ਪੱਤਰਕਾਰ ਨਾਲ ਬਦਸਲੂਕੀ ਦੇ ਰੋਸ ਵੱਜੋਂ ਫੂਕਿਆ ਭਗਵੰਤ ਮਾਨ ਦਾ ਪੁਤਲਾ

12/25/2019 3:22:57 PM

ਧੂਰੀ (ਸੰਜੀਵ ਜੈਨ) : ਲੰਘੇ ਦਿਨ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਵੱਲੋਂ ਚੰਡੀਗੜ੍ਹ ਵਿਖੇ ਇਕ ਪ੍ਰੈੱਸ ਮਿਲਣੀ ਦੌਰਾਨ ਪੱਤਰਕਾਰ ਨਾਲ ਕੀਤੀ ਗਈ ਬਦਸਲੂਕੀ ਦੇ ਰੋਸ ਵੱਜੋਂ ਧੂਰੀ ਦੇ ਸਮੂਹ ਪ੍ਰਿੰਟ ਅਤੇ ਬਿਜਲਈ ਪੱਤਰਕਾਰ ਭਾਈਚਾਰੇ ਵੱਲੋਂ ਸਥਾਨਕ ਰੇਲਵੇ ਚੌਂਕ ਵਿਖੇ ਭਗਵੰਤ ਮਾਨ ਦਾ ਪੁਤਲਾ ਸਾੜਿਆ ਗਿਆ। ਇਸ ਮੌਕੇ ਪੱਤਰਕਾਰਾਂ ਵਲੋਂ ਭਗਵੰਤ ਮਾਨ ਖਿਲਾਫ ਜੰਮ ਕੇ ਨਾਅਰੇਬਾਜੀ ਵੀ ਕੀਤੀ ਗਈ।

ਇਸ ਮੌਕੇ ਸੀਨੀਅਰ ਪੱਤਰਕਾਰ ਹਰਦੀਪ ਸਿੰਘ ਸੋਢੀ, ਸੰਜੇ ਲਹਿਰੀ, ਮਨੋਹਰ ਸਿੰਘ ਸੱਗੂ ਨੇ ਭਗਵੰਤ ਮਾਨ ਦੇ ਵਤੀਰੇ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਜਾ ਕਿਸੇ ਹੋਰ ਸਿਆਸੀ ਆਗੂ ਦਾ ਮੀਡੀਆ ਨਾਲ ਅਜਿਹਾ ਵਰਤਾਰਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਇਸ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿਸ ਸਿਆਸਤਦਾਨ ਨੂੰ ਮੀਡੀਆ ਨਾਲ ਗੱਲਬਾਤ ਕਰਨ ਦੀ ਤਹਿਜ਼ੀਬ ਹੀ ਨਹੀਂ ਹੈ, ਅਜਿਹੇ ਆਗੂ ਨੂੰ ਅਸਤੀਫਾ ਦੇ ਕੇ ਸਿਆਸਤ ਤੋਂ ਲਾਂਭੇ ਹੋ ਜਾਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਸਿਆਸਤਦਾਨ ਅਤੇ ਪ੍ਰਸ਼ਾਸਨ ਨੂੰ ਪ੍ਰੈੱਸ ਵਾਰਤਾ ਦੌਰਾਨ ਸਵਾਲ ਪੁੱਛਣਾ ਮੀਡੀਆ ਦਾ ਕੰਮ ਹੈ ਅਤੇ ਉਸ ਸਵਾਲ ਦਾ ਠਰੰਮੇ ਨਾਲ ਜਵਾਬ ਦੇਣਾ ਜਾਂ ਨਾ ਦੇਣਾ ਆਗੂਆਂ ਦੀ ਮਰਜੀ ਹੈ ਪਰ ਮੀਡੀਆ ਕਰਮੀਆਂ ਨਾਲ ਦੁਰਵਿਵਹਾਰ ਕਰਨਾ ਉਨ੍ਹਾਂ ਦਾ ਹੱਕ ਨਹੀਂ ਹੈ, ਕਿਉਂਕਿ ਮੀਡੀਆ ਸਮਾਜ ਦਾ ਚੌਥਾ ਥੰਮ੍ਹ ਹੈ। ਉਨ੍ਹਾਂ ਕਿਹਾ ਕਿ ਯੂ.ਐਨ.ਓ ਸਮੇਤ ਹੋਰ ਵੱਡੀਆਂ ਸੰਸਥਾਵਾਂ ਦੀਆਂ ਰਿਪੋਰਟਾਂ ਮੁਤਾਬਕ ਵਿਸ਼ਵ ਭਰ 'ਚ ਇਨਸਾਫ਼ ਮੀਡੀਆ ਦੀ ਬਦੌਲਤ ਹੀ ਲੋਕਾਂ ਨੂੰ ਨਸੀਬ ਹੋ ਰਿਹਾ ਹੈ। ਉਨ੍ਹਾਂ ਪੰਜਾਬ ਦੀਆਂ ਮੀਡੀਆਂ ਜੱਥੇਬੰਦੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੱਦ ਤੱਕ ਭਗਵੰਤ ਮਾਨ ਆਪਣੇ ਅਜਿਹੇ ਨਿੰਦਣਯੋਗ ਵਤੀਰੇ ਪ੍ਰਤੀ ਮੁਆਫੀ ਨਹੀਂ ਮੰਗਦੇ, ਉਦੋਂ ਤੱਕ ਸੂਬਾ ਪੱਧਰ 'ਤੇ ਸੰਘਰਸ਼ ਵਿੱਢਿਆ ਜਾਵੇ।

ਇਸ ਮੌਕੇ ਸਮੁੱਚੇ ਪੱਤਰਕਾਰ ਭਾਈਚਾਰੇ ਵੱਲੋਂ ਆਮ ਆਦਮੀ ਪਾਰਟੀ ਦੀ ਪੂਰਨ ਤੌਰ 'ਤੇ ਪ੍ਰੈਸ ਕਵਰੇਜ ਨਾ ਕਰਨ ਦਾ ਐਲਾਨ ਵੀ ਕੀਤਾ ਗਿਆ। ਇਸ ਮੌਕੇ ਸੰਦੀਪ ਸਿੰਗਲਾ, ਰਾਜੇਸ਼ਵਰ ਪਿੰਟੂ, ਦਵਿੰਦਰ ਵਿੱਗ, ਰਤਨ ਭੰਡਾਰੀ ਸਮੇਤ ਵੱਡੀ ਗਿਣਤੀ 'ਚ ਪੱਤਰਕਾਰ ਭਾਈਚਾਰੇ ਨੇ ਸ਼ਿਰਕਤ ਕੀਤੀ।


cherry

Content Editor

Related News