ਬੱਸ ਸਟੈਂਡ ''ਚ ਗੰਦਗੀ ਫੈਲਾ ਰਹੇ ਕੰਟੀਨ ਮਾਲਕ ਖਿਲਾਫ ਕੀਤੀ ਕਾਰਵਾਈ ਦੀ ਮੰਗ

10/08/2019 8:30:34 PM

ਅਮਲੋਹ (ਗਰਗ)-ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਵੱਲੋਂ ਕੁਝ ਸਮਾਂ ਪਹਿਲਾਂ ਅਮਲੋਹ 'ਚ ਬੱਸ ਸਟੈਂਡ ਦਾ ਨਿਰਮਾਣ ਕੀਤਾ ਗਿਆ ਸੀ। ਇਸ ਬੱਸ ਸਟੈਂਡ 'ਚ ਜਿਥੇ ਸਵਾਰੀਆਂ ਦੇ ਬੈਠਣ ਲਈ ਸ਼ੈੱਡ, ਬਾਥਰੂਮ ਅਤੇ ਦੁਕਾਨਾਂ ਬਣਾਈਆਂ ਗਈਆਂ, ਉਥੇ ਹੀ ਸਵਾਰੀਆਂ ਦੀ ਸਹੂਲਤ ਲਈ ਬੱਸ ਸਟੈਂਡ 'ਚ ਕੰਟੀਨ ਵੀ ਬਣਾਈ ਗਈ ਪਰ ਕੰਟੀਨ ਮਾਲਕ ਜਿਸ ਨੇ ਸਿਰਫ ਇਕ ਦੁਕਾਨ ਕਿਰਾਏ 'ਤੇ ਲਈ ਹੈ, ਵੱਲੋਂ ਪੂਰੇ ਬੱਸ ਸਟੈਂਡ 'ਤੇ ਆਪਣਾ ਕਬਜ਼ਾ ਕੀਤਾ ਗਿਆ ਹੈ। ਉਕਤ ਵੱਲੋਂ ਜਿਥੇ ਕੰਟੀਨ ਚਲਾਈ ਜਾ ਰਹੀ ਹੈ, ਉਥੇ ਹੀ ਵੱਡੇ ਪੱਧਰ 'ਤੇ ਟਿਫਨ ਸਰਵਿਸ ਵੀ ਦਿੱਤੀ ਜਾ ਰਹੀ ਹੈ। ਬੱਸ ਸਟੈਂਡ ਦਾ ਆਲਮ ਇਹ ਹੈ ਕਿ ਸਾਰੇ ਪਾਸੇ ਗੰਦਗੀ ਹੀ ਗੰਦਗੀ ਫੈਲੀ ਹੋਈ ਹੈ, ਜਿਸ ਕਾਰਣ ਬਦਬੂ ਫੈਲ ਰਹੀ ਹੈ।

ਸਥਾਨਕ ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਕੁਝ ਲੋਕਾਂ ਵੱਲੋਂ ਸਵੇਰੇ ਅਤੇ ਸ਼ਾਮ ਨੂੰ ਬੱਸ ਸਟੈਂਡ 'ਚ ਸੈਰ ਕੀਤੀ ਜਾਂਦੀ ਹੈ ਅਤੇ ਕੁਝ ਲੋਕਾਂ ਵੱਲੋਂ ਸਵੇਰ ਸਮੇਂ ਯੋਗਾ ਕੀਤਾ ਜਾਂਦਾ ਹੈ ਪਰ ਕੰਟੀਨ ਮਾਲਕ ਵੱਲੋਂ ਫੈਲਾਈ ਗੰਦਗੀ ਕਾਰਣ ਸੈਰ ਕਰਨ ਵਾਲੇ ਅਤੇ ਯੋਗਾ ਕਰਨ ਵਾਲੇ ਸ਼ਹਿਰੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ। ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਕਈ ਵਾਰ ਕੰਟੀਨ ਮਾਲਕ ਨੂੰ ਬੇਨਤੀ ਕੀਤੀ ਗਈ ਕਿ ਉਹ ਇਥੇ ਗੰਦਗੀ ਨਾ ਪਾਏ ਪਰ ਉਸ ਵੱਲੋਂ ਜਾਣ-ਬੁੱਝ ਕੇ ਬੱਸ ਸਟੈਂਡ 'ਚ ਗੰਦਗੀ ਫੈਲਾਈ ਜਾ ਰਹੀ ਹੈ। ਸ਼ਹਿਰ ਵਾਸੀਆਂ 'ਚ ਇਸ ਗੱਲ ਨੂੰ ਲੈ ਕੇ ਭਾਰੀ ਰੋਸ ਹੈ ਕਿ ਇਕ ਪਾਸੇ ਸਰਕਾਰ ਵੱਲੋਂ ਪੂਰੇ ਦੇਸ਼ ਅੰਦਰ ਸਵੱਛ ਭਾਰਤ ਅਭਿਆਨ ਚਲਾਇਆ ਜਾ ਰਿਹਾ ਹੈ ਅਤੇ ਦੂਸਰੇ ਪਾਸੇ ਸ਼ਹਿਰ ਵਿਚ ਇਸ ਤਰ੍ਹਾਂ ਗੰਦਗੀ ਫੈਲਾਉਣ ਵਾਲਿਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉਨ੍ਹਾਂ ਪੈਪਸੂ ਟਰਾਂਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਤੋਂ ਮੰਗ ਕੀਤੀ ਕਿ ਬੱਸ ਸਟੈਂਡ 'ਚ ਗੰਦਗੀ ਫੈਲਾਉਣ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।


Karan Kumar

Content Editor

Related News