ਸੜਕ ਹਾਦਸੇ ਦੌਰਾਨ ਨੌਜਵਾਨ ਦੀ ਮੌਤ

11/30/2019 12:17:56 AM

ਖੰਨਾ, (ਜ. ਬ.)— ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਸ ਨੇ ਲਖਵਿੰਦਰ ਸਿੰਘ ਪੁੱਤਰ ਈਸ਼ਰ ਸਿੰਘ ਵਾਸੀ ਅਲਾਦਾਦਪੁਰ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ ਅਣਪਛਾਤੇ ਚਾਲਕ ਖਿਲਾਫ ਕੇਸ ਦਰਜ ਕਰ ਕੇ ਕਥਿਤ ਦੋਸ਼ੀ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਸਮਾਚਾਰ ਲਿਖੇ ਜਾਣ ਤਕ ਮੁਲਜ਼ਮ ਪੁਲਸ ਦੀ ਗਿਰਫਤ 'ਚੋਂ ਬਾਹਰ ਸੀ।
ਸ਼ਿਕਾਇਤਕਰਤਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਵਾਲੇ ਦਿਨ ਉਹ ਆਪਣੇ ਲੜਕੇ ਗੁਰਪ੍ਰੀਤ ਸਿੰਘ ਦੇ ਨਾਲ ਆਪਣੇ ਵੱਖ-ਵੱਖ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਕਿਸੇ ਕੰਮ ਦੇ ਸਿਲਸਿਲੇ 'ਚ ਖੰਨਾ ਜਾ ਰਹੇ ਸਨ, ਜਿਵੇਂ ਹੀ ਉਹ ਲੋਕ ਅਲੌੜ ਪਿੰਡ ਦੇ ਅੰਡਰਬ੍ਰਿਜ ਕੋਲ ਪੁੱਜੇ ਤਾਂ ਉਸਨੇ ਦੇਖਿਆ ਕਿ ਉਸਦਾ ਲੜਕਾ, ਜੋ ਕਿ ਆਪਣੇ ਮੋਟਰਸਾਈਕਲ 'ਤੇ ਉਸਦੇ ਪਿੱਛੇ-ਪਿੱਛੇ ਆ ਰਿਹਾ ਸੀ, ਦਿਖਾਈ ਨਹੀਂ ਦਿੱਤਾ। ਜਦੋਂ ਉਸਨੇ ਆਪਣਾ ਮੋਟਰਸਾਈਕਲ ਮੋੜਿਆ ਤਾਂ ਥੋੜ੍ਹੀ ਦੂਰੀ 'ਤੇ ਦੇਖਿਆ ਕਿ ਉਸਦਾ ਲੜਕਾ ਸੜਕ 'ਚ ਖੂਨ ਨਾਲ ਲੱਥਪੱਥ ਹਾਲਤ 'ਚ ਪਿਆ ਸੀ। ਗੰਭੀਰ ਹਾਲਤ 'ਚ ਐਂਬੂਲੈਂਸ 108 ਨੂੰ ਬੁਲਾਉਂਦੇ ਹੋਏ ਜਦੋਂ ਉਸਨੂੰ ਸਿਵਲ ਹਸਪਤਾਲ ਲਿਜਾਇਆ ਗਿਆ ਤਾਂ ਡਿਊਟੀ 'ਤੇ ਤਾਇਨਾਤ ਡਾਕਟਰ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਸਬੰਧੀ ਆਈ. ਓ. ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਪੁਲਸ ਇਸ ਸਬੰਧੀ ਚਾਲਕ ਨੂੰ ਲੱਭਣ ਲਈ ਆਸਪਾਸ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲ ਰਹੀ ਹੈ, ਜਿਸਦੀ ਸਹਾਇਤਾ ਨਾਲ ਪੁਲਸ ਕਥਿਤ ਦੋਸ਼ੀ ਨੂੰ ਛੇਤੀ ਹੀ ਗ੍ਰਿਫਤਾਰ ਕਰ ਲਵੇਗੀ।
 


KamalJeet Singh

Content Editor

Related News