘੇ ਦਿਨੀਂ ਗੰਨਾ ਕਾਸ਼ਤਕਾਰਾਂ ਨਾਲ ਮੀਟਿੰਗ ਕੀਤੀ ਗਈ ਸੀ। ਇਸ ਮੀਟਿੰਗ 'ਚ ਮਿੱਲ ਪ੍ਰਬੰਧਕਾਂ ਵੱਲੋਂ ਕਿਹਾ ਗਿਆ ਸੀ ਕਿ ਇਲਾਕੇ ਅੰਦਰ ਗੰਨੇ ਦਾ ਉਤਪਾਦ ਘੱਟ ਹੋਣ ਕਾਰਣ ਅਤੇ ਮਿੱਲ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਬਾਹਰਲੇ ਸੂਬੇ ਤੋਂ ਰੋਜ਼ਾਨਾ 20 ਟਰਾਲੀਆਂ ਗੰਨਾ ਖ਼ਰੀਦਣ ਦੀ ਲੋੜ ਹੈ। ਮਿੱਲ ਪ੍ਰਬੰਧਕਾਂ ਵੱਲੋਂ ਬਾਹਰਲੇ ਸੂਬੇ ਤੋਂ ਆਉਣ ਵਾਲੇ ਗੰਨੇ ਨੂੰ ਵੀ 310 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦਣ ਦਾ ਕਰਾਰ ਕੀਤਾ ਗਿਆ ਸੀ ਪਰ ਇਸ ਦੇ ਉਲਟ ਮਿੱਲ ਪ੍ਰਬੰਧਕਾਂ ਵੱਲੋਂ ਬਾਹਰਲੇ ਸੂਬੇ ਦੇ ਗੰਨਾ ਕਾਸ਼ਤਕਾਰਾਂ ਤੋਂ ਵੱਡੀ ਗਿਣਤੀ 'ਚ ਗੰਨਾ 330 ਤੋਂ ਲੈ ਕੇ 340 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਖ਼ਰੀਦਿਆ ਜਾ ਰਿਹਾ ਹੈ ਅਤੇ ਸਥਾਨਕ ਗੰਨਾ ਕਾਸ਼ਤਕਾਰਾਂ ਦੇ ਗੰਨੇ ਨੂੰ ਨਹੀਂ ਖ਼ਰੀਦਿਆ ਜਾ ਰਿਹਾ।

ਉਨ੍ਹਾਂ ਕਿਹਾ ਕਿ ਗੰਨਾ ਕਾਸ਼ਤਕਾਰਾਂ ਨੂੰ ਹੱਡ-ਚੀਰਵੀਂ ਠੰਡ 'ਚ ਗੰਨਿਆਂ ਨਾਲ ਲੱਦੀਆਂ ਟਰਾਲੀਆਂ ਭਰ ਕੇ ਖੰਡ ਮਿੱਲ ਦੇ ਬਾਹਰ ਉਡੀਕ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਥਾਨਕ ਗੰਨਾ ਕਾਸ਼ਤਕਾਰਾਂ ਦਾ ਗੰਨਾ ਖ਼ਰੀਦਣ ਨੂੰ ਪਹਿਲ ਦਿੱਤੀ ਜਾਵੇ ਅਤੇ ਗੰਨੇ ਦਾ ਭਾਅ ਵੀ ਹਰਿਆਣਾ ਦੇ ਗੰਨਾ ਕਾਸ਼ਤਕਾਰਾਂ ਦੇ ਬਰਾਬਰ ਦਿੱਤਾ ਜਾਵੇ। ਉਨ੍ਹਾਂ ਦੱਸਿਆ ਕਿ ਸੰਘਰਸ਼ ਕਮੇਟੀ ਵੱਲੋਂ ਕਾਨੂੰਨ ਅਨੁਸਾਰ ਬਾਹਰਲੇ ਸੂਬੇ ਦੇ ਗੰਨਿਆਂ ਦੀ ਟਰਾਲੀ ਨੂੰ ਮਿੱਲ ਅੰਦਰ ਦਾਖਲ ਨਾ ਹੋਣ ਦੇਣ ਦਾ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸੰਕੇਤਕ ਧਰਨਾ ਕੁੱਝ ਸਮੇਂ ਲਈ ਲਾਇਆ ਗਿਆ ਹੈ ਪਰ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।

ਇਸ ਮੌਕੇ ਸੰਘਰਸ਼ ਕਮੇਟੀ ਦੇ ਕਨਵੀਨਰ ਹਰਜੀਤ ਸਿੰਘ ਧਨੋਆ, ਜਗਮੇਲ ਸਿੰਘ ਉਭਾਵਾਲ, ਭਵਨਦੀਪ ਕਹੇਰੂ, ਸੰਤ ਸਿੰਘ ਪਲਾਸੌਰ ਆਦਿ ਵੀ ਮੌਜੂਦ ਸਨ।


cherry

Content Editor

Related News