ਰੇਲਵੇ ''ਚ ਨੌਕਰੀ ਦਾ ਝਾਂਸਾ ਦੇ ਕੇ 5 ਲੱਖ ਦੀ ਠੱਗੀ

11/18/2019 1:16:10 PM

ਧੂਰੀ (ਸੰਜੀਵ ਜੈਨ) : ਥਾਣਾ ਸਿਟੀ ਧੂਰੀ ਵਿਖੇ ਇਕ ਵਿਅਕਤੀ ਨੂੰ ਰੇਲਵੇ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਉਸ ਨਾਲ 5 ਲੱਖ 5 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ਹੇਠ ਤਿੰਨ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਹਾਸਲ ਜਾਣਕਾਰੀ ਮੁਤਾਬਕ ਪੀੜਤ ਦਿਨੇਸ਼ ਕੁਮਾਰ ਪੁੱਤਰ ਭਗਵਾਨ ਦਾਸ ਧੂਰੀ ਪਿੰਡ ਦਾ ਰਹਿਣ ਵਾਲਾ ਹੈ। ਇਸ ਮਾਮਲੇ 'ਚ ਦੋਸ਼ੀ ਵਿਨੋਦ ਕੁਮਾਰ ਪੁੱਤਰ ਸ਼ੇਰਾ ਸਿੰਘ ਵਾਸੀ ਪਿੰਡ ਕੌਹਰੀਆ, ਜਿਸਦੀ ਕਿ ਭੈਣ ਧੂਰੀ ਪਿੰਡ ਵਿਖੇ ਹੀ ਵਿਆਹੀ ਹੋਈ ਹੈ, ਦੇ ਕਾਰਨ ਉਸ ਦਾ ਪਿੰਡ ਵਿਖੇ ਆਉਣਾ-ਜਾਣਾ ਸੀ ਅਤੇ ਇਸੇ ਕਾਰਨ ਉਹ ਦਿਨੇਸ਼ ਕੁਮਾਰ ਦੇ ਸੰਪਰਕ 'ਚ ਆਇਆ ਸੀ। ਵਿਨੋਦ ਕੁਮਾਰ ਵਲੋਂ ਦਿਨੇਸ਼ ਕੁਮਾਰ ਨੂੰ ਰੇਲਵੇ 'ਚ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਸਮੇਂ-ਸਮੇਂ ਸਿਰ ਵੱਖ-ਵੱਖ ਕਿਸ਼ਤਾਂ 'ਚ ਉਸ ਕੋਲੋਂ 5 ਲੱਖ 5 ਹਜ਼ਾਰ ਰੁਪਏ ਵਸੂਲ ਕੀਤੇ ਗਏ ਸਨ। ਇਹੀ ਨਹੀਂ ਸਗੋਂ ਦੋਸ਼ੀ ਵਲੋਂ ਪੀੜਤ ਨੂੰ ਛੁਟਮੱਲਪੁਰ (ਯੂ.ਪੀ.) ਵਿਖੇ ਕੁਝ ਹਫਤਿਆਂ ਦੀ ਫਰਜ਼ੀ ਟਰੇਨਿੰਗ 'ਤੇ ਭੇਜਣ ਦਾ ਡਰਾਮਾ ਵੀ ਰਚਿਆ ਗਿਆ ਸੀ।

ਟਰੇਨਿੰਗ ਉਪਰੰਤ ਦੋਸ਼ੀ ਵਲੋਂ ਆਪਣੇ ਹੋਰ ਸਾਥੀਆਂ ਮਨੋਜ ਜੋਸ਼ੀ ਪੁੱਤਰ ਸੁਰਿੰਦਰ ਕੁਮਾਰ ਵਾਸੀ ਸੁਨਾਮ ਹਾਲ ਆਬਾਦ ਗੁੜਗਾਓਂ (ਹਰਿਆਣਾ) ਅਤੇ ਮੋਹਿਤ ਕੁਮਾਰ ਪੁੱਤਰ ਨਰੇਸ਼ ਕੁਮਾਰ ਵਾਸੀ ਸਿਰਸਾ ਨਾਲ ਮਿਲੀਭੁਗਤ ਕਰਕੇ ਪੀੜਤ ਨੂੰ ਕਈ ਵਾਰ ਫਰਜ਼ੀ ਜੁਆਇਨਿੰਗ ਲੈਟਰ ਵੀ ਦਿੱਤਾ ਸੀ, ਪਰ ਨੌਕਰੀ 'ਤੇ ਜੁਆਇਨ ਕਰਨ ਮੌਕੇ ਦੋਸ਼ੀ ਉਸ ਨੂੰ ਖੁਦ ਹਾਜ਼ਰ ਹੋ ਕੇ ਜੁਆਇਨ ਕਰਵਾਉਣ ਦੀ ਗੱਲ ਕਹਿ ਕੇ ਕਈ ਵਾਰ ਲੁਧਿਆਣਾ, ਅੰਬਾਲਾ, ਜਲੰਧਰ ਆਦਿ ਬੁਲਾਉਣ ਦੇ ਬਾਵਜੂਦ ਖੁਦ ਮੌਕੇ 'ਤੇ ਨਹੀਂ ਪੁੱਜੇ ਸਨ। ਬਾਅਦ ਵਿਚ ਇਨ੍ਹਾਂ ਦੋਸ਼ੀਆਂ ਵਲੋਂ ਆਪਣੇ-ਆਪਣੇ ਮੋਬਾਇਲ ਫੋਨ ਬੰਦ ਕਰਨ ਤੋਂ ਬਾਅਦ ਪੀੜਤ ਨੂੰ ਪਤਾ ਚੱਲਿਆ ਕਿ ਉਸ ਨਾਲ ਇਨ੍ਹਾਂ ਵਲੋਂ ਹਮਮਸ਼ਵਰਾ ਹੋ ਕੇ ਠੱਗੀ ਮਾਰੀ ਗਈ ਹੈ। ਉਕਤ ਠੱਗੀ ਸਬੰਧੀ ਪੀੜਤ ਵਲੋਂ ਮਾਣਯੋਗ ਜ਼ਿਲਾ ਪੁਲਸ ਮੁਖੀ ਸੰਗਰੂਰ ਕੋਲ ਸ਼ਿਕਾਇਤ ਕਰਨ ਤੋਂ ਉਪਰੰਤ ਉਕਤ ਤਿੰਨਾਂ ਦੋਸ਼ੀਆਂ ਖਿਲਾਫ ਥਾਣਾ ਸਿਟੀ ਧੂਰੀ ਵਿਖੇ ਠੱਗੀ ਮਾਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ।


cherry

Content Editor

Related News