ਮ੍ਰਿਤਕ ਕਿਸਾਨ ਦੇ ਸਸਕਾਰ ਲਈ ਕਿਸਾਨ ਯੂਨੀਅਨ ਨੇ ਸਰਕਾਰ ਸਾਹਮਣੇ ਰੱਖੀਆਂ ਤਿੰਨ ਸ਼ਰਤਾਂ

09/19/2020 6:59:20 PM

ਬੁਢਲਾਡਾ,(ਬਾਂਸਲ) - ਇੱਥੋ ਨੇੜਲੇ ਪਿੰਡ ਅੱਕਾਵਾਲੀ ਦੇ ਬੁਜ਼ਰਗ ਕਿਸਾਨ ਮ੍ਰਿਤਕ ਪ੍ਰੀਤਮ ਸਿੰਘ ਵੱਲੋਂ ਬੀਤੇ ਕੱਲ੍ਹ ਬਾਦਲਾਂ ਦੇ ਘਰ ਸਾਹਮਣੇ ਸਲਫ਼ਾਸ ਖਾਧੀ ਸੀ ਤੇ ਉਸ ਦੀ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਟੀਮ ਵਲੋਂ ਪੰਜਾਬ ਸਰਕਾਰ ਸਾਹਮਣੇ ਸਸਕਾਰ ਲਈ ਤਿੰਨ ਸ਼ਰਤਾਂ ਰੱਖੀਆਂ ਗਈਆਂ ਹਨ। ਜਥੇਬੰਦੀ ਦੇ ਮਾਨਸਾ ਜ਼ਿਲ੍ਹੇ ਦੇ ਪ੍ਰਧਾਨ ਰਾਮ ਸਿੰਘ ਭੈਣੀ ਬਾਘਾ ਨੇ ਦੱਸਿਆ ਕਿ ਮ੍ਰਿਤਕ ਪ੍ਰੀਤਮ ਸਿੰਘ (65) ਪੁੱਤਰ ਬਚਨ ਸਿੰਘ ਦੇ ਪਰਿਵਾਰ ਸਿਰ ਚੜ੍ਹਿਆ ਸਾਰਾ ਸਰਕਾਰੀ ਅਤੇ ਪ੍ਰਾਈਵੇਟ ਕਰਜ਼ਾ ਮੁਆਫ਼, ਸਰਕਾਰੀ ਨਿਯਮਾਂ ਅਨੁਸਾਰ ਲੱਖਾਂ ਰੁਪਏ ਦੀ ਮੁਆਵਜਾ ਅਤੇ ਪਰਿਵਾਰ ਦੇ ਇਕ ਵਿਅਕਤੀ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਰੱਖੀ ਗਈ ਹੈ। ਕਿਸਾਨ ਆਗੂ ਨੇ ਕਿਹਾ ਕਿ ਇਸ ਮਾਮਲੇ ਲਈ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸਮੇਤ ਬਠਿੰਡਾ ਅਤੇ
ਮੁਕਤਸਰ ਦੇ ਡਿਪਟੀ ਕਮਿਸ਼ਨਰਾਂ ਨੇ ਮੀਟਿੰਗ ਵਾਸਤੇ ਜਥੇਬੰਦਕ ਆਗੂਆਂ ਨੂੰ ਬਠਿੰਡਾ ਦੇ ਪ੍ਰਬੰਧਕੀ ਕੰਪਲੈਕਸ ਵਿਖੇ ਬੁਲਾ ਲਿਆ ਹੈ।
ਉਨ੍ਹਾਂ ਕਿਹਾ ਕਿ ਜਥੇਬੰਦੀ ਇਨ੍ਹਾਂ ਮੰਗਾਂ ਤੋਂ ਬਿਨਾਂ ਕੋਈ ਹੋਰ ਸਮਝੋਤਾ ਨਹੀਂ ਕਰੇਗੀ।

Deepak Kumar

This news is Content Editor Deepak Kumar