ਹਥਿਆਰਬੰਦਾਂ ਵੱਲੋਂ ਠੇਕੇ ਦੇ ਕਰਿੰਦੇ ’ਤੇ ਜਾਨਲੇਵਾ ਹਮਲਾ, ਨਕਦੀ ਲੁੱਟੀ

01/14/2020 8:06:06 PM

ਮੋਗਾ, (ਆਜ਼ਾਦ)– ਪਿੰਡ ਲੰਗੇਆਣਾ ਪੁਰਾਣਾ ਵਿਖੇ ਹਥਿਆਰਬੰਦ ਵਿਅਕਤੀਆਂ ਵੱਲੋਂ ਠੇਕੇ ਦੇ ਕਰਿੰਦੇ ਰਵਿੰਦਰ ਸਿੰਘ ਵਾਸੀ ਹਿਮਾਚਲ ਪ੍ਰਦੇਸ਼ ਹਾਲ ਆਬਾਦ ਲੰਗੇਆਣਾ ਖੁਰਦ ’ਤੇ ਜਾਨਲੇਵਾ ਹਮਲਾ ਕਰ ਕੇ ਉਸ ਨੂੰ ਬੁਰ੍ਹੀ ਤਰ੍ਹਾਂ ਕੁੱਟ-ਮਾਰ ਕਰ ਕੇ ਜ਼ਖਮੀ ਕੀਤੇ ਜਾਣ ਦੇ ਇਲਾਵਾ ਗੱਲੇ ’ਚੋਂ 13,000 ਨਕਦੀ ਲੁੱਟ ਕੇ ਲਿਜਾਣ ਦਾ ਪਤਾ ਲੱਗਾ ਹੈ, ਜਿਸ ਨੂੰ ਬਠਿੰਡਾ ਦੇ ਇਕ ਪ੍ਰਾਈਵੇਟ ਹਸਪਤਾਲ ’ਚ ਦਾਖਲ ਕਰਵਾਉਣਾ ਪਿਆ। ਘਟਨਾ ਦੀ ਜਾਣਕਾਰੀ ਮਿਲਣ ’ਤੇ ਥਾਣਾ ਬਾਘਾਪੁਰਾਣਾ ਦੇ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਪੁਲਸ ਪਾਰਟੀ ਸਣੇ ਮੌਕੇ ’ਤੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਕੋਲੋਂ ਪੁੱਛ-ਗਿੱਛ ਕੀਤੀ।

ਪੁਲਸ ਸੂਤਰਾਂ ਅਨੁਸਾਰ ਰਵਿੰਦਰ ਸਿੰਘ ਪੁੱਤਰ ਮਨੋਹਰ ਲਾਲ ਨੇ ਕਿਹਾ ਕਿ ਉਹ ਪਿੰਡ ਲੰਗੇਆਣਾ ਪੁਰਾਣਾ ਵਿਖੇ 10 ਅਪ੍ਰੈਲ, 2019 ਤੋਂ ਰਾਜ ਕੁਮਾਰ ਠੇਕੇਦਾਰ ਵਾਸੀ ਮੁੱਦਕੀ ਰੋਡ ਬਾਘਾਪੁਰਾਣਾ ਜਿਸ ਕੋਲ ਉਕਤ ਠੇਕੇ ਦੀ ਬ੍ਰਾਂਚ ਹੈ, ਬਤੌਰ ਸੇਲਜ਼ਮੈਨ ਲੱਗਾ ਹੋਇਆ ਹੈ। ਬੀਤੀ 2 ਜਨਵਰੀ ਨੂੰ ਰਾਤ 8.30 ਵਜੇ ਜਦੋਂ ਉਹ ਠੇਕੇ ਦਾ ਗੇਟ ਬੰਦ ਕਰ ਕੇ ਕੰਮ ਕਰ ਰਿਹਾ ਸੀ ਤਾਂ ਚਾਰ ਨੌਜਵਾਨ ਠੇਕੇ ਦੀ ਛੱਤ ’ਤੇ ਚਡ਼੍ਹ ਕੇ ਪਿਛਲੇ ਪਾਸੇ ਰਾਹੀਂ ਠੇਕੇ ਅੰਦਰ ਦਾਖਲ ਹੋ ਗਏ ਅਤੇ ਮੇਰੇ ਸਿਰ ’ਚ ਆਉਂਦਿਆਂ ਹੀ ਤੇਜ਼ਧਾਰ ਕਾਪਾ ਮਾਰਿਆ, ਜਿਸ ’ਤੇ ਮੈਂ ਡਿੱਗ ਪਿਆ। ਇਸੇ ਦੌਰਾਨ ਉਸ ਦੇ ਸਾਥੀਆਂ ਨੇ ਉਸ ਨੂੰ ਬੇਸਬਾਲ ਨਾਲ ਬੁਰੀ ਤਰ੍ਹਾਂ ਨਾਲ ਕੁੱਟ-ਮਾਰ ਕਰ ਕੇ ਜ਼ਖਮੀ ਕਰ ਦਿੱਤਾ, ਜਿਸ ’ਤੇ ਮੈਂ ਰੌਲਾ ਪਾਇਆ ਤਾਂ ਕਥਿਤ ਦੋਸ਼ੀ ਸੁਖਵਿੰਦਰ ਸਿੰਘ ਉਰਫ ਭਿੰਡੀ ਵਾਸੀ ਪਿੰਡ ਲੰਗੇਆਣਾ ਪੁਰਾਣਾ, ਜੋ ਸਾਡੇ ਠੇਕੇ ਦੇ ਗੁਆਂਢ ਰਹਿੰਦਾ ਹੈ, ਗੱਲੇ ’ਚੋਂ ਕਰੀਬ 13,000 ਰੁਪਏ ਕੱਢੇ ਅਤੇ ਆਪਣੇ ਸਾਥੀਆਂ ਸਮੇਤ ਮੌਕੇ ਤੋਂ ਫਰਾਰ ਹੋ ਗਏ।

ਠੇਕੇ ਦੇ ਕਰਿੰਦੇ ਨੇ ਕਿਹਾ ਕਿ ਅਣਪਛਾਤੇ ਵਿਅਕਤੀਆਂ ਨੂੰ ਮੈਂ ਸਾਹਮਣੇ ਆਉਣ ’ਤੇ ਪਛਾਣ ਸਕਦਾ ਹਾਂ। ਉਸ ਨੇ ਇਹ ਵੀ ਕਿਹਾ ਕਿ ਕਥਿਤ ਦੋਸ਼ੀ ਇਥੋਂ ਸ਼ਰਾਬ ਦਾ ਠੇਕਾ ਚੁਕਾਉਣਾ ਚਾਹੁੰਦੇ ਹਨ ਅਤੇ ਮੇਰੇ ਮਾਲਕਾਂ ਨੇ ਠੇਕਾ ਮਨਜ਼ੂਰਸ਼ੁਦਾ ਹੋਣ ਕਰ ਕੇ ਨਹੀਂ ਚੁੱਕਿਆ। ਇਸੇ ਰੰਜਿਸ਼ ਕਾਰਣ ਉਨ੍ਹਾਂ ਮੇਰੇ ’ਤੇ ਜਾਨਲੇਵਾ ਹਮਲਾ ਕੀਤਾ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਗੁਰਤੇਜ ਸਿੰਘ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਸੁਖਵਿੰਦਰ ਸਿੰਘ ਉਰਫ ਭਿੰਡੀ ਪੁੱਤਰ ਬਲਦੇਵ ਸਿੰਘ ਅਤੇ ਉਸ ਦੇ ਤਿੰਨ ਅਣਪਛਾਤੇ ਸਾਥੀਆਂ ਖਿਲਾਫ ਥਾਣਾ ਬਾਘਾਪੁਰਾਣਾ ’ਚ ਮਾਮਲਾ ਦਰਜ ਕਰ ਲਿਆ ਗਿਆ ਹੈ। ਗ੍ਰਿਫਤਾਰੀ ਬਾਕੀ ਹੈ।


Bharat Thapa

Content Editor

Related News