ਅਣਪਛਾਤੇ ਵਾਹਨ ਨੇ ਸ਼ਰਧਾਲੂ ਨੂੰ ਮਾਰੀ ਟੱਕਰ, ਮੌਤ

01/20/2020 7:06:23 PM

ਅਬੋਹਰ,(ਸੁਨੀਲ)- ਮਹਾਰਾਸ਼ਟਰ ਤੋਂ ਧਾਰਮਕ ਯਾਤਰਾਵਾਂ ’ਤੇ ਨਿਕਲੇ ਕੁਝ ਸ਼ਰਧਾਲੂਆਂ ਦਾ ਜਥਾ ਬੀਤੀ ਰਾਤ ਜਦ ਰਾਜਸਥਾਨ ਦੇ ਮੰਦਰਾਂ ਲਈ ਰਵਾਨਾ ਹੋਇਆ ਤਾਂ ਖੂਈਆਂ ਸਰਵਰ ਨੇਡ਼ੇ ਇਕ ਸ਼ਰਧਾਲੂ ਨੂੰ ਬਾਥਰੂਮ ਕਰਨ ਸਮੇਂ ਇਕ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਉਸ ਦੀ ਦਰਦਨਾਕ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਜ਼ਿਲਾ ਰਾਏਗਡ਼੍ਹ ਦੀ ਤਹਿਸੀਲ ਖਾਲਾਪੁਰ ਦੇ 18 ਲੋਕ ਟੈਂਪੂ ਟ੍ਰੇਲਰਜ਼ ’ਤੇ ਦੇਸ਼ ਭਰ ਦੇ ਧਾਰਮਕ ਅਸਥਾਨਾਂ ਦੇ ਦਰਸ਼ਨਾਂ ਲਈ 10 ਜਨਵਰੀ ਨੂੰ ਰਵਾਨਾ ਹੋਏ। ਬੀਤੇ ਦਿਨੀਂ ਅੰਮ੍ਰਿਤਸਰ ’ਚ ਦਰਸ਼ਨ ਕਰਨ ਤੋਂ ਬਾਅਦ ਇਹ ਲੋਕ ਬੀਕਾਨੇਰ ਲਈ ਰਵਾਨਾ ਹੋਏ ਸੀ ਕਿ ਜਦ ਇਨ੍ਹਾਂ ਦੀ ਗੱਡੀ ਰਾਤ ਕਰੀਬ 11 ਵਜੇ ਖੂਈਆਂ ਸਰਵਰ ਨੇਡ਼ੇ ਪਹੁੰਚੀ ਤਾਂ ਗੱਡੀ ’ਚ ਸਵਾਰ 34 ਸਾਲਾ ਰਾਮੇਸ਼ ਮਾਲਕਰ ਪੁੱਤਰ ਰਾਮ ਮਾਲਕਰ ਬਾਥਰੂਮ ਲਈ ਉਤਰਿਆ। ਇਸੇ ਦੌਰਾਨ ਕਿਸੇ ਅਣਪਛਾਤੇ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਦ ਉਸ ਦੇ ਹੋਰ ਸਾਥੀ ਮੌਕੇ ’ਤੇ ਪਹੁੰਚੇ ਤਾਂ ਇੰਨੇ ’ਚ ਰਾਮੇਸ਼ ਦੀ ਮੌਤ ਹੋ ਚੁੱਕੀ ਸੀ। ਸੂਚਨਾ ਮਿਲਣ ’ਤੇ ਨਰ ਸੇਵਾ ਸੰਮਤੀ ਦੇ ਮੈਂਬਰ ਮੌਕੇ ’ਤੇ ਪਹੁੰਚੇ ਅਤੇ ਉਸ ਦੀ ਲਾਸ਼ ਨੂੰ ਹਸਪਤਾਲ ਮੋਰਚਰੀ ’ਚ ਰਖਵਾਉਂਦੇ ਹੋਏ ਥਾਣਾ ਖੂਈਆਂ ਸਰਵਰ ਦੀ ਪੁਲਸ ਨੂੰ ਸੂਚਨਾ ਦਿੱਤੀ ਅਤੇ ਮ੍ਰਿਤਕ ਦੇ ਹੋਰ ਸਾਥੀਆਂ ਦੇ ਠਹਿਰਾਅ ਅਤੇ ਖਾਣ-ਪੀਣ ਦਾ ਪ੍ਰਬੰਧ ਕੀਤਾ। ਇਧਰ ਅੱਜ ਸਵੇਰੇ ਖੂਈਆਂ ਸਰਵਰ ਦੀ ਪੁਲਸ ਦੇ ਏ.ਐੱਸ.ਆਈ. ਰਾਮ ਸਵਰੂਪ ਨੇ ਮ੍ਰਿਤਕ ਦੇ ਚਾਚੇ ਦੇ ਪੁੱਤਰ ਹਰੀਰਾਮ ਦੇ ਬਿਆਨ ਦੇ ਆਧਾਰ ’ਤੇ ਅਣਪਛਾਤੇ ਵਾਹਨ ਚਾਲਕ ’ਤੇ ਪਰਚਾ ਦਰਜ ਕਰ ਲਿਆ ਹੈ। ਦੱਸਿਆ ਜਾਂਦਾ ਹੈ ਕਿ ਮ੍ਰਿਤਕ ਇਕ ਬੱਚੇ ਦਾ ਪਿਤਾ ਸੀ।

Bharat Thapa

This news is Content Editor Bharat Thapa