ਬੱਚੇ ਦੀ ਮੌਤ ਤੋਂ ਬਾਅਦ ਜਾਗਿਆ ਸਿਹਤ ਵਿਭਾਗ , ਚਲਾਈ ਵਿਸ਼ੇਸ਼ ਮੁਹਿੰਮ

11/28/2019 10:35:50 AM

ਮੋਗਾ (ਸੰਦੀਪ)—ਗੀਤਾ ਭਵਨ ਸਕੂਲ 'ਚ ਪੜ੍ਹਦੇ 13 ਸਾਲਾ ਬੱਚੇ ਖੁਸ਼ਹਾਲ ਗਰਗ ਦੀ ਡੇਂਗੂ ਕਾਰਣ ਹੋਈ ਮੌਤ ਤੋਂ ਬਾਅਦ ਸਿਹਤ ਵਿਭਾਗ ਨੇ ਗੂਹੜੀ ਨੀਂਦ 'ਚੋਂ ਜਾਗਦਿਆਂ ਸਖਤ ਕਾਰਵਾਈ ਕਰਦਿਆਂ ਅੱਜ ਨੇਤਾ ਜੀ ਸੁਭਾਸ਼ ਚੰਦਰ ਕਾਲੋਨੀ, ਨਿਗਾਹਾ ਰੋਡ ਮੋਗਾ ਵਿਖੇ ਦਿਨ ਭਰ ਲਾਰਵਾ ਲੱਭਣ ਅਤੇ ਉਸ ਨੂੰ ਨਸ਼ਟ ਕਰਨ ਦੀ ਮੁਹਿੰਮ ਚਲਾਈ। ਸਿਹਤ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਦੀ ਅਗਵਾਈ ਹੇਠ 12 ਮੈਂਬਰੀ ਟੀਮ ਵੱਲੋਂ ਕੀਤੀ ਗਈ ਇਸ ਕਾਰਵਾਈ ਦੌਰਾਨ ਕਾਲੋਨੀ 'ਚ ਮੌਜੂਦ ਲਗਭਗ ਸਾਰੇ 28 ਘਰਾਂ ਦੀ ਜਾਂਚ ਕੀਤੀ ਗਈ, ਜਿਸ ਦੌਰਾਨ ਟੀਮ ਨੂੰ 13 ਘਰਾਂ 'ਚੋਂ ਭਾਰੀ ਮਾਤਰਾ 'ਚ ਡੇਂਗੂ ਦਾ ਲਾਰਵਾ ਮਿਲਿਆ, ਜਿਸ ਨੂੰ ਮੌਕੇ 'ਤੇ ਨਸ਼ਟ ਕਰਵਾਇਆ ਗਿਆ ਅਤੇ ਸਾਰੇ ਘਰਾਂ 'ਚ ਫੌਗਿੰਗ ਵੀ ਕਰਵਾਈ ਗਈ।
ਇਸ ਤੋਂ ਇਲਾਵਾ ਨਾਲ ਲੱਗਦੀਆਂ ਬਸਤੀਆਂ ਜਿਵੇਂ ਬਹਾਦਰ ਸਿੰਘ ਬਸਤੀ ਅਤੇ ਬਸਤੀ ਮੋਹਨ ਸਿੰਘ 'ਚ ਵੀ ਸਰਚ ਮੁਹਿੰਮ ਚਲਾਈ ਗਈ, ਜਿਸ ਦੌਰਾਨ 6 ਹੋਰ ਥਾਵਾਂ 'ਤੇ ਟੀਮ ਨੂੰ ਲਾਰਵਾ ਮਿਲਿਆ। ਟੀਮ ਵੱਲੋਂ ਕੁੱਲ 19 ਲੋਕਾਂ ਦੇ ਚਲਾਨ ਕੱਟਣ ਸਬੰਧੀ ਨਗਰ ਨਿਗਮ ਨੂੰ ਲਿਖਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਹੈਲਥ ਸੁਪਰਵਾਈਜ਼ਰ ਮਹਿੰਦਰ ਪਾਲ ਲੂੰਬਾ ਨੇ ਦੱਸਿਆ ਕਿ ਮੀਡੀਆ 'ਚ ਬੱਚੇ ਦੀ ਮੌਤ ਦੀਆਂ ਖਬਰਾਂ ਆਉਣ ਤੋਂ ਬਾਅਦ ਸਿਵਲ ਸਰਜਨ ਮੋਗਾ ਅਤੇ ਜ਼ਿਲਾ ਐਪੀਡੀਮਾਲੋਜਿਸਟ ਡਾ. ਮੁਨੀਸ਼ ਅਰੋੜਾ ਨੇ ਟੀਮ ਨੂੰ ਇਸ ਸਬੰਧੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ, ਜਿਸ 'ਤੇ ਅੱਜ ਟੀਮ ਵੱਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ। ਸਕੂਲ ਪ੍ਰਿੰਸੀਪਲ ਨਾਲ ਵੀ ਗੱਲਬਾਤ ਕੀਤੀ ਗਈ ਅਤੇ ਮ੍ਰਿਤਕ ਬੱਚੇ ਦੀ ਹਿਸਟਰੀ ਇਕੱਤਰ ਕੀਤੀ ਗਈ, ਜਿਸ ਅਨੁਸਾਰ ਇਹ ਬੱਚਾ 15 ਨਵੰਬਰ ਤੋਂ ਸਕੂਲ ਨਹੀਂ ਆ ਰਿਹਾ ਸੀ ਅਤੇ 19 ਨਵੰਬਰ ਨੂੰ ਸੀ. ਐੱਮ. ਸੀ. ਹਸਪਤਾਲ ਵਿਖੇ ਉਸ ਨੂੰ ਦਾਖਲ ਕਰਵਾਇਆ ਗਿਆ ਸੀ, ਜਿੱਥੋਂ 20 ਨਵੰਬਰ ਨੂੰ ਉਸ ਨੂੰ ਅਪੋਲੋ ਹਸਪਤਾਲ ਵਿਖੇ ਰੈਫਰ ਕਰ ਦਿੱਤਾ ਗਿਆ।

ਟੀਮ ਵੱਲੋਂ ਅਪੋਲੋ ਹਸਪਤਾਲ ਦੇ ਸਾਰੇ ਦਸਤਾਵੇਜ਼ ਪਰਿਵਾਰ ਤੋਂ ਹਾਸਲ ਕੀਤੇ ਗਏ, ਜੋ ਡੈੱਥ ਰੀਵਿਊ ਕਮੇਟੀ ਨੂੰ ਸੌਂਪ ਦਿੱਤੇ ਗਏ ਹਨ, ਜਿਸ ਵੱਲੋਂ ਬੱਚੇ ਦੀ ਮੌਤ ਦੇ ਕਾਰਣਾਂ ਬਾਰੇ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਨੇਤਾ ਜੀ ਕਾਲੋਨੀ ਦੇ ਹਰ ਦੂਸਰੇ ਘਰ 'ਚੋਂ ਲਾਰਵਾ ਮਿਲਣਾ ਇਸ ਗੱਲ ਦਾ ਸੂਚਕ ਹੈ ਕਿ ਲੋਕ ਸਿਹਤ ਵਿਭਾਗ ਦੀਆਂ ਇੰਨੀਆਂ ਜਾਗਰੂਕਤਾ ਗਤੀਵਿਧੀਆਂ ਦੇ ਬਾਵਜੂਦ ਹਾਲੇ ਵੀ ਡੇਂਗੂ ਪ੍ਰਤੀ ਅਣਗਹਿਲੀ ਵਰਤ ਰਹੇ ਹਨ, ਜਿਸ ਕਾਰਣ ਡੇਂਗੂ ਨੂੰ ਕਾਬੂ ਕਰਨ 'ਚ ਮੁਸ਼ਕਲ ਆ ਰਹੀ ਹੈ। ਇਸ ਟੀਮ 'ਚ ਇੰਸੈਕਟ ਕੁਲੈਕਟਰ ਵਪਿੰਦਰ ਸਿੰਘ, ਮਲਟੀਪਰਪਜ਼ ਹੈਲਥ ਵਰਕਰ ਕਰਮਜੀਤ ਸਿੰਘ, ਗਗਨਪ੍ਰੀਤ ਸਿੰਘ ਤੋਂ ਇਲਾਵਾ ਅੱਠ ਬ੍ਰੀਡ ਚੈੱਕਰਾਂ ਦੀ ਟੀਮ ਵੀ ਸ਼ਾਮਲ ਸੀ ।


Shyna

Content Editor

Related News