ਢਾਬਾ ਕਤਲ ਕਾਂਡ : ਦੋਸ਼ੀਆਂ ਦੀ ਸ਼ਨਾਖ਼ਤ, ਗ੍ਰਿਫ਼ਤਾਰੀ ਜਲਦ

02/25/2020 11:32:34 AM

ਪਟਿਆਲਾ (ਬਲਜਿੰਦਰ): ਪੁਲਸ ਨੇ ਬੀਤੇ ਦਿਨੀਂ ਪਟਿਆਲਾ ਵਿਖੇ ਹੋਏ ਦੋਹਰੇ ਅੰਨ੍ਹੇ ਕਤਲ ਦੇ ਮਾਮਲੇ ਵਿਚ ਪਿਉ-ਪੁੱਤ ਦੀ ਸ਼ਨਾਖਤ ਦਾ ਦਾਅਵਾ ਕੀਤਾ ਹੈ। ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਦੋਵਾਂ ਦੀ ਗ੍ਰਿਫ਼ਤਾਰੀ ਵੀ ਜਲਦ ਕਰ ਲਈ ਜਾਵੇਗੀ। ਨਾਭਾ ਵਿਖੇ ਹੋਏ ਇਕ ਹੋਰ ਅੰਨ੍ਹੇ ਕਤਲ ਦੇ ਦੋਸ਼ ਵਿਚ ਵੀ ਇਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਪਟਿਆਲਾ ਪੁਲਸ ਨੇ 27 ਅੰਨ੍ਹੇ ਕਤਲਾਂ ਦੇ ਮਾਮਲੇ ਹੱਲ ਕਰਨ 'ਚ ਸਫ਼ਲਤਾ ਹਾਸਲ ਕਰ ਲਈ ਹੈ।

ਐੱਸ. ਐੱਸ. ਪੀ. ਸਿੱਧੂ ਨੇ ਜਾਣਕਾਰੀ ਦਿੱਤੀ ਕਿ 19 ਫਰਵਰੀ 2020 ਨੂੰ ਰਾਤ 10 ਵਜੇ ਪਟਿਆਲਾ ਦੇ 24 ਨੰਬਰ ਫਾਟਕ (ਨੇੜੇ ਮਜੀਠੀਆ ਐਨਕਲੇਵ) ਨੇੜਲੇ ਨੇਪਾਲੀ ਢਾਬਾ ਵਿਖੇ ਕੌਮੀ ਪੱਧਰ ਦੇ ਹਾਕੀ ਖਿਡਾਰੀ ਅਮਰੀਕ ਸਿੰਘ ਪੁੱਤਰ ਗੁਰਜੰਟ ਸਿੰਘ ਵਾਸੀ ਮਜੀਠੀਆ ਐਨਕਲੇਵ ਅਤੇ ਸਿਮਰਨਜੀਤ ਸਿੰਘ ਉਰਫ ਹੈਪੀ ਪੁੱਤਰ ਦਰਸ਼ਨ ਸਿੰਘ ਵਾਸੀ ਪ੍ਰਤਾਪ ਨਗਰ (ਦੋਵੇਂ ਬਿਜਲੀ ਬੋਰਡ ਦੇ ਕਰਮਚਾਰੀ) ਦਾ ਢਾਬੇ 'ਤੇ ਕਿਸੇ ਗੱਲ ਤੋਂ ਅਣਪਛਾਤੇ ਵਿਅਕਤੀਆਂ ਨਾਲ ਝਗੜਾ ਹੋ ਗਿਆ ਸੀ। ਇਨ੍ਹਾਂ ਦਾ ਅਣਪਛਾਤਿਆਂ 12 ਬੋਰ ਰਾਈਫਲ ਨਾਲ ਫਾਇਰ ਕਰ ਕੇ ਕਤਲ ਕਰ ਦਿੱਤਾ ਸੀ।ਇਸ ਸਬੰਧੀ ਥਾਣਾ ਸਿਵਲ ਲਾਈਨਜ਼ ਵਿਚ ਅਣਪਛਾਤੇ ਵਿਅਕਤੀਆਂ ਖਿਲਾਫ ਕਤਲ ਦਾ ਕੇਸ ਦਰਜ ਕੀਤਾ ਗਿਆ ਸੀ। ਇਸ ਦੋਹਰੇ ਕਤਲ ਕੇਸ ਨੂੰ ਹੱਲ ਕਰਨ ਲਈ ਐੱਸ. ਪੀ. ਸਿਟੀ ਵਰੁਣ ਸ਼ਰਮਾ, ਐੱਸ. ਪੀ. ਜਾਂਚ ਹਰਮੀਤ ਸਿੰਘ, ਡੀ. ਐੱਸ. ਪੀ. ਜਾਂਚ ਕ੍ਰਿਸ਼ਨ ਕੁਮਾਰ ਪੈਂਥੇ, ਡੀ. ਐੱਸ. ਪੀ. ਸਿਟੀ-1 ਯੋਗੇਸ਼ ਸ਼ਰਮਾ, ਇੰਚਾਰਜ ਸੀ. ਆਈ. ਏ. ਸਟਾਫ ਇੰਸਪੈਕਟਰ ਸ਼ਮਿੰਦਰ ਸਿੰਘ, ਐੱਸ. ਐੱਚ. ਓ ਥਾਣਾ ਸਿਵਲ ਲਾਈਨਜ਼ ਇੰਸਪੈਕਟਰ ਰਾਹੁਲ ਕੌਸ਼ਲ 'ਤੇ ਆਧਾਰਤ ਟੀਮ ਦਾ ਗਠਨ ਕੀਤਾ ਗਿਆ ਸੀ।

ਇਸ ਟੀਮ ਵੱਲੋਂ ਕੀਤੀ ਗਈ ਪੁੱਛਗਿੱਛ, ਪੜਤਾਲ ਅਤੇ ਮੋਬਾਇਲ ਫੋਰੈਂਸਿਕ ਟੀਮ ਦੇ ਮਾਹਰਾਂ ਵੱਲੋਂ ਵੀ ਸਬੂਤ ਇਕੱਠੇ ਕਰਨ ਮਗਰੋਂ ਇਹ ਸਾਹਮਣੇ ਆਇਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਅਣਪਛਾਤੇ ਵਿਅਕਤੀ ਢਾਬੇ ਦੇ ਨੇੜੇ-ਤੇੜੇ ਹੀ ਕਿਸੇ ਪੀ. ਜੀ. ਜਾਂ ਕਿਰਾਏ 'ਤੇ ਰਹਿ ਰਹੇ ਸਨ, ਜੋ ਕਿ ਢਾਬੇ 'ਤੇ ਖਾਣਾ ਖਾਣ ਲਈ ਆਏ ਸਨ। ਇਹ ਗੱਲ ਵੀ ਸਾਹਮਣੇ ਆਈ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੋਵੇਂ ਪਿਉ-ਪੁੱਤ ਹਨ। ਇਨ੍ਹਾਂ ਦੀ ਭਾਲ ਲਈ ਪ੍ਰਤਾਪ ਨਗਰ, ਮਜੀਠੀਆ ਐਨਕਲੇਵ ਅਤੇ ਮਾਡਲ ਟਾਊਨ ਆਦਿ ਏਰੀਆ ਦੇ ਪੀਜੀਜ਼ ਦੀ ਚੈਕਿੰਗ ਵੀ ਕੀਤੀ ਗਈ।ਐੱਸ. ਐੱਸ. ਪੀ. ਨੇ ਦੱਸਿਆ ਕਿ ਇਸ ਤਰ੍ਹਾਂ ਵਾਰਦਾਤ ਕਰਨ ਵਾਲੇ ਪਿਉ-ਪੁੱਤ ਦੀ ਪਛਾਣ ਕਰ ਲਈ ਗਈ ਹੈ, ਜੋ ਕਿ ਅਮਨਦੀਪ ਸਿੰਘ (45) ਅਤੇ ਉਸ ਦਾ ਪੁੱਤਰ ਮਨਰਾਜ ਸਿੰਘ ਸਰਾਓ ਹਨ। ਉਹ ਇਸ ਢਾਬੇ ਦੇ ਨੇੜੇ ਇਕ ਪੀ. ਜੀ. ਵਿਚ ਰਹਿੰਦੇ ਹਨ। ਹੁਣ ਇਨ੍ਹਾਂ ਦੀ ਗਿਫ਼ਤਾਰੀ ਲਈ ਪੁਲਸ ਦੀਆਂ ਸਪੈਸ਼ਲ ਟੀਮਾਂ ਵੱਲੋਂ ਮੋਹਾਲੀ, ਸੰਗਰੂਰ ਅਤੇ ਮਾਨਸਾ ਆਦਿ ਵਿਖੇ ਰੇਡਜ਼ ਕੀਤੀਆਂ ਜਾ ਰਹੀਆ ਹਨ। ਇਨ੍ਹਾਂ ਨੂੰ ਜਲਦ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਉਨ੍ਹਾਂ ਦੱਸਿਆ ਕਿ ਅਮਨਦੀਪ ਸਿੰਘ ਪੁੱਤਰ ਸੁਰਿੰਦਰ ਸਿੰਘ ਪਿੰਡ ਦੁਗਾਲ ਥਾਣਾ ਪਾਤੜਾਂ ਦਾ ਰਹਿਣ ਵਾਲਾ ਹੈ। ਹੁਣ ਸੈਕਟਰ-66 ਐੱਸ. ਏ. ਐੱਸ. ਨਗਰ ਮੋਹਾਲੀ ਵਿਖੇ ਰਹਿੰਦਾ ਹੈ। ਖੇਤੀਬਾੜੀ ਕਰਦਾ ਹੈ। ਇਸ ਦਾ ਲੜਕਾ ਮਨਰਾਜ ਸਿੰਘ ਸਰਾਓ ਪੜ੍ਹਦਾ ਹੈ ਅਤੇ ਨਾਲ ਹੀ ਟਰੈਪ ਸ਼ੂਟਿੰਗ (12 ਬੋਰ) ਗੇਮ ਵੀ ਕਰਦਾ ਹੈ ਜੋ ਕਿ ਇਕ ਵਧੀਆ ਟਰੈਪ ਸ਼ੂਟਰ ਹੈ। ਉਸ ਨੇ ਪਿਛਲੇ ਸਮੇਂ ਹੋਈ ਮਿਲਟਰੀ ਸ਼ੂਟ ਗੰਨ ਚੈਂਪੀਅਨਸ਼ਿੱਪ ਵਿਚ ਸੋਨ ਅਤੇ ਕਾਂਸੀ ਦਾ ਤਮਗਾ ਵੀ ਜਿੱਤਿਆ ਸੀ। ਉਹ ਪਟਿਆਲਾ ਵਿਖੇ ਟਰੇਨਿੰਗ ਲੈ ਰਿਹਾ ਸੀ। ਐੱਸ. ਐੱਸ. ਪੀ. ਸਿੱਧੂ ਨੇ ਦੱਸਿਆ ਕਿ ਅਮਨਦੀਪ ਸਿੰਘ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਹੈ। ਪਤੀ-ਪਤਨੀ ਵੱਖਰੇ ਰਹਿੰਦੇ ਹਨ। ਮਨਰਾਜ ਸਿੰਘ ਸਰਾਓ ਆਪਣੇ ਪਿਤਾ ਨਾਲ ਰਹਿੰਦਾ ਹੈ।

ਐੱਸ. ਐੱਸ. ਪੀ ਨੇ ਦੱਸਿਆ ਕਿ ਨਾਭਾ ਵਿਖੇ 21 ਫਰਵਰੀ 2020 ਨੂੰ ਗੁਰਦੁਆਰਾ ਅਕਾਲਗੜ੍ਹ ਸਾਹਿਬ ਨੇੜੇ ਅਮਨਦੀਪ ਸਿੰਘ ਪੁੱਤਰ ਭਗਤ ਸਿੰਘ ਵਾਸੀ ਬੈਂਕ ਸਟਰੀਟ ਨਾਭਾ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਮੁਢਲੇ ਸਮੇਂ ਕਿਸੇ 'ਤੇ ਸ਼ੱਕ ਨਾ ਹੋਣ ਕਰ ਕੇ ਕਾਰਵਾਈ ਕੀਤੀ ਗਈ ਸੀ।
ਐੱਸ. ਐਸ. ਪੀ. ਨੇ ਦੱਸਿਆ ਕਿ ਇਸ ਮਾਮਲੇ ਦੀ ਵੀ ਡੂੰਘਾਈ ਨਾਲ ਪੜਤਾਲ ਕਰਨ 'ਤੇ ਪਤਾ ਲੱਗਾ ਕਿ ਮ੍ਰਿਤਕ ਅਮਨਦੀਪ ਸਿੰਘ ਅਤੇ ਧਰਮਜੀਤ ਸਿੰਘ ਪੁੱਤਰ ਉਦੈ ਪਾਲ ਸਿੰਘ ਵਾਸੀ (ਨੇੜੇ ਵ੍ਹਾਈਟ ਹਾਊਸ) ਹੀਰਾ ਮਹਿਲ ਨਾਭਾ ਦੋਵੇਂ ਦੋਸਤ ਸਨ। ਇਨ੍ਹਾਂ ਦਾ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਝਗੜਾ ਚਲਦਾ ਸੀ। ਧਰਮਜੀਤ ਸਿੰਘ ਨੇ ਅਮਨਦੀਪ ਸਿੰਘ ਦੇ ਲਾਇਸੰਸੀ ਰਿਵਾਲਵਰ ਨਾਲ ਹੀ ਉਸ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਐੱਸ. ਐੱਸ. ਪੀ. ਸਿੱਧੂ ਨੇ ਦੱਸਿਆ ਕਿ ਅਮਨਦੀਪ ਸਿੰਘ ਦੇ ਹੋਏ ਅੰਨ੍ਹੇ ਕਤਲ ਨੂੰ ਪਟਿਆਲਾ ਪੁਲਸ ਵੱਲੋਂ ਟਰੇਸ ਕਰ ਕੇ ਦੋਸ਼ੀ ਧਰਮਜੀਤ ਸਿੰਘ ਪੁੱਤਰ ਉਦੈ ਪਾਲ ਸਿੰਘ ਨੂੰ 23 ਫਰਵਰੀ ਨੂੰ ਗ੍ਰਿਫਤਾਰ ਕਰ ਕੇ ਇਸ ਅੰਨ੍ਹੇ ਕਤਲ ਨੂੰ ਟਰੇਸ ਕੀਤਾ ਗਿਆ ਹੈ।


Shyna

Content Editor

Related News