ਰਾਸ਼ਨ ਦੀਆਂ ਦੋ ਟਰਾਲੀਆਂ ਲੈ ਕੇ ਪਿੰਡ ਭਾਗਸਰ ਤੋਂ ਕਿਸਾਨਾਂ ਦਾ ਜਥਾ ਦਿੱਲੀ ਰਵਾਨਾ

02/03/2021 12:36:52 PM

ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ ਢਿੱਲੋਂ/ਪਵਨ ਤਨੇਜਾ): ਕੇਂਦਰ ਸਰਕਾਰ ਵੱਲੋਂ ਬਣਾਏ ਗਏ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਦਿੱਲੀ ਦੇ ਵੱਖ-ਵੱਖ ਬਾਰਡਰਾਂ ’ਤੇ ਮੋਰਚਾ ਲਾਈ ਬੈਠੇ ਕਿਸਾਨਾਂ ਦੇ ਹੱਕ ਵਿਚ ਹਰੇਕ ਪਿੰਡ ਵਿੱਚੋਂ ਕਿਸਾਨਾਂ ਦੇ ਜਥੇ ਜਾ ਰਹੇ ਹਨ ਤੇ ਹੁਣ ਰਾਸ਼ਨ-ਪਾਣੀ ਵੀ ਵੱਧ ਤੋਂ ਵੱਧ ਭੇਜਿਆ ਜਾ ਰਿਹਾ ਹੈ। ਅੱਜ ਸਵੇਰੇ ਪਿੰਡ ਭਾਗਸਰ ਦੇ ਨਵਾਂ ਗੁਰਦੁਆਰਾ ਸਾਹਿਬ ਤੋਂ ਪਿੰਡ ਦੇ ਉਦਮੀ ਨੌਜਵਾਨਾਂ ਦੇ ਸਹਿਯੋਗ ਨਾਲ ਰਾਸ਼ਨ ਦੀਆਂ ਦੋ ਟਰਾਲੀਆਂ ਲੈ ਕੇ ਕਿਸਾਨਾਂ ਦਾ ਜਥਾ ਦਿੱਲੀ ਜਾਣ ਲਈ ਰਵਾਨਾ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਜਿੱਥੇ ਇਹਨਾਂ ਟਰਾਲੀਆਂ ਰਾਹੀਂ ਖਾਣ-ਪੀਣ ਦਾ ਸਮਾਨ ਭੇਜਿਆ ਗਿਆ ਹੈ, ਉਥੇ ਹੀ 20 ਗੱਦੇ ਵੀ ਭੇਜੇ ਗਏ ਹਨ। ਇਸ ਮੌਕੇ ’ਤੇ ਦਿੱਲੀ ਕਿਸਾਨ ਮੋਰਚਾ ਸੰਘਰਸ਼ ਕਮੇਟੀ ਭਾਗਸਰ ਦੇ ਮੈਂਬਰ ਕੰਵਰਦੀਪ ਸਿੰਘ ਬੰਟੀ, ਜਗਮੋਹਨ ਸਿੰਘ ਮੋਹਨਾ, ਸਤਵੀਰ ਸਿੰਘ, ਹਰਿੰਦਰ ਕੁਮਾਰ, ਹਰਜਿੰਦਰ ਸਿੰਘ ਕਾਲਾ, ਸੁਖਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸੁਖਦੀਪ ਸਿੰਘ, ਅਰਸ਼ਦੀਪ ਸਿੰਘ, ਗੁਰਲਾਲ ਸਿੰਘ, ਪਵਨ ਸਿੰਘ, ਸੁਖਵੰਤ ਸਿੰਘ ਤੇ ਮਨਪ੍ਰੀਤ ਸਿੰਘ ਆਦਿ ਮੌਜ਼ੂਦ ਸਨ। ਇਸ ਕਮੇਟੀ ਦੇ ਆਗੂਆਂ ਦਾ ਕਹਿਣਾ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਸਮਾਨ ਦਿੱਲੀ ਭੇੇਜਿਆ ਜਾਵੇਗਾ। 

 ਐਨ.ਆਰ.ਆਈ. ਨੇ ਅਮਰੀਕਾ ਤੋਂ ਭੇਜੇ 10 ਹਜਾਰ ਰੁਪਏ

ਇਸੇ ਦੌਰਾਨ ਹੀ ਪਿੰਡ ਭਾਗਸਰ ਦੇ ਜੰਮਪਲ ਐਨ.ਆਰ.ਆਈ. ਅਮੋਲਕ ਸਿੰਘ ਅਤੇ ਰਣਧੀਰ ਸਿੰਘ ਜੋ ਅਮਰੀਕਾ ਵਿੱਚ ਰਹਿ ਰਹੇ ਹਨ, ਨੇ ਕਿਸਾਨਾਂ ਦੇ ਸੰਘਰਸ਼ ਵਿੱਚ ਹਿੱਸਾ ਪਾਉਣ ਲਈ 10 ਹਜਾਰ ਰੁਪਏ ਭੇਜੇ ਹਨ ਅਤੇ ਹੋਰ ਪੈਸੇ ਭੇਜਣ ਦਾ ਵਾਅਦਾ ਕੀਤਾ ਹੈ। ਇਹ ਰੁਪਏ ਅੱਜ ਅਮੋਲਕ ਸਿੰਘ ਪੁੱਤਰ ਜਗਮੋਹਨ ਸਿੰਘ ਨੇ ਸੰਘਰਸ਼ ਕਮੇਟੀ ਦੇ ਮੈਂਬਰਾਂ ਨੂੰ ਭੇਂਟ ਕੀਤੇ। 

ਪਿੰਡ ਗੰਧੜ ਤੋਂ 10 ਕਿਸਾਨਾਂ ਦਾ ਜਥਾ ਲਗਾਤਾਰ ਦਿੱਲੀ ਜਾਵੇਗਾ

ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਗਰੁੱਪ ਪਿੰਡ ਗੰਧੜ ਦੀ ਇਕਾਈ ਨੇ ਇਹ ਫੈਸਲਾ ਕੀਤਾ ਹੈ ਕਿ ਪਿੰਡ ਵਿਚੋਂ 10-10 ਕਿਸਾਨਾਂ ਦਾ ਜਥਾ ਲਗਾਤਾਰ ਦਿੱਲੀ ਦੇ ਬਾਰਡਰਾਂ ’ਤੇ ਜਾਂਦਾ ਰਹੇਗਾ। ਜਿਸ ਘਰ ਦਾ ਵਿਅਕਤੀ ਦਿੱਲੀ ਧਰਨੇ ਵਿਚ ਨਹੀ ਜਾਵੇਗਾ ਉਸ ਨੂੰ 2100 ਰੁਪਏ ਜੁਰਮਾਨਾ ਦੇਣਾ ਪਵੇਗਾ। ਇਹ ਵੀ ਫੈਸਲਾ ਕੀਤਾ ਗਿਆ ਕਿ ਭਾਰਤੀ ਜਨਤਾ ਪਾਰਟੀ ਦਾ ਕੋਈ ਵੀ ਨੇਤਾ ਪਿੰਡ ਵਿਚ ਆਉਂਦਾ ਹੈ ਤਾਂ ਉਸ ਦਾ ਜੋਰਦਾਰ ਵਿਰੋਧ ਕੀਤਾ ਜਾਵੇਗਾ। 


Shyna

Content Editor

Related News