ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ

12/19/2020 8:00:11 PM

ਅਮਲੋਹ,(ਗਰਗ)- ਪੰਜਾਬ ਸਰਕਾਰ ਵੱਲੋਂ ਨਸ਼ੇ ਨੂੰ ਖਤਮ ਕਰਨ ਲਈ ਵੱਡੇ ਪੱਧਰ ’ਤੇ ਮੁਹਿੰਮ ਵਿੱਢੀ ਹੋਈ ਹੈ ਪਰ ਫਿਰ ਵੀ ਨਸ਼ੇ ਦੀ ਓਵਰਡੋਜ਼ ਨਾਲ ਮੌਤਾਂ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇਕ ਮਾਮਲਾ ਨਜ਼ਦੀਕੀ ਪਿੰਡ ਭੱਦਲਥੂਹਾ ਵਿਖੇ ਸਾਹਮਣੇ ਆਇਆ ਹੈ, ਜਿੱਥੇ ਨੌਜਵਾਨ ਗੁਰਪ੍ਰੀਤ ਸਿੰਘ ਪੁੱਤਰ ਹਰਜੀਤ ਸਿੰਘ ਦੀ ਬੀਤੇ ਦਿਨੀਂ ਨਸ਼ੇ ਦੀ ਜ਼ਿਆਦਾ ਮਾਤਰਾ ਲੈਣ ਕਾਰਣ ਮੌਤ ਹੋ ਗਈ ਹੈ।

ਇਸ ਮੌਕੇ ਮ੍ਰਿਤਕ ਦੇ ਪਿਤਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦਾ ਲੜਕਾ ਦੋ ਦਿਨ ਪਹਿਲਾਂ ਕਰੀਬ ਇਕ ਸਾਲ ਨਸ਼ਾ ਛੁਡਾਊ ਕੇਂਦਰ ’ਚ ਰਹਿ ਕੇ ਘਰ ਵਾਪਸ ਆਇਆ ਸੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੁਪਿਹਰ 1 ਵਜੇ ਦੇ ਕਰੀਬ ਪਿੰਡ ਦੇ ਕਿਸੇ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਪਿੰਡ ਦੇ ਸ਼ਮਸ਼ਨਘਾਟ ਕੋਲ ਡਿੱਗਿਆ ਪਿਆ ਹੈ, ਜਦ ਉਨ੍ਹਾਂ ਪਿੰਡ ਵਾਸੀਆਂ ਨਾਲ ਜਾ ਕੇ ਦੇਖਿਆ ਤਾਂ ਉਨ੍ਹਾਂ ਦਾ ਲੜਕਾ ਮ੍ਰਿਤਕ ਹਾਲਤ ’ਚ ਪਿਆ ਸੀ, ਜਿਸ ਕੋਲੋਂ ਇਕ ਨਸ਼ੇ ਲਈ ਵਰਤੀ ਸਰਿੰਜ ਮਿਲੀ ਹੈ। ਇਸ ਮੌਕੇ ਉਨ੍ਹਾਂ ਪਿੰਡ ਦੇ ਇਕ ਨੌਜਵਾਨ ’ਤੇ ਆਪਣੇ ਲੜਕੇ ਨੂੰ ਨਸ਼ਾ ਦੇਣ ਦਾ ਸ਼ੱਕ ਵੀ ਪ੍ਰਗਟਾਇਆ ਹੈ, ਜਿਸ ਨੂੰ ਪੁਲਸ ਵੱਲੋਂ ਹਿਰਾਸਤ ’ਚ ਲੈ ਲਿਆ ਗਿਆ ਹੈ। ਇਸ ਮੌਕੇ ਮ੍ਰਿਤਕ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਅਮਲੋਹ ਵਿਖੇ ਭੇਜ ਦਿੱਤਾ ਗਿਆ ਹੈ।

Bharat Thapa

This news is Content Editor Bharat Thapa