ਡਿਪਟੀ ਕਮਿਸ਼ਨਰ ਨੇ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ

10/01/2019 11:24:07 PM

ਮਾਨਸਾ, (ਮਿੱਤਲ): ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਇਸ ਸੀਜ਼ਨ ਝੋਨੇ ਦੀ ਨਿਰਵਿਘਨ ਖਰੀਦ ਕਰਵਾਉਣ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ। ਮਾਨਸਾ ਜ਼ਿਲ੍ਹੇ ਦੀਆਂ ਮੰਡੀਆਂ ਵਿਚ 7.12 ਲੱਖ ਮੀਟਰਿਕ ਟਨ ਝੋਨੇ ਦੀ ਆਮਦ ਹੋਣ ਦੀ ਉਮੀਦ ਹੈ।
ਇਨਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਜ਼ਿਲ੍ਹੇ ’ਚ ਝੋਨੇ ਦੀ ਖਰੀਦ ਦੇ ਪ੍ਰਬੰਧਾਂ ਦੀ ਨਿਗਰਾਨੀ ਕਰਨ ਲਈ ਅੱਜ ਬੁਲਾਈ ਗਈ ਇਕ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ 115 ਅਨਾਜ ਮੰਡੀਆਂ ਹਨ ਜਿਨ੍ਹਾਂ ’ਚ 107 ਸਾਉਣੀ ਦੇ ਸੀਜ਼ਨ ਲਈ ਚੱਲ ਰਹੀਆਂ ਹਨ।  ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਅਨਾਜ ਮੰਡੀਆਂ ’ਚ ਆਪਣੀ ਫਸਲ ਲਿਆਉਣ ਵਾਲੇ ਕਿਸਾਨਾਂ ਨੂੰ ਮੁੱਢਲੀਆਂ ਸਹੂਲਤਾਂ ਦੀ ਉਪਲਬਧਤਾ ਦੇ ਮਾਮਲੇ ’ਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਨਾ ਹੋਵੇ।
ਉਨ੍ਹਾਂ ਅੱਗੇ ਕਿਹਾ ਕਿ ਵੱਖ-ਵੱਖ ਖਰੀਦ ਏਜੰਸੀਆਂ ਨੂੰ ਪਹਿਲਾਂ ਹੀ ਸਬੰਧਤ ਅਨਾਜ ਮੰਡੀਆਂ ਅਲਾਟ ਕੀਤੀਆਂ ਜਾ ਚੁੱਕੀਆਂ ਹਨ।  ਸਾਰੀਆਂ ਅਨਾਜ ਮੰਡੀਆਂ ਲਈ ਡਿਊਟੀ ਅਧਿਕਾਰੀ ਵੀ ਅਲਾਟ ਕੀਤੇ ਗਏ ਹਨ।  ਇਸ ਤੋਂ ਇਲਾਵਾ ਲੋੜੀਂਦੇ ਬਾਰਦਾਨੇ ਉਪਲਬਧ ਕਰਵਾਏ ਗਏ ਹਨ ਅਤੇ ਇਸੇ ਤਰਾਂ ਖਰੀਦ ਕੀਤੇ ਗਏ ਅਨਾਜ ਦੀ ਢੋਆ ਢੁਆਈ ਲਈ ਪ੍ਰਬੰਧ ਕੀਤੇ ਗਏ ਹਨ।
ਉਨ੍ਹਾਂ  ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਯਕੀਨੀ ਬਣਾਉਣ ਕਿ ਉਹ ਆਪਣੀ ਫਸਲ ਨੂੰ ਚੰਗੀ ਤਰ੍ਹਾਂ ਸੁੱਕਣ ਤੋਂ ਬਾਅਦ ਹੀ ਮੰਡੀ ’ਚ ਲਿਆਉਣ ਤਾਂ ਜੋ ਫਸਲ ’ਚ ਨਮੀਂ ਦੀ ਮਾਤਰਾ ਨਿਰਧਾਰਤ ਸੀਮਾਂ ਤੋਂ ਵੱੱਧ ਨਾ ਹੋਵੇ।
ਇਸ ਮੌਕੇ ਐਸ.ਡੀ.ਐਮ. ਬੁਢਲਾਡਾ ਸ੍ਰੀ ਆਦਿੱਤਯ ਡੇਚਲਵਾਲ, ਐਸ.ਡੀ.ਐਮ. ਮਾਨਸਾ ਸ੍ਰੀਮਤੀ ਸਰਬਜੀਤ ਕੌਰ, ਐਸ.ਪੀ. (ਡੀ) ਸ੍ਰੀ ਸੁਰਿੰਦਰ ਸਿੰਘ ਸ਼ਰਮਾ, ਜ਼ਿਲ੍ਹਾ ਮੰਡੀ ਅਫਸਰ ਸ੍ਰੀ ਦਰਸ਼ਨ ਕੁਮਾਰ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ੍ਰੀਮਤੀ ਮਧੂ ਗੋਇਲ, ਡੀ.ਐਮ. ਪਨਸਪ ਸ੍ਰੀ ਅਮਿਤ ਲੂਥਰਾ, ਡੀ.ਐਮ. ਪੰਜਾਬ ਵੇਅਰਹਾਊਸ ਸ੍ਰੀ ਪੁਸ਼ਪਿੰਦਰ ਸਿੰਘ, ਡੀ.ਐਮ. ਮਾਰਕਫੈਡ ਸ੍ਰੀ ਵਿਨੋਦ ਗੋਇਲ ਅਤੇ ਵੱਖ-ਵੱਖ ਮਾਰਕਿਟ ਕਮੇਟੀਆਂ ਦੇ ਸਕੱਤਰ ਮੌਜੂਦ ਸਨ।


Bharat Thapa

Content Editor

Related News