ਹੋਰ ਤੇਜ਼ ਹੋਵੇਗਾ ਮਾਨਸਾ ਦੇ ਪਿੰਡਾਂ ਦਾ ਵਿਕਾਸ : ਚੇਅਰਮੈਨ ਮੋਫਰ

06/01/2020 1:21:41 PM

ਮਾਨਸਾ(ਮਿੱਤਲ) - ਜਿਲ੍ਹਾ ਪ੍ਰੀਸ਼ਦ ਮਾਨਸਾ ਨੇ ਪਿੰਡਾਂ ਦੇ ਪੰਚਾਂ-ਸਰਪੰਚਾਂ ਨਾਲ ਮੀਟਿੰਗ ਕਰਕੇ ਯੋਜਨਾ ਬਣਾਈ ਹੈ ਕਿ ਉਹ ਆਪਣੇ ਪਿੰਡਾਂ ਵਿਚ ਵਿਕਾਸ ਗਤੀ ਨੂੰ ਤੇਜ਼ੀ ਦੇਣ ਅਤੇ ਪਿੰਡਾਂ ਨੂੰ ਸੋਹਣਾ ਅਤੇ ਹਰ-ਭਰਾ ਬਣਾਉਣ ਲਈ ਪਾਰਕ, ਸਟੇਡੀਅਮ ਆਦਿ ਦਾ ਨਵੇਂ ਸਿਰਿਓ ਨਿਰਮਾਣ ਕੀਤਾ ਜਾਵੇ। ਜਿਲ੍ਹਾ ਪ੍ਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਆਪਣੇ ਦਫਤਰ ਵਿਖੇ ਵੱਖ-ਵੱਖ ਪਿੰਡਾਂ ਦੇ ਪੰਚਾਂ-ਸਰਪੰਚਾਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਕੋਰੋਨਾ ਮਹਾਮਾਰੀ ਦੇ ਸੰਕਟ ਤੋਂ ਬਾਅਦ ਪਿੰਡਾਂ ਵਿਚ ਵਿਕਾਸ ਗਤੀ ਦੀ ਨਵੀਂ ਯੋਜਨਾ ਲੈ ਕੇ ਆ ਰਹੀ ਹੈ। ਜਿਸ ਵਾਸਤੇ ਰੂਪ ਰੇਖਾ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੀਆਂ ਗ੍ਰਾਮ ਪੰਚਾਇਤਾਂ, ਕਲੱਬ, ਸੰਗਠਨ ਅਤੇ ਹੋਰ ਮੋਹਤਬਰ ਵਿਅਕਤੀ ਆਪੋ-ਆਪਣੇ ਪਿੰਡਾਂ ਲਈ ਸਿਰ ਤੋੜ ਯਤਨ ਕਰਨ ਅਤੇ ਇਸ ਵਿਕਾਸ ਕੰਮ ਵਿਚ ਸਰਕਾਰ ਦੇ ਮੋਢੇ ਨਾਲ ਮੋਢਾ ਲਾ ਕੇ ਚੱਲਣ। ਉਨ੍ਹਾਂ ਵਾਅਦਾ ਕੀਤਾ ਕਿ ਸਰਕਾਰ ਵੱਲੋਂ ਕਿਸੇ ਵੀ ਪਿੰਡ ਵਿਚ ਵਿਕਾਸ ਗ੍ਰਾਂਟ ਦੀ ਕੋਈ ਘਾਟ ਨਹੀਂ ਆਉਣ ਦਿੱਤਾ ਜਾਵੇਗੀ।  ਬਿਕਰਮ ਸਿੰਘ ਮੋਫਰ ਨੇ ਕਿਹਾ ਕਿ ਸਰਕਾਰ ਪਿੰਡਾਂ ਅਤੇ ਸ਼ਹਿਰਾਂ ਦੇ ਹਰ ਤਰ੍ਹਾਂ ਦੇ ਵਿਕਾਸ ਨੂੰ ਲੈ ਕੇ ਯਤਨਸ਼ੀਲ ਹੈ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੜੀ ਸਮਝਦਾਰੀ ਨਾਲ ਕੋਰੋਨਾ ਮਹਾਮਾਰੀ ਨਾਲ ਨਿੱਜਿਠਆ ਹੈ। ਅੱਜ ਪੰਜਾਬ ਇਸ ਮਿਸ਼ਨ ਵਿੱਚੋਂ ਤੰਦਰੁਸਤ ਮਿਸ਼ਨ ਬਣ ਕੇ ਅੱਗੇ ਨਿਕਲਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਰੁਜਗਾਰ, ਪ੍ਰਵਾਸੀ ਮਜਦੂਰਾਂ ਲਈ ਧੰਦੇ, ਛੋਟੇ ਉਦਯੋਗ ਅਤੇ ਹੋਰ ਕਾਰੋਬਾਰੀਆਂ ਨੂੰ ਤਰਜੀਹ ਦੇਣ ਤੇ ਲੱਗੀ ਹੋਈ ਹੈ। ਹੌਲੀ-ਹੌਲੀ ਸਰਕਾਰ ਵੱਲੋਂ ਸਾਰੀਆਂ ਦਰਪੇਸ਼ ਮੁਸ਼ਕਿਲਾਂ ਹੱਲ ਕਰ ਲਈਆਂ ਜਾਣਗੀਆਂ। ਬਿਕਰਮ ਮੋਫਰ ਨੇ ਪੰਚਾਂ-ਸਰਪੰਚਾਂ ਨੂੰ ਦੱਸਿਆ ਕਿ ਮਾਨਸਾ ਜਿਲ੍ਹੇ ਅੰਦਰ ਦਰਜਨਾਂ ਪਿੰਡਾਂ ਵਿਚ ਪਾਰਕ ਅਤੇ ਖੇਡ ਸਟੇਡੀਅਮ, ਜਿੰਮ ਆਦਿ ਬਣਾਏ ਜਾ ਚੁੱਕੇ ਹਨ। ਹੁਣ ਪਿੰਡਾਂ ਦੀਆਂ ਗਲੀਆਂ-ਨਾਲੀਆਂ, ਸੜਕਾਂ, ਆਧੁਨਿਕ ਬੱਸ ਸਟੈਂਡ ਅਤੇ ਹੋਰ ਵਿਕਾਸ ਯੋਜਨਾਵਾਂ ਪਹਿਲ ਦੇ ਅਧਾਰ ਤੇ ਵਿਚਾਰੀਆਂ ਗਈਆਂ ਹਨ। ਆਉਂਦੇ ਸਮੇਂ ਵਿਚ ਇਹ ਸਾਰੀਆਂ ਯੋਜਨਾਵਾਂ ਮੁੰਕਮਲ ਕਰ ਲਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਸਰਕਾਰ ਮਾਨਸਾ ਦੇ ਪਿੰਡਾਂ ਦੇ ਵਿਕਾਸ ਲਈ ਕਰੋੜਾਂ ਰੁਪਏ ਦਾ ਬਜਟ ਦੇ ਚੁੱਕੀ ਹੈ ਅਤੇ ਅੱਗੇ ਤੋਂ ਵੀ ਇਸ ਤਰ੍ਹਾਂ ਦੀਆਂ ਯੋਜਨਾਵਾਂ ਨਾਲ ਪਿੰਡਾਂ ਦਾ ਵਿਕਾਸ ਤੇਜ ਗਤੀ ਫੜੇਗਾ। ਇਸ ਮੌਕੇ ਬਲਾਕ ਸੰਮਤੀ ਮਾਨਸਾ ਦੇ ਚੇਅਰਮੈਨ ਜਗਚਾਨਣ ਸਿੰਘ, ਸੁਪਰਡੈਂਟ ਪਵਨ ਕੁਮਾਰ, ਮਨਰੇਗਾ ਦੇ ਜਿਲ੍ਹਾ ਕੋਆਡੀਨੇਟਰ ਮਨਦੀਪ ਸਿੰਘ, ਸਰਪੰਚ ਪੋਲੋਜੀਤ ਸਿੰਘ ਬਾਜੇਵਾਲਾ, ਪੰਚਾਇਤ ਯੂਨੀਅਨ ਬਲਾਕ ਮਾਨਸਾ ਦੇ ਪ੍ਰਧਾਨ ਸਰਪੰਚ ਜਗਦੀਪ ਸਿੰਘ ਬੁਰਜ ਢਿੱਲਵਾਂ, ਸਰਪੰਚ ਸੁੱਖੀ ਭੰਮੇ, ਪੰਚਾਇਤ ਯੂਨੀਅਨ ਬਲਾਕ ਝੁਨੀਰ ਦੇ ਪ੍ਰਧਾਨ ਸਰਪੰਚ ਗੁਰਵਿੰਦਰ ਸਿੰਘ ਪੰਮੀ ਰਾਏਪੁਰ, ਸੰਦੀਪ ਸਿੰਘ ਭੰਗੂ, ਰਣਵੀਰ ਸਿੰਘ ਗੋਬਿੰਦਪੁਰਾ, ਜਗਸੀਰ ਸਿੰਘ ਬਰਨਾਲਾ ਤੋਂ ਇਲਾਵਾ ਹੋਰ ਵੀ ਪਤਵੰਤੇ ਸੱਜਣ ਮੌਜੂਦ ਸਨ। 
 


Harinder Kaur

Content Editor

Related News