ਕੰਟੇਨਰ ਦੀ ਲਪੇਟ ''ਚ ਆਉਣ ਨਾਲ ਵਿਅਕਤੀ ਦੀ ਮੌਤ

10/18/2019 12:44:25 AM

ਲੁਧਿਆਣਾ, (ਰਾਮ)— ਦਿੱਲੀ ਤੋਂ ਜਲੰਧਰ ਇਕ ਆਟੋ ਮੋਬਾਇਲ ਕੰਪਨੀ ਦੀਆਂ ਕਾਰਾਂ ਲੋਡ ਕਰ ਕੇ ਲਿਜਾ ਰਹੇ ਇਕ ਵੱਡੇ ਕੰਟੇਨਰ ਚਾਲਕ ਵਲੋਂ ਓਵਰਟੇਕ ਕਰਨ ਦੀ ਜਲਦੀ 'ਚ ਇਕ ਟਰੈਕਟਰ-ਟਰਾਲੀ ਚਾਲਕ ਨੂੰ ਮਾਰੀ ਗਈ ਕਥਿਤ ਟੱਕਰ 'ਚ ਟਰੈਕਟਰ ਚਾਲਕ ਦੀ ਮੌਤ ਹੋ ਗਈ। ਜਦਕਿ ਉਸ ਦਾ ਸਾਥੀ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਰਾਹਗੀਰਾਂ ਨੇ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ।
ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਪ੍ਰੇਮ ਚੰਦ ਵਾਸੀ ਅੰਬਾਲਾ ਵਜੋਂ ਹੋਈ ਹੈ। ਜੋ ਬਿਆਸ ਵਿਖੇ ਸਥਿਤ ਇਕ ਡੇਰੇ 'ਤੇ ਸੇਵਾ ਕਰਨ ਲਈ ਆਪਣੇ ਸਾਥੀ ਨਾਲ ਟਰੈਕਟਰ-ਟਰਾਲੀ ਲਿਜਾ ਰਿਹਾ ਸੀ। ਜਦੋਂ ਉਹ ਕੈਂਸਰ ਹਸਪਤਾਲ ਨੇੜੇ ਪਹੁੰਚਿਆ ਤਾਂ ਉਕਤ ਕੰਟੇਨਰ ਚਾਲਕ ਨੇ ਉਸ ਨੂੰ ਓਵਰਟੇਕ ਕਰਨ ਦੀ ਜਲਦੀ 'ਚ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ। ਜਿਸ ਨਾਲ ਟਰੈਕਟਰ ਚਾਲਕ ਹੇਠਾਂ ਡਿੱਗ ਗਿਆ, ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦਕਿ ਉਸ ਦਾ ਦੂਸਰਾ ਸਾਥੀ ਗੰਭੀਰ ਜ਼ਖਮੀ ਹੋ ਗਿਆ। ਸੂਚਨਾ ਮਿਲਦੇ ਹੀ ਥਾਣਾ ਮੋਤੀ ਨਗਰ ਦੇ ਇੰਚਾਰਜ ਇੰਸਪੈਕਟਰ ਪ੍ਰਗਟ ਸਿੰਘ ਆਪਣੀ ਪੁਲਸ ਟੀਮ ਸਮੇਤ ਤੁਰੰਤ ਮੌਕੇ 'ਤੇ ਪਹੁੰਚੇ, ਜਿਨ੍ਹਾਂ ਨੇ ਕੰਟੇਨਰ ਨੂੰ ਕਬਜ਼ੇ 'ਚ ਲੈ ਕੇ ਚਾਲਕ ਨੂੰ ਹਿਰਾਸਤ 'ਚ ਲੈ ਲਿਆ, ਜਿਸ ਦੀ ਪਛਾਣ ਸੋਨੂੰ ਕੁਮਾਰ ਵਜੋਂ ਹੋਈ ਹੈ।

100 ਮੀਟਰ ਤੱਕ ਘੜੀਸਦਾ ਲੈ ਗਿਆ ਟਰੈਕਟਰ-ਟਰਾਲੀ
ਦੇਖਣ ਵਾਲਿਆਂ ਅਨੁਸਾਰ ਹੁੰਡਈ ਦੀਆਂ ਗੱਡੀਆਂ ਨਾਲ ਭਰੇ ਹੋਏ ਉਕਤ ਕੰਟੇਨਰ ਵੱਲੋਂ ਟਰੈਕਟਰ-ਟਰਾਲੀ ਚਾਲਕ ਨੂੰ ਮਾਰੀ ਗਈ ਟੱਕਰ ਇੰਨੀ ਕੁ ਜ਼ਬਰਦਸਤ ਸੀ ਕਿ ਕੰਟੇਨਰ ਓਵਰਟੇਕ ਕਰਨ ਦੌਰਾਨ ਟਰੈਕਟਰ-ਟਰਾਲੀ ਚਾਲਕ ਨੂੰ ਕਰੀਬ 100 ਮੀਟਰ ਤੱਕ ਘੜੀਸਦਾ ਹੋਇਆ ਲੈ ਗਿਆ। ਜਿਸ ਨੇ ਲੋਕਾਂ ਵੱਲੋਂ ਰੌਲਾ ਪਾਉਣ ਤੋਂ ਬਾਅਦ ਆਪਣਾ ਕੰਟੇਨਰ ਰੋਕਿਆ। ਥਾਣਾ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।


KamalJeet Singh

Content Editor

Related News