ਕਣਕ ਦੇ ਨਾੜ ਨੂੰ ਅੱਗ ਲਾਉਣ ਵਾਲਿਆਂ ਵਿਰੁੱਧ ਹੁਣ ਤੱਕ 133 FIR ਦਰਜ: ਡਿਪਟੀ ਕਮਿਸ਼ਨਰ

05/26/2020 9:06:07 PM

ਸੰਗਰੂਰ,(ਸਿੰਗਲਾ) : ਕਿਸਾਨਾਂ ਵੱਲੋਂ ਕਣਕ ਦੀ ਫਸਲ ਦੀ ਕਟਾਈ ਤੇ ਤੂੜੀ ਬਣਾਉਣ ਤੋਂ ਬਾਅਦ ਰਹਿ ਜਾਂਦੇ ਨਾੜ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਖਤੀ ਕਰ ਦਿੱਤੀ ਗਈ ਹੈ ਤੇ ਜ਼ਿਲ੍ਹੇ ਵਿੱਚ ਹੁਣ ਤੱਕ 133 ਐਫ.ਆਈ.ਆਰ ਦਰਜ ਕੀਤੀਆਂ ਜਾ ਚੁੱਕੀਆਂ ਹਨ ਤੇ ਇਸ ਸੰਬੰਧ ਵਿੱਚ ਸਬ ਡਵੀਜ਼ਨਲ ਟੀਮਾਂ ਵੱਲੋਂ ਲਗਾਤਾਰ ਦੌਰੇ ਕੀਤੇ ਜਾ ਰਹੇ ਹਨ। ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਜ਼ਿਲ੍ਹੇ 'ਚ ਕਣਕ ਦੇ ਨਾੜ ਨੂੰ ਅੱਗ ਲਾਉਣ ਦੇ ਸਬੰਧ ਵਿੱਚ ਹੁਣ ਤੱਕ 85,5000 ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਥੋਰੀ ਨੇ ਦੱਸਿਆ ਕਿ ਨਾੜ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਗਠਿਤ ਟੀਮਾਂ ਵੱਲੋਂ ਨਾੜ ਨੂੰ ਅੱਗ ਲਾਉਣ ਦੇ ਕੇਸਾਂ ਦੀ ਲਗਾਤਾਰ ਮੌਨੀਟਰਿੰਗ ਕੀਤੀ ਜਾ ਰਹੀ ਹੈ ਤੇ ਇੰਨਾਂ ਟੀਮਾਂ ਵੱਲੋਂ ਪਿਛਲੇ 48 ਘੰਟਿਆਂ ਦੌਰਾਨ 595 ਘਟਨਾ ਵਾਲੀਆਂ ਥਾਵਾਂ ਦਾ ਦੌਰਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ 275 ਮਾਮਲਿਆਂ ਵਿੱਚ ਖਸਰਾ ਗਿਰਦਾਵਰੀ ਵਿਚ ਲਾਲ ਸਿਆਹੀ ਨਾਲ ਇੰਦਰਾਜ ਕੀਤਾ ਗਿਆ ਹੈ। ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਕਣਕ ਦੀ ਨਾੜ ਨੂੰ ਅੱਗ ਨਾ ਲਗਾਉਣ ਤਾਂ ਕਿ ਵਾਤਾਵਰਣ ਨੂੰ ਦੂਸ਼ਿਤ ਹੋਣ ਅਤੇ ਮਿੱਟੀ ਵਿਚਲੇ ਖ਼ੁਰਾਕੀ ਤੱਤਾਂ ਨੂੰ ਖ਼ਤਮ ਹੋਣ ਤੋਂ ਬਚਾਇਆ ਜਾ ਸਕੇ।


Deepak Kumar

Content Editor

Related News