ਦੀਵੇ ਥੱਲੇ ਹਨੇਰਾ, ਪੋਸ਼ਣ ਅਭਿਆਨ ਦਾ ਢੰਡੋਰਾ ਪਿੱਟਣ ਵਾਲਾ ਮਹਿਕਮਾ ਆਂਗਣਵਾੜੀ ਸੈਂਟਰਾਂ ’ਚ ਭੇਜ ਰਿਹੈ ਖ਼ਰਾਬ ਨਿਊਟਰੀ

09/21/2021 1:27:07 AM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ,ਪਵਨ ਤਨੇਜਾ)- ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋਂ ਪੋਸ਼ਣ ਅਭਿਆਨ ਚਲਾਇਆ ਜਾ ਰਿਹਾ ਹੈ ਤੇ ਸੂਬੇ ਅੰਦਰ ਆਈ. ਸੀ. ਡੀ. ਸਕੀਮ ਅਧੀਨ ਚਲਾਏ ਜਾ ਰਹੇ ਲਗਭਗ 27 ਹਜ਼ਾਰ ਆਂਗਣਵਾੜੀ ਸੈਂਟਰਾਂ ’ਚ ਔਰਤਾਂ ਨਾਲ ਮੀਟਿੰਗਾਂ ਕਰ ਕੇ ਉਨ੍ਹਾਂ ਨੂੰ ਪੋਸ਼ਣ ਅਭਿਆਨ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ ਤੇ ਦੱਸਿਆ ਜਾ ਰਿਹਾ ਹੈ ਕਿ ਸਾਫ਼-ਸੁਥਰਾ ਭੋਜਨ ਖਾਣਾ ਚਾਹੀਦਾ ਹੈ। ਸਰਕਾਰ ਤੇ ਵਿਭਾਗ ਵੱਲੋਂ ਇਸ ਮੁਹਿੰਮ ਤਹਿਤ ਕਾਫ਼ੀ ਖ਼ਰਚਾ ਵੀ ਕੀਤਾ ਜਾ ਰਿਹਾ ਹੈ ਪਰ ਦੀਵੇ ਥੱਲੇ ਹਨੇਰੇ ਵਾਲੀ ਗੱਲ ਬਿਲਕੁਲ ਸਹੀ ਸਾਬਤ ਹੋ ਰਹੀ ਹੈ। ਲੋਕਾਂ ਨੂੰ ਜਾਗਰੂਕ ਕਰਨ ਵਾਲਾ ਇਹ ਮਹਿਕਮਾ ਆਂਗਣਵਾੜੀ ਸੈਂਟਰਾਂ ਦੇ ਲਾਭਪਾਤਰੀਆਂ ਲਈ ਖ਼ੁਦ ਸੜੀ ਹੋਈ ਤੇ ਖਰਾਬ ਨਿਊਟਰੀ ਭੇਜ ਰਿਹਾ ਹੈ। ਇਸ ਦੀ ਮਿਸਾਲ ਸ੍ਰੀ ਮੁਕਤਸਰ ਸਾਹਿਬ ਖ਼ੇਤਰ ’ਚ ਚੱਲ ਰਹੇ ਕੁੱਝ ਆਂਗਣਵਾੜੀ ਸੈਂਟਰਾਂ ’ਚ ਵੇਖਣ ਨੂੰ ਮਿਲੀ ਹੈ।

ਇਹ ਖ਼ਬਰ ਪੜ੍ਹੋ- ਮੈਦਾਨ ਤੋਂ ਬਾਹਰ ਸੱਦੇ ਜਾਣ 'ਤੇ ਨਿਰਾਸ਼ ਦਿਖੇ ਮੇਸੀ


ਜ਼ਿਕਰਯੋਗ ਹੈ ਕਿ ਕੁੱਝ ਮਹੀਨੇ ਪਹਿਲਾਂ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਕਈ ਆਂਗਣਵਾੜੀ ਸੈਂਟਰਾਂ ’ਚ ਉਕਤ ਵਿਭਾਗ ਨੇ ਖ਼ਰਾਬ ਖੰਡ ਭੇਜ ਦਿੱਤੀ ਸੀ ਤੇ ਫਿਰ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਰੌਲਾ ਪਾਉਣ ਕਰਕੇ ਖੰਡ ਨੂੰ ਸੈਂਟਰਾਂ ’ਚੋਂ ਚੁਕਵਾ ਕੇ ਹੋਰ ਖੰਡ ਭੇਜੀ ਗਈ ਸੀ। ਕਈ ਵਾਰ ਚੌਲ ਤੇ ਕਣਕ ਵੀ ਮਾੜੀ ਭੇਜ ਦਿੱਤੀ ਜਾਂਦੀ ਰਹੀ ਹੈ। ਹੈਰਾਨੀ ਭਰੀ ਗੱਲ ਹੈ ਕਿ ਜੋ ਨਿਊਟਰੀ ਖਾਣ ਲਈ ਆਂਗਣਵਾੜੀ ਸੈਂਟਰਾਂ ’ਚ ਹੁਣ ਭੇਜੀਆਂ ਗਈਆਂ ਹਨ ਉਹ ਤਾਂ ਬੇਹੱਦ ਖ਼ਰਾਬ ਹਨ, ਜੋ ਮਹਿਕਮੇ ਦੀ ਵੱਡੀ ਲਾਪ੍ਰਵਾਹੀ ਦਰਸਾਉਂਦਾ ਹੈ। ਗਲਤੀ ਸਬੰਧਿਤ ਵਿਭਾਗ ਦੀ ਹੈ ਪਰ ਖਮਿਆਜ਼ਾ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਭੁਗਤਣਾ ਪੈ ਰਿਹਾ ਹੈ ।

ਇਹ ਖ਼ਬਰ ਪੜ੍ਹੋ-ਇਹ ਵਨ ਡੇ ਵਿਸ਼ਵ ਕੱਪ ਦੇ ਲਈ ਸਰਵਸ੍ਰੇਸ਼ਠ ਤਿਆਰੀ ਹੋਵੇਗੀ : ਮਿਤਾਲੀ

ਕਿਹੜੇ-ਕਿਹੜੇ ਸੈਂਟਰਾਂ ’ਚ ਆਈਆਂ ਹਨ ਖ਼ਰਾਬ ਨਿਊਟਰੀ
ਸ੍ਰੀ ਮੁਕਤਸਰ ਸਾਹਿਬ ਖ਼ੇਤਰ ਦੇ ਜਿਨ੍ਹਾਂ ਆਂਗਣਵਾੜੀ ਸੈਂਟਰਾਂ ’ਚ ਮਹਿਕਮੇ ਨੇ ਲਾਭਪਾਤਰੀਆਂ ਲਈ ਖ਼ਰਾਬ ਨਿਊਟਰੀ ਭੇਜੀ ਹੈ, ਉਨ੍ਹਾਂ ’ਚ 5 ਆਂਗਣਵਾੜੀ ਸੈਂਟਰ ਤਾਂ ਇਕੱਲੇ ਥਾਂਦੇਵਾਲਾ ਪਿੰਡ ਦੇ ਹੀ ਹਨ। ਪਿੰਡ ਸੰਗੂਧੌਣ ਦੇ 2, ਰਹੂੜਿਆਂ ਵਾਲੀ ਦੇ 1, ਵਾਰਡ ਨੰਬਰ-5 ਅਤੇ 16 ਦੇ ਸੈਂਟਰਾਂ ’ਚ ਵੀ ਨਿਊਟਰੀ ਖ਼ਰਾਬ ਹੀ ਪਹੁੰਚੀ ਹੈ। ਵੱਖ-ਵੱਖ ਸੈਂਟਰਾਂ ਦੀਆਂ ਇੰਚਾਰਜਾਂ ਛਿੰਦਰਪਾਲ ਕੌਰ ਥਾਂਦੇਵਾਲਾ, ਅੰਮ੍ਰਿਤਪਾਲ ਕੌਰ ਥਾਂਦੇਵਾਲਾ, ਅਜੀਤ ਕੌਰ, ਭਿੰਦਰ ਕੌਰ, ਪੁਸ਼ਪਾ ਰਾਣੀ, ਪਰਮਜੀਤ ਕੌਰ ਬਾਵਾ, ਕ੍ਰਿਸ਼ਨਾ ਰਾਣੀ, ਗੁਰਮੇਲ ਕੌਰ ਸੰਗੂਧੌਣ ਤੇ ਜਸਵੀਰ ਕੌਰ ਸੰਗੂਧੌਣ ਨੇ ਕਿਹਾ ਹੈ ਕਿ ਮਹਿਕਮੇ ਦੇ ਉੱਚ ਅਧਿਕਾਰੀ ਇਸ ਮਾਮਲੇ ਦੀ ਪੜਤਾਲ ਕਰਵਾਉਣ। ਉਨ੍ਹਾਂ ਕਿਹਾ ਕਿ ਅਜੇ ਹੋਰ ਆਂਗਣਵਾੜੀ ਸੈਂਟਰਾਂ ’ਚੋਂ ਵੇਰਵੇ ਇਕੱਠੇ ਕੀਤੇ ਜਾ ਰਹੇ ਹਨ।
‘‘ਮਹਿਕਮੇ ਦੇ ਅਧਿਕਾਰੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਰਹੇ ਹਨ ਤੇ ਕੋਈ ਪੁੱਛਣ ਦੱਸਣ ਵਾਲਾ ਨਹੀਂ। ਅਜਿਹਾ ਮਾੜਾ ਤੇ ਘਟੀਆ ਰਾਸ਼ਨ ਖਾ ਕੇ ਲੋਕਾਂ ਨੇ ਬੀਮਾਰ ਹੀ ਹੋਣਾ ਹੈ। ਜਿਨ੍ਹਾਂ ਅਧਿਕਾਰੀਆਂ ਨੇ ਇਹ ਖਰਾਬ ਨਿਊਟਰੀ ਖ਼ਰੀਦੀਆਂ ਹਨ, ਉਨ੍ਹਾਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਸਾਰੇ ਸੈਂਟਰਾਂ ’ਚ ਸਾਫ਼-ਸੁਥਰਾ ਰਾਸ਼ਨ ਭੇਜਿਆ ਜਾਵੇ, ਨਹੀਂ ਤਾਂ ਪੋਸ਼ਣ ਅਭਿਆਨ ਵਰਗੀਆਂ ਸਕੀਮਾਂ ਚਲਾਉਣ ਦਾ ਕੋਈ ਲਾਭ ਨਹੀਂ ਹੈ। ਸੋਇਆਬੀਨ ਦਾ ਜੋ ਆਟਾ ਭੇਜਿਆ ਗਿਆ ਹੈ, ਉਸ ’ਚੋਂ ਵੀ ਕਿਰਕ ਆ ਰਹੀ ਹੈ।’’ ਹਰਗੋਬਿੰਦ ਕੌਰ, ਸੂਬਾ ਪ੍ਰਧਾਨ, ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ।
ਅਧਿਕਾਰੀਆਂ ਨੇ ਨਹੀਂ ਚੁੱਕਿਆ ਫ਼ੋਨ
ਜਦੋਂ ਇਸ ਸਬੰਧੀ ਜਾਣਕਾਰੀ ਲੈਣ ਲਈ ਵਿਭਾਗ ਦੀ ਜ਼ਿਲਾ ਪ੍ਰੋਗਰਾਮ ਅਫ਼ਸਰ ਰਤਨਦੀਪ ਕੌਰ ਸੰਧੂ, ਜਿਨ੍ਹਾਂ ਕੋਲ ਸ੍ਰੀ ਮੁਕਤਸਰ ਸਾਹਿਬ ਦੇ ਸੀ. ਡੀ. ਪੀ. ਓ. ਦਾ ਚਾਰਜ ਵੀ ਹੈ, ਨਾਲ ਫ਼ੋਨ ’ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ ਤੇ ਘੰਟੀ ਵੱਜਦੀ ਰਹੀ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh