ਚਿੱਟੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ, 3 ਨਾਮਜ਼ਦ

08/04/2022 2:29:02 AM

ਮਖੂ (ਵਾਹੀ) : ਆਮ ਆਦਮੀ ਪਾਰਟੀ ਨੇ ਸਰਕਾਰ ਬਣਾਉਣ ਲਈ ਜਿੱਥੇ ਕਈ ਗਾਰੰਟੀਆਂ ਪੰਜਾਬ ਵਾਸੀਆਂ ਨੂੰ ਦਿੱਤੀਆਂ ਸਨ, ਉਥੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ 'ਤੇ ਚਿੱਟੇ ਦਾ ਕਾਲਾ ਕਾਰੋਬਾਰ ਖਤਮ ਕਰ ਦਿੱਤਾ ਜਾਏਗਾ। ਬੇਸ਼ੱਕ ਹਲਕਾ ਵਿਧਾਇਕ ਨਰੇਸ਼ ਕਟਾਰੀਆ ਨੇ ਵੀ ਕਿਹਾ ਹੈ ਕਿ ਚਿੱਟਾ ਵੇਚਣ ਵਾਲੇ ਬਖਸ਼ੇ ਨਹੀਂ ਜਾਣਗੇ ਪਰ ਨਸ਼ਿਆਂ ਦੀ ਹੁੰਦੀ ਸ਼ਰੇਆਮ ਸਪਲਾਈ ਕਾਰਨ ਜ਼ੀਰਾ ਇਲਾਕੇ 'ਚ ਨਸ਼ੇ ਕਾਰਨ ਲਗਾਤਾਰ 3 ਮੌਤਾਂ ਹੋਣ ਤੋਂ ਬਾਅਦ ਮਖੂ ਇਲਾਕੇ ਦੇ ਪਿੰਡ ਸਰਫਲੀ ਸ਼ਾਹ ਦੇ 18 ਸਾਲਾ ਲਖਵਿੰਦਰ ਸਿੰਘ ਦੀ ਓਵਰਡੋਜ਼ ਨਾਲ ਹੋਈ ਮੌਤ ਨੇ ਮਾਨ ਸਰਕਾਰ ਦੇ ਦਾਅਵਿਆਂ ਤੇ ਵਾਅਦਿਆਂ ਦੀ ਤਸਵੀਰ ਇਕ ਵਾਰ ਫਿਰ ਧੁੰਦਲੀ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਸਰਕਾਰੀ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਯਕੀਨੀ ਬਣਾਉਣ ਲਈ ਕਿਹਾ

ਮ੍ਰਿਤਕ ਲਖਵਿੰਦਰ ਸਿੰਘ ਦੇ ਪਿਤਾ ਨੇ ਪੁਲਸ ਨੂੰ ਲਿਖਵਾਏ ਬਿਆਨਾਂ 'ਚ ਦੱਸਿਆ ਕਿ ਉਸ ਦਾ ਪੁੱਤਰ 3 ਸਾਲ ਤੋਂ ਚਿੱਟੇ ਦਾ ਨਾਮੁਰਾਦ ਨਸ਼ਾ ਕਰ ਰਿਹਾ ਸੀ, ਜਿਸ ਕਾਰਨ ਨਸ਼ਾ ਤਸਕਰਾਂ ਰਾਜ ਸਿੰਘ ਉਰਫ਼ ਰਾਜੂ ਵਾਸੀ ਬਸਤੀ ਸੋਢੀਆਂ, ਰਾਜਕਰਨ ਸਿੰਘ ਸਰਫ਼ਲੀ ਤੇ ਦੀਪਾ ਵਾਸੀ ਸਰਫਲੀ ਹਾਲ ਅਬਾਦ ਪਿੰਡ ਟਿਵਾਣਾ ਥਾਣਾ ਸਦਰ ਜਲਾਲਾਬਾਦ ਨੇ ਨਸ਼ਾ ਗਾਹਕਾਂ ਨੂੰ ਸਪਲਾਈ ਕਰਨ ਲਈ ਲਖਵਿੰਦਰ ਨੂੰ ਨਾਲ ਜੋੜ ਲਿਆ, ਜਿਸ ਦੇ ਇਵਜ਼ 'ਚ ਕਥਿਤ ਦੋਸ਼ੀ ਤਸਕਰ ਲਖਵਿੰਦਰ ਨੂੰ ਮੁਫ਼ਤ 'ਚ ਨਸ਼ਾ ਦੇਣ ਲੱਗ ਪਏ।

ਇਹ ਵੀ ਪੜ੍ਹੋ : ਵੱਡੀ ਖ਼ਬਰ: ਕੇਂਦਰ ਸਰਕਾਰ ਨੇ ਬਦਲਿਆ ਫ਼ੈਸਲਾ, ਨਹੀਂ ਹੋਵੇਗਾ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ

ਪੀੜਤ ਪਿਓ ਨੇ ਦੱਸਿਆ ਕਿ ਪਹਿਲੀ ਅਗਸਤ ਨੂੰ ਉਕਤ ਰਾਜਕਰਨ ਆਦਿ ਉਸ ਦੇ ਮੁੰਡੇ ਨੂੰ ਨਾਲ ਗਏ, ਜਦੋਂ ਲਖਵਿੰਦਰ ਵਾਪਸ ਨਾ ਆਇਆ ਤਾਂ ਪੁੱਛਣ 'ਤੇ ਟਾਲਮਟੋਲ ਕਰਨ ਲੱਗ ਪਏ। ਇਸੇ ਦੌਰਾਨ ਕੀਤੀ ਜਾ ਰਹੀ ਭਾਲ ਦੇ ਚੱਲਦਿਆਂ ਲਖਵਿੰਦਰ ਦੀ ਲਾਸ਼ ਬੰਨ੍ਹ ਦਰਿਆ ਹੇਠਲੇ ਸੇਮ ਨਾਲੇ 'ਚੋਂ ਮਿਲੀ। ਮੁੱਦਈ ਨੇ ਕਿਹਾ ਕਿ ਉਸ ਦੇ ਪੁੱਤਰ ਨੂੰ ਕਥਿਤ ਦੋਸ਼ੀਆਂ ਨੇ ਹੀ ਚਿੱਟੇ ਦੀ ਓਵਰਡੋਜ਼ ਦੇ ਕੇ ਮਾਰਿਆ ਹੈ। ਪੁਲਸ ਵੱਲੋਂ ਮੁਕੱਦਮਾ ਦਰਜ ਕਰਕੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਸੀ। ਇਕ ਹੋਰ ਮਾਮਲੇ 'ਚ ਹੌਲਦਾਰ ਦਿਲਬਾਗ ਸਿੰਘ ਨੇ ਸੂਹ ਮਿਲਣ 'ਤੇ ਬੱਸ ਅੱਡਾ ਜੋਗੇਵਾਲਾ ਕੋਲੋਂ ਬਿਕਰਮਜੀਤ ਸਿੰਘ ਨਾਂ ਦੇ ਵਿਅਕਤੀ ਨੂੰ ਚੋਰੀ ਦੇ ਮੋਟਰਸਾਈਕਲ ਸਮੇਤ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਨੇ ਮੰਨਿਆ ਕਿ ਉਸ ਨੇ ਲਵਲੀ ਨਾਂ ਦੇ ਮੁੰਡੇ ਨਾਲ ਰਲ ਕੇ ਉਕਤ ਮੋਟਰਸਾਈਕਲ ਚੋਰੀ ਕੀਤਾ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News