ਸ਼ਹਿਰ ਅਤੇ ਇਲਾਕੇ ’ਚ ਡੇਂਗੂ ਦਾ ਪ੍ਰਕੋਪ

10/03/2018 12:42:14 AM

ਲਹਿਰਾਗਾਗਾ, (ਗਰਗ, ਜਿੰਦਲ)- ਸ਼ਹਿਰ ’ਚ ਦਿਨ-ਪ੍ਰਤੀਦਿਨ ਵੱਧ ਰਹੇ ਡੇਂਗੂ ਦੇ ਪ੍ਰਕੋਪ ਕਾਰਨ ਲੋਕਾਂ ’ਚ ਬਹੁਤ ਸਹਿਮ ਪਾਇਆ ਜਾ ਰਿਹਾ ਹੈ ਪਰ ਸਰਕਾਰ, ਪ੍ਰਸ਼ਾਸਨ ਤੇ ਸਿਹਤ ਵਿਭਾਗ ਕੁੰਭਕਰਨੀ ਨੀਂਦ  ਸੁੱਤੇ  ਹੋਏ ਹਨ। ਬੇਸ਼ੱਕ ਸਰਕਾਰ ਅਤੇ ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲਾਂ ਵਿਚ ਡੇਂਗੂ ਦੇ ਟੈਸਟ ਤੇ ਇਲਾਜ ਮੁਫ਼ਤ ਕੀਤੇ ਜਾਣ ਦੇ ਦਾਅਵੇ ਅਤੇ ਵਾਅਦੇ ਕੀਤੇ ਜਾ ਰਹੇ ਹਨ ਪਰ ਲਹਿਰਾਗਾਗਾ ਦਾ ਸਰਕਾਰੀ ਹਸਪਤਾਲ ਸਰਕਾਰ ਅਤੇ ਵਿਭਾਗ ਦੇ ਦਾਅਵਿਆਂ ਤੇ ਵਾਅਦਿਆਂ ’ਤੇ ਪ੍ਰਸ਼ਨ ਚਿੰਨ੍ਹ ਲਾ ਰਿਹਾ ਹੈ।  ਸਰਕਾਰੀ ਹਸਪਤਾਲ ਵਿਚ ਦਰਜਨਾਂ ਡੇਂਗੂ ਦੇ ਸ਼ੱਕੀ ਮਰੀਜ਼ ਇਲਾਜ ਕਰਵਾਉਣ ਲਈ ਆ ਰਹੇ ਹਨ ਪਰ ਹਸਪਤਾਲ ਵਿਚ ਨਾ ਤਾਂ ਕੋਈ ਦਵਾਈ ਮਿਲਦੀ ਹੈ ਤੇ ਨਾ ਹੀ ਕੋਈ ਡੇਂਗੂ ਨਾਲ ਸਬੰਧਤ ਟੈਸਟ ਕੀਤਾ ਜਾਂਦਾ ਹੈ । ਮਰੀਜ਼ਾਂ ਨੇ ਦੱਸਿਆ ਕਿ ਉਹ ਪ੍ਰਾਈਵੇਟ ਦੁਕਾਨਾਂ ਤੋਂ ਮਹਿੰਗੇ ਭਾਅ ’ਤੇ ਦਵਾਈ ਖਰੀਦ ਰਹੇ ਹਨ। ਡੇਂਗੂ ਨਾਲ ਪੀਡ਼ਤ ਕੁਝ ਵਿਅਕਤੀ ਸੰਗਰੂਰ, ਟੋਹਾਣਾ, ਹਿਸਾਰ  ਤੇ ਚੰਡੀਗਡ਼੍ਹ ਦੇ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਹਨ।
 ਪਿਛਲੇ ਦਿਨੀਂ ਪਿੰਡ ਲਹਿਲ ਕਲਾਂ ਵਿਖੇ ਵੀਰਪਾਲ ਕੌਰ ਨਾਮੀ ਮਹਿਲਾ ਦੀ ਡੇਂਗੂ ਕਾਰਨ ਮੌਤ ਵੀ ਹੋ ਚੁੱਕੀ ਹੈ ਬਾਵਜੂਦ ਇਸ ਦੇ  ਸਿਹਤ ਵਿਭਾਗ ਖ਼ਾਮੋਸ਼ ਤਮਾਸ਼ਾ ਦੇਖ ਰਿਹਾ ਹੈ । ਹਸਪਤਾਲ ਵਿਚ ਇਲਾਜ ਕਰਾਉਣ ਗਏ ਯੂਥ ਅਕਾਲੀ ਆਗੂ ਰਾਜ ਕੁਮਾਰ ਗਰਗ ਨੇ ਕਿਹਾ ਕਿ ਹਸਪਤਾਲ ਵਿਚ ਦਵਾਈ ਤੇ ਟੈਸਟ ਤਾਂ ਕੀ ਹੋਣੇ ਸਨ, ਕਈ ਵਾਰ ਤਾਂ ਪਿਸ਼ਾਬ ਘਰਾਂ ਵਿਚ ਪਾਣੀ ਤੱਕ ਨਹੀਂ ਹੁੰਦਾ ਅਜਿਹੇ ਵਿਚ ਮਰੀਜ਼ ਜਾਣ ਤਾਂ ਕਿੱਥੇ ਜਾਣ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਕੋਈ ਵੀ ਟੀਮ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ’ਚ ਨਹੀਂ ਦਿਸਦੀ, ਹਸਪਤਾਲ ਵਿਚ ਮਰੀਜ਼ਾਂ ਲਈ ਸਹੂਲਤ ਨਾਂ ਦੀ ਕੋਈ ਚੀਜ਼ ਨਹੀਂ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਹਸਪਤਾਲ ’ਚ ਮਰੀਜ਼ਾਂ ਲਈ ਵੱਧ ਤੋਂ ਵੱਧ ਸਹੂਲਤਾਂ ਖ਼ਾਸ ਕਰਕੇ ਦਵਾਈਆਂ ਅਤੇ ਟੈਸਟਾਂ ਦਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਮਰੀਜ਼ ਖੱਜਲ-ਖ਼ੁਆਰ ਨਾ ਹੋਣ।
  ਮਰੀਜ਼ਾਂ ਦਾ ਹਰ ਸੰਭਵ ਇਲਾਜ ਕੀਤਾ ਜਾਂਦੈ : ਐੱਸ. ਐੱਮ. ਓ.  
ਉਕਤ ਮਾਮਲੇ ’ਤੇ ਜਦੋਂ ਐੱਸ. ਐੱਮ. ਓ. ਡਾਕਟਰ ਹਰਦੀਪ ਕੌਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਹਸਪਤਾਲ ’ਚ ਮਰੀਜ਼ਾਂ ਨੂੰ ਦਵਾਈਆਂ ਨਾ ਮਿਲਣ ਅਤੇ ਟੈਸਟ ਨਾ ਹੋਣ ਸਬੰਧੀ ਅਗਿਆਨਤਾ ਪ੍ਰਗਟ ਕਰਦਿਆਂ ਕਿਹਾ ਕਿ ਮਰੀਜ਼ਾਂ ਦਾ ਹਰ ਸੰਭਵ ਇਲਾਜ ਕੀਤਾ ਜਾਂਦਾ ਹੈ, ਜਿਸ ਮਰੀਜ਼ ਦੇ ਪਲੇਟਲੈੱਟਸ ਜ਼ਿਆਦਾ ਘੱਟ ਜਾਂਦੇ ਹਨ, ਨੂੰ ਸੰਗਰੂਰ ਰੈਫਰ ਕੀਤਾ ਜਾਂਦਾ ਹੈ, ਜਿੱਥੇ ਕਿ ਹਰ ਤਰ੍ਹਾਂ ਦੇ ਪ੍ਰਬੰਧ ਹਨ । ਉਨ੍ਹਾਂ ਕਿਹਾ ਕਿ ਮਰੀਜ਼ਾਂ ਦੀ ਹਰ ਮੁਸ਼ਕਲ ਤੇ ਸਮੱਸਿਆ ਨੂੰ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਂਦਾ ਹੈ। 
 ਸ਼ਹਿਰ ਅੰਦਰ ਡੇਂਗੂ ਦੇ  ਸ਼ੱਕੀ  ਮਰੀਜ਼ਾਂ ਦੀ ਵਧ ਰਹੀ ਗਿਣਤੀ ਦੇ ਬਾਵਜੂਦ ਨਗਰ ਕੌਂਸਲ ਉਕਤ ਮਾਮਲੇ ’ਤੇ ਜ਼ਿਆਦਾ ਗੰਭੀਰ ਦਿਖਾਈ ਨਹੀਂ ਦੇ ਰਹੀ।  ਬੇਸ਼ੱਕ ਨਗਰ ਕੌਂਸਲ ਵੱਲੋਂ ਕੁਝ ਥਾਵਾਂ ਵਿਚ ਫੌਗਿੰਗ ਕੀਤੀ ਜਾਂਦੀ ਹੈ ਪਰ ਨਾਲੀਆਂ ਅਤੇ ਕੂਡ਼ੇ ’ਤੇ ਡੰਪ ਵਾਲੀਆਂ ਥਾਵਾਂ ’ਤੇ ਕਿਸੇ ਵੀ ਤਰ੍ਹਾਂ ਦੀ ਦਵਾਈ ਦਾ ਛਿਡ਼ਕਾਅ ਨਹੀਂ ਕੀਤਾ ਜਾ ਰਿਹਾ, ਜਿਸ  ਕਾਰਨ ਸ਼ਹਿਰ ’ਚ ਮੱਛਰਾਂ ਦੀ ਤਾਦਾਦ  ਵਧ ਰਹੀ ਹੈ ਅਤੇ ਲੋਕ ਪ੍ਰੇਸ਼ਾਨ ਹੋ ਰਹੇ ਹਨ। ਸਮਾਂ ਰਹਿੰਦੇ ਜੇਕਰ ਸਰਕਾਰ, ਪ੍ਰਸ਼ਾਸਨ, ਸਿਹਤ ਵਿਭਾਗ ਨੇ ਡੇਂਗੂ ਦੀ ਰੋਕਥਾਮ ਲਈ ਉੱਚੇਚੇ ਪ੍ਰਬੰਧ ਨਾ ਕੀਤੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਮੁੱਚਾ ਸ਼ਹਿਰ ਡੇਂਗੂ ਦੀ ਲਪੇਟ ’ਚ ਆ ਜਾਵੇਗਾ ! ਹੁਣ ਦੇਖਣਾ ਇਹ ਹੈ ਕਿ ਸਿਹਤ ਵਿਭਾਗ ਜਾਂ ਪ੍ਰਸ਼ਾਸਨ ਉਕਤ ਮਾਮਲੇ ਨੂੰ ਕਿੰਨੀ ਕੁ ਗੰਭੀਰਤਾ ਨਾਲ ਲੈਂਦਾ ਹੈ।           

 


Related News