ਪਲਾਟਾਂ ਤੇ ਹੋਰ ਮੰਗਾਂ ਸਬੰਧੀ ਰੋਸ ਮਾਰਚ ਮਗਰੋਂ DC ਦਫ਼ਤਰ ਮੂਹਰੇ ਦਿੱਤਾ ਧਰਨਾ

03/25/2022 6:42:51 PM

ਸੰਗਰੂਰ (ਸਿੰਗਲਾ)-ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਵੱਲੋਂ ਬਨਾਸਰ ਬਾਗ਼ ਸੰਗਰੂਰ ਵਿਖੇ ਇਕੱਠੇ ਹੋ ਕੇ ਰੈਲੀ ਕਰਨ ਉਪਰੰਤ ਸ਼ਹਿਰ ’ਚ ਰੋਸ ਮਾਰਚ ਕਰਕੇ ਡੀ.ਸੀ. ਦਫ਼ਤਰ ਮੂਹਰੇ ਦਿਆਲਗਡ਼੍ਹ, ਨਮੋਲ ਅਤੇ ਕੋਕੋਮਾਜਰੀ ਸੁਨਾਮ ਸ਼ਹਿਰ ਦੇ ਅਲਾਟ ਹੋ ਚੁੱਕੇ ਪਲਾਟਾਂ ’ਤੇ ਅਜੇ ਤਕ ਕਬਜ਼ਾ ਨਾ ਮਿਲਣ ਖ਼ਿਲਾਫ਼ ਧਰਨਾ ਲਗਾਇਆ ਗਿਆ। ਧਰਨੇ ਵਾਲੀ ਥਾਂ ’ਤੇ ਤਹਿਸੀਲਦਾਰ ਨੇ ਮੰਗ-ਪੱਤਰ ਲਿਆ ਅਤੇ ਨਾਲ ਦੀ ਨਾਲ ਏ.ਡੀ.ਸੀ. (ਡੀ) ਨਾਲ ਮੀਟਿੰਗ ਕਰਵਾਈ। ਏ.ਡੀ.ਸੀ. (ਡੀ) ਨੇ ਮੰਗ ਪੱਤਰ ’ਚ ਦਰਜ ਆਪਣੇ ਮਹਿਕਮੇ ਨਾਲ ਸਬੰਧਤ ਮੰਗਾਂ ਮੰਨਣ ਦਾ ਭਰੋਸਾ ਦਿਵਾਇਆ। ਰਾਸ਼ਨ ਕਾਰਡ ’ਚੋਂ ਕੱਟੇ ਨਾਂ ਬਹਾਲ ਕਰਵਾਉਣ ਅਤੇ ਨਵੇਂ ਰਾਸ਼ਨ ਕਾਰਡ ਦੀਆਂ ਮੰਗਾਂ ਸਬੰਧੀ ਫੂਡ ਸਪਲਾਈ ਮਹਿਕਮੇ ਦੇ ਜ਼ਿਲ੍ਹਾ ਅਧਿਕਾਰੀ ਨਾਲ ਸੋਮਵਾਰ ਨੂੰ ਮੀਟਿੰਗ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ : ਸਾਕਾ ਸ੍ਰੀ ਪੰਜਾ ਸਾਹਿਬ ਦੀ ਪਹਿਲੀ ਸ਼ਤਾਬਦੀ ਮਨਾਏਗੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ : ਐਡਵੋਕੇਟ ਧਾਮੀ

ਧਰਨੇ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਸੂਬਾ ਸਕੱਤਰ ਧਰਮਪਾਲ ਸਿੰਘ, ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਅਤੇ ਜ਼ਿਲ੍ਹਾ ਆਗੂ ਜਗਦੀਪ ਸਿੰਘ ਕਾਲਾ ਨੇ ਕਿਹਾ ਕਿ ਪਿੰਡ ਦਿਆਲਗਡ਼੍ਹ ਵਿਖੇ ਖੇਤ ਮਜ਼ਦੂਰਾਂ ਨੂੰ ਪਲਾਟ ਅਲਾਟ ਹੋਏ ਨੂੰ 40 ਸਾਲ ਤੋਂ ਵਧੇਰੇ ਸਮਾਂ ਹੋ ਗਿਆ ਹੈ ਪਰ ਉਸ ’ਤੇ ਅਜੇ ਤੱਕ ਵੀ ਲੋਕਾਂ ਦਾ ਨਾਜਾਇਜ਼ ਕਬਜ਼ਾ ਬਰਕਰਾਰ ਹੈ। ਪਿੰਡ ਨਮੋਲ ਵਿਖੇ ਬੇਸ਼ੱਕ 40 ਪਹਿਲਾਂ ਅਲਾਟ ਹੋਏ ਪਲਾਟਾਂ ਦੀ ਨਿਸ਼ਾਨਦੇਹੀ ਕੁਝ ਸਮਾਂ ਪਹਿਲਾਂ ਹੀ ਹੋਈ ਹੈ ਪਰ ਉਸ ’ਤੇ ਵੀ ਅਜੇ ਤਕ ਕਬਜ਼ਾ ਨਹੀਂ ਮਿਲਿਆ। ਕੋਕੋਮਾਜਰੀ ਸੁਨਾਮ ਸ਼ਹਿਰ ਵਿਖੇ ਤਕਰੀਬਨ 12-13 ਸਾਲ ਪਹਿਲਾਂ ਲੋੜਵੰਦਾਂ ਨੇ ਪਲਾਟਾਂ ਦੀ ਮੰਗ ਨੂੰ ਲੈ ਕੇ ਮੰਗ ਪੱਤਰ ਦਿੱਤੇ ਸਨ।

ਇਹ ਵੀ ਪੜ੍ਹੋ : ‘ਆਪ’ ਦੀ ‘ਸੁਨਾਮੀ’ ਕਾਰਨ ਰਵਾਇਤੀ ਪਾਰਟੀਆਂ ਵਿਚਲਾ ਯੂਥ ਭੰਬਲਭੂਸੇ ’ਚ, ਕਿਵੇਂ ਤੇ ਕਿੱਥੋਂ ਕਰਨ ਨਵੀਂ ਸ਼ੁਰੂਆਤ

ਉਸ ਸਮੇਂ ਇਹ ਗੱਲ ਸਾਹਮਣੇ ਆਈ ਸੀ ਕਿ ਸੁਨਾਮ ਵਿਖੇ ਕੋਈ ਸਰਕਾਰੀ ਜਗ੍ਹਾ ਖਾਲੀ ਨਹੀਂ ਹੈ, ਜਦੋਂ ਕੋਈ ਖਾਲੀ ਜਗ੍ਹਾ ਧਿਆਨ ’ਚ ਆਈ, ਉਦੋਂ ਪਲਾਟ ਕੱਟ ਕੇ ਦਿੱਤੇ ਜਾਣਗੇ। ਉਦੋਂ ਤੋਂ ਹੀ ਲੋੜਵੰਦਾਂ ਨੇ ਜਿਹੜੀ 8 ਏਕੜ ਤੋਂ ਵਧੇਰੇ ਸਰਕਾਰੀ ਜਗ੍ਹਾ ਖਾਲੀ ਪਈ ਹੈ, ਉਹ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਧਿਆਨ ’ਚ ਲਿਆ ਦਿੱਤੀ ਗਈ ਸੀ ਪਰ ਲੋੜਵੰਦਾਂ ਨੂੰ ਲਾਰੇ/ਲੱਪਿਆਂ ਤੋਂ ਸਿਵਾਏ ਹੋਰ ਕੁਝ ਨਹੀਂ ਮਿਲਿਆ, ਜਿਸ ਕਾਰਨ ਅੱਕੇ ਹੋਏ ਲੋਕ ਪਲਾਟਾਂ ’ਤੇ ਹੱਕ/ਅਧਿਕਾਰ ਜਤਾਉਂਦੇ ਹੋਏ ਲਗਾਤਾਰ ਬੈਠੇ ਹੋਏ ਹਨ। ਉਪਰੋਕਤ ਤਿੰਨਾਂ ਪਿੰਡਾਂ ਦੇ ਅਲਾਟ ਹੋਏ ਚੁੱਕੇ ਪਲਾਟਾਂ ਦਾ ਲੋੜਵੰਦਾਂ ਨੂੰ ਕਬਜ਼ਾ ਦੇ ਕੇ ਇਨਸਾਫ ਦਿੱਤਾ ਜਾਵੇ, ਸਬੰਧੀ ਮੰਗ ਪੱਤਰ ਸੌਂਪਿਆ ਗਿਆ। ਇਸ ਤੋਂ ਇਲਾਵਾ ਤੀਜੇ ਹਿੱਸੇ ਦੀ ਪੰਚਾਇਤੀ ਜ਼ਮੀਨ, ਕਰਜ਼ਾ ਮੁਆਫੀ, ਰਾਸ਼ਨ ਕਾਰਡ ’ਚੋਂ ਕੱਟੇ ਨਾਂ ਬਹਾਲ ਕਰਵਾਉਣ, ਨਵੇਂ ਰਾਸ਼ਨ ਕਾਰਡ ਬਣਾਉਣ ਸਬੰਧੀ, ਮਗਨਰੇਗਾ ਕਾਮਿਆਂ ਨਾਲ ਹੁੰਦੀ ਵਿਤਕਰੇਬਾਜ਼ੀ ਬੰਦ ਕਰਵਾਉਣ ਸਬੰਧੀ ਵੀ ਮੰਗ ਪੱਤਰ ਸੌਂਪੇ ਗਏ ਅਤੇ ਇਹ ਮੰਗ ਉਠਾਈ ਗਈ ਕਿ ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਨਾਲ ਜਥੇਬੰਦੀ ਦੀ ਸਾਂਝੇ ਤੌਰ ’ਤੇ ਮੀਟਿੰਗ ਦੀ ਤਾਰੀਖ਼ ਫਿਕਸ ਕਰਵਾਈ ਜਾਵੇ, ਤਾਂ ਜੋ ਮੰਗਾਂ/ਮਸਲਿਆਂ ਦਾ ਨਿਬੇੜਾ ਬੈਠ ਕੇ ਸੁਚੱਜੇ ਢੰਗ ਨਾਲ ਵਿਚਾਰ-ਵਟਾਂਦਰੇ ਰਾਹੀਂ ਹੱਲ ਕੀਤਾ ਜਾ ਸਕੇ।

ਇਹ ਵੀ ਪੜ੍ਹੋ : PM ਮੋਦੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਚਰਖਾ ਤੇ ਸੰਦੂਕ ਨਹੀਂ ਕੀਤਾ ਗਿਫ਼ਟ (ਵੀਡੀਓ)

ਸਟੇਜ ਸਕੱਤਰ ਦੀ ਜ਼ਿੰਮੇਵਾਰੀ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਜ਼ਿਲ੍ਹਾ ਸਕੱਤਰ ਬਿਮਲ ਕੌਰ ਨੇ ਬਾਖੂਬੀ ਨਿਭਾਈ। ਅੱਜ ਦੇ ਧਰਨੇ ਨੂੰ ਜ਼ਿਲ੍ਹਾ ਆਗੂ ਕਰਮਜੀਤ ਕੌਰ, ਅਮਰੀਕ ਸਿੰਘ, ਬਲਵਿੰਦਰ ਸਿੰਘ, ਮੇਘ ਸਿੰਘ, ਜੈਲੀ ਸਿੰਘ, ਬੂਟਾ ਸਿੰਘ ਗੁੱਜਰਾਂ ਅਤੇ ਭਰਾਤਰੀ ਜਥੇਬੰਦੀ  ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਜ਼ਿਲ੍ਹਾ ਆਗੂ ਸੰਦੀਪ ਕੌਰ ਨੇ ਸੰਬੋਧਨ ਕੀਤਾ। ਇਨਕਲਾਬੀ ਗੀਤ ਨਿਰਭੈ ਸਿੰਘ ਅਤੇ ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਦੀ ਟੀਮ ਵੱਲੋਂ ਪੇਸ਼ ਕੀਤੇ ਗਏ। ਧਰਨੇ ਦੀ ਸਮਾਪਤੀ ਆਕਾਸ਼ ਗੁੰਜਾਊ ਨਾਅਰਿਆਂ ਨਾਲ ਕੀਤੀ ਗਈ।


Manoj

Content Editor

Related News