ਫਿਰੋਜ਼ਪੁਰ-ਲੁਧਿਆਣਾ 4 ਮਾਰਗੀ ਦੀ ਭੇਟ ਚੜ੍ਹ ਚੁੱਕੇ ਲੱਖਾਂ ਦਰਖੱਤ ''ਤੇ ਕਰੋੜਾਂ ਪੰਛੀ

01/09/2020 12:52:15 PM

ਤਲਵੰਡੀ ਭਾਈ (ਪਾਲ) - ਕਾਫੀ ਸਮੇਂ ਤੋਂ ਫਿਰੋਜ਼ਪੁਰ ਲੁਧਿਆਣਾ ਕੌਮੀ ਮਾਰਗ ਨੂੰ ਚਾਰ ਮਾਰਗੀ ਬਣਾਇਆ ਜਾ ਰਿਹਾ ਹੈ। ਇਸ ਮਾਰਗ ਦੀ ਮਾਰ ਹੇਠ ਆਉਂਦੀਆਂ ਦੁਕਾਨਾਂ, ਮਕਾਨਾਂ ਦੇ ਮਾਲਕਾਂ ਦੀਆਂ ਜ਼ਮੀਨਾਂ ਜਾਇਦਾਤਾਂ ਦੀਆਂ ਕੀਮਤਾਂ ਥੱਲੇ ਡਿੱਗ ਗਈਆਂ ਹਨ। ਦੁਕਾਨਦਾਰਾਂ ਦੇ ਕਾਰੋਬਾਰ ਖਤਮ ਹੋ ਚੁੱਕੇ ਹਨ, ਜਿਨ੍ਹਾਂ ਨੂੰ ਵਰਾਉਂਦੇ ਹੋਏ ਸਾਡੇ ਸਿਆਸੀ ਲੀਡਰ ਵੋਟ ਬੈਂਕ ਦੇ ਦ੍ਰਿਸ਼ਟੀਕੌਣ ਤੋਂ ਉਨ੍ਹਾਂ ਨੂੰ ਦਿਲਾਸਾ ਦਿੰਦ ਨਜ਼ਰ ਆ ਰਹੇ ਹਨ। ਹਾਲਾਂਕਿ ਚਾਰ ਮਾਰਗੀ ਸੜਕਾਂ ਦੇ ਨਿਰਮਾਣ ਨਾਲ ਛੋਟੇ ਦੁਕਾਨਦਾਰਾਂ ਬਹੁਤ ਉਜਾੜਾ ਹੋਇਆ ਹੈ। ਵਰਨਣਯੋਗ ਹੈ ਕਿ ਇਸ ਰੋਡ ਦੇ ਦੋਵੇਂ ਪਾਸੇ ਪੈਂਦੀ ਜੰਗਲਾਤ ਦੀ ਜ਼ਮੀਨ 'ਤੇ ਖੜ੍ਹੇ ਲੱਖਾਂ ਰੁੱਖਾਂ ਦਾ ਬੇਦਰਦੀ ਨਾਲ ਘਾਣ ਕੀਤਾ ਜਾ ਰਿਹਾ ਹੈ।

ਇਨ੍ਹਾਂ ਵੱਡੇ ਸੰਘਣੇ ਦਰਖੱਤਾਂ 'ਤੇ ਪਾਏ ਆਲ੍ਹਣਿਆਂ 'ਚ ਰਹਿੰਦੇ ਅਣਗਿਣਤ ਪੰਛੀਆਂ ਦੇ ਘਰ ਉਜਾੜੇ ਜਾ ਰਹੇ ਹਨ। ਉਨ੍ਹਾਂ ਦੇ ਨਿੱਕੇ-ਨਿੱਕੇ ਬੋਟਾਂ ਨੂੰ ਮਨੁੱਖ ਨੇ ਸਰਦੀ ਦੇ ਮੌਸਮ 'ਚ ਸੜਕ 'ਤੇ ਤੜਫ-ਤੜਫ ਕੇ ਮਰਨ ਲਈ ਮਜ਼ਬੂਰ ਕਰ ਦਿੱਤਾ ਹੈ। ਆਖਿਰ ਉਹ ਬੇਜੁਬਾਨ ਕਿਹੜੇ ਰਾਜੇ ਦੀ ਅਦਾਲਤ ਦਾ ਦਰ ਖੜਕਾਉਣ, ਇਨ੍ਹਾਂ ਨੂੰ ਬਚਾਉਣ 'ਚ ਲੱਗੇ ਕੁਝ ਪੰਛੀਆਂ ਪ੍ਰੇਮੀਆਂ ਨੇ ਹਾਅ ਦਾ ਨਾਅਰਾ ਮਾਰਦਿਆਂ ਕਿਹਾ ਕਿ ਬੇਸ਼ੱਕ ਮਨੁੱਖ ਤੋਂ ਤਾਂ ਸੜਕ ਉਪਰ ਨਾਜਾਇਜ਼ ਕਬਜ਼ੇ ਕਾਰਨ ਗਲਤੀ ਹੋਈ ਹੋਵੇਗੀ ਪਰ ਕੀ ਇਨ੍ਹਾਂ ਭੋਲੇ ਪੰਛੀਆਂ ਦੇ ਉਜਾੜੇ ਉੱਪਰ ਕਿਸੇ ਨੂੰ ਤਰਸ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਮਨੁੱਖ ਦੇ ਸਿਤਮ ਦਾ ਸ਼ਿਕਾਰ ਹੋ ਕੇ ਬਹੁਤ ਰੰਗ ਰੰਗੇ ਪੰਛੀ ਪੰਜਾਬ ਨੂੰ ਸਦਾ ਲਈ ਅਲਵਿਦਾ ਆਖ ਰਹੇ ਹਨ। ਕਾਸ਼ ਇਹ ਪੰਛੀ ਮਨੁੱਖ ਨੂੰ ਉਸ ਦੀਆਂ ਗਲਤੀਆਂ ਦਾ ਅਹਿਸਾਸ ਕਰਵਾ ਸਕਦੇ।

rajwinder kaur

This news is Content Editor rajwinder kaur