ਟਰੇਨ ਦੀ ਲਪੇਟ ''ਚ ਆਉਣ ਨਾਲ ਵਿਅਕਤੀ ਦੀ ਮੌਤ

09/23/2019 7:08:09 PM

ਮੋਗਾ (ਆਜ਼ਾਦ)–ਅੱਜ ਦੁਪਹਿਰ ਬਾਅਦ ਟਰੇਨ ਦੀ ਲਪੇਟ 'ਚ ਆਉਣ ਨਾਲ ਇਕ ਵਿਅਕਤੀ ਦੀ ਮੌਤ ਹੋ ਜਾਣ ਦਾ ਪਤਾ ਲੱਗਾ ਹੈ। ਹਾਦਸੇ ਦਾ ਪਤਾ ਲੱਗਣ 'ਤੇ ਰੇਲਵੇ ਪੁਲਸ ਚੌਕੀ ਦੇ ਮੁਖੀ ਥਾਣੇਦਾਰ ਛਿੰਦਰਪਾਲ ਸਿੰਘ ਪੁਲਸ ਮੁਲਾਜ਼ਮਾਂ ਸਣੇ ਘਟਨਾ ਸਥਾਨ 'ਤੇ ਪੁੱਜੇ, ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ ਅਤੇ ਸਮਾਜ ਸੇਵਾ ਸੋਸਾਇਟੀ ਦੇ ਸਹਿਯੋਗ ਨਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਮੋਗਾ ਪਹੁੰਚਾਇਆ। ਜਾਣਕਾਰੀ ਦਿੰਦਿਆਂ ਥਾਣੇਦਾਰ ਛਿੰਦਰਪਾਲ ਸਿੰਘ ਨੇ ਕਿਹਾ ਕਿ ਮ੍ਰਿਤਕ ਦੀ ਪਛਾਣ ਜੀਤ ਸਿੰਘ (52) ਪੁੱਤਰ ਤਾਰਾ ਨਿਵਾਸੀ ਪਿੰਡ ਚੁੱਪਕੀਤੀ ਦੇ ਤੌਰ 'ਤੇ ਹੋਈ ਹੈ। ਮ੍ਰਿਤਕ ਦੇ ਵਾਰਸਾਂ ਅਨੁਸਾਰ ਉਹ ਦੋ ਬੇਟੀਆਂ ਅਤੇ ਦੋ ਬੇਟਿਆਂ ਦਾ ਪਿਤਾ ਸੀ। ਉਹ ਪਹਿਲਾਂ ਡਰਾਈਵਰੀ ਕਰਦਾ ਸੀ ਪਰ ਹੁਣ ਉਹ ਕੋਈ ਕੰਮ ਨਹੀਂ ਕਰਦਾ ਸੀ ਅਤੇ ਕਾਫੀ ਸਮੇਂ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਦਾ ਇਲਾਜ ਵੀ ਚੱਲ ਰਿਹਾ ਸੀ। ਅੱਜ ਜਦ ਲੁਧਿਆਣਾ ਤੋਂ ਫਿਰੋਜ਼ਪੁਰ ਜਾਣ ਵਾਲੀ ਟਰੇਨ ਕੋਟਕਪੂਰਾ ਬਾਈਪਾਸ ਰੇਲਵੇ ਪੁਲ ਤੋਂ ਥੋੜ੍ਹਾ ਪਿੱਛੇ ਸੀ ਤਾਂ ਜੀਤ ਸਿੰਘ ਉਕਤ ਗੱਡੀ ਦੀ ਲਪੇਟ 'ਚ ਆ ਗਿਆ, ਜਿਸ ਕਾਰਣ ਉਸ ਦੀ ਮੌਕੇ 'ਤੇ ਮੌਤ ਹੋ ਗਈ। ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਕਰਵਾਉਣ ਦੇ ਬਾਅਦ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤਾ ਗਿਆ।

Karan Kumar

This news is Content Editor Karan Kumar