ਪਾਣੀ ਵਾਲੇ ਟੈਂਕ ''ਚੋਂ ਮਿਲੀ ਔਰਤ ਦੀ ਲਾਸ਼

02/11/2020 12:51:38 AM

ਸਾਹਨੇਵਾਲ/ਕੁਹਾੜਾ, (ਜਗਰੂਪ)— ਥਾਣਾ ਕੂੰਮਕਲਾਂ ਅਧੀਨ ਆਉਂਦੇ ਪਿੰਡ ਹੀਰਾ ਦੇ ਖੇਤਾਂ 'ਚੋਂ ਇਕ ਔਰਤ ਦੀ ਨੰਗੀ ਹਾਲਤ 'ਚ ਲਾਸ਼ ਬਰਾਮਦ ਹੋਈ ਹੈ, ਜਿਸ ਨੂੰ ਦੇਖ ਕੇ ਸ਼ੱਕ ਜਤਾਇਆ ਜਾ ਰਹੀ ਹੈ ਕਿ ਹੱਤਿਆਰਿਆਂ ਨੇ ਔਰਤ ਦਾ ਕਥਿਤ ਜਬਰ-ਜ਼ਨਾਹ ਕਰਨ ਦੇ ਬਾਅਦ ਉਸ ਨੂੰ ਪਾਣੀ ਵਾਲੇ ਟੈਂਕ 'ਚ ਲਟਕਾ ਕੇ ਉਸ ਦੀ ਹੱਤਿਆ ਕੀਤੀ ਹੈ ਪਰ ਫਿਰ ਵੀ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜਿਸ ਬਾਰੇ ਸੂਚਨਾ ਮਿਲਦੇ ਹੀ ਥਾਣਾ ਮੁਖੀ ਸਬ ਇੰਸਪੈਕਟਰ ਪਰਮਜੀਤ ਸਿੰਘ ਅਤੇ ਸੀ.ਆਈ.ਏ.-2 ਮੁਖੀ ਪ੍ਰਵੀਨ ਰਣਦੇਵ ਨੇ ਆਪਣੀਆਂ ਟੀਮਾਂ ਸਮੇਤ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ। ਜਾਣਕਾਰੀ ਅਨੁਸਾਰ ਪਿੰਡ ਪਾਂਗਲੀਆਂ ਦੇ ਰਹਿਣ ਵਾਲੇ ਭਗਵੰਤ ਸਿੰਘ ਪੁੱਤਰ ਗੁਰਦੇਵ ਸਿੰਘ ਨੇ ਦੱਸਿਆ ਕਿ ਉਸ ਨੇ ਪਿੰਡ ਹੀਰਾਂ 'ਚ ਜ਼ਮੀਨ ਠੇਕੇ 'ਤੇ ਲੈ ਰੱਖੀ ਹੈ। ਸੋਮਵਾਰ ਜਦੋਂ ਉਹ ਜ਼ਮੀਨ 'ਚ ਦੁਪਹਿਰ ਕਰੀਬ ਸਾਢੇ 12 ਵਜੇ ਖੇਤਾਂ ਨੂੰ ਪਾਣੀ ਲਾਉਣ ਲਈ ਗਿਆ ਤਾਂ ਮੋਟਰ ਦਾ ਸਵਿੱਚ ਆਨ ਕੀਤਾ ਅਤੇ ਕਹੀ ਲੈ ਕੇ ਪਾਣੀ ਦਾ ਨੱਕਾ ਮੋੜਨ ਲਈ ਚਲਾ ਗਿਆ ਪਰ ਜਦੋਂ ਅੱਗੇ ਪਹੁੰਚਿਆ ਤਾਂ ਦੇਖਿਆ ਕਿ ਪਾਣੀ ਵਾਲੇ ਟੈਂਕ (ਪਾਣੀ ਸਟੋਰ ਅਤੇ ਪਾਸ ਕਰਨ ਲਈ ਬਣਿਆ ਹੁੰਦਾ) ਕੋਲ ਜਾ ਕੇ ਦੇਖਿਆ ਤਾਂ ਪਾਣੀ ਇੰਟਰਨਲ ਪਾਈਪ 'ਚ ਇਕ ਔਰਤ ਦੀਆਂ ਨੰਗੀਆਂ ਲੱਤਾਂ ਵਿਖਾਈ ਦੇ ਰਹੀਆਂ ਸਨ ਜਿਸ 'ਤੇ ਉਸ ਨੇ ਤੁਰੰਤ ਪਿੰਡ ਦੇ ਸਰਪੰਚ ਜਸਵੰਤ ਸਿੰਘ ਨੂੰ ਇਸ ਬਾਰੇ ਸੂਚਿਤ ਕੀਤਾ ਜਿਨ੍ਹਾਂ ਨੇ ਨੇੜੇ ਹੀ ਸਥਿਤ ਕਟਾਣੀ ਕਲਾਂ ਚੌਕੀ ਪੁਲਸ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

ਅਣਪਛਾਤੇ ਹਤਿਆਰਿਆਂ ਖਿਲਾਫ ਮਾਮਲਾ ਦਰਜ : ਥਾਣਾ ਮੁਖੀ
ਥਾਣਾ ਕੂੰਮ ਕਲਾਂ ਦੇ ਇੰਚਾਰਜ ਪਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਔਰਤ ਦੀ ਅੰਦਾਜ਼ਨ ਉਮਰ 25 ਤੋਂ 30 ਸਾਲ ਦੇ ਵਿਚਕਾਰ ਹੈ ਜਿਸਦੀ ਪਛਾਣ ਲਈ ਆਸ-ਪਾਸ ਦੇ ਇਲਾਕਿਆਂ 'ਚ ਪੁੱਛਗਿੱਛ ਕੀਤੀ ਜਾ ਰਹੀ ਹੈ। ਫਿਲਹਾਲ ਪੁਲਸ ਨੇ ਅਣਪਛਾਤੇ ਹਤਿਆਰਿਆਂ ਦੇ ਖਿਲਾਫ ਹੱਤਿਆ ਅਤੇ ਸਬੂਤਾਂ ਨੂੰ ਖੁਰਦ-ਬੁਰਦ ਕਰਨ ਦੇ ਦੋਸ਼ਾਂ ਤਹਿਤ ਮਾਮਲਾ ਦਰਜ ਕਰ ਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ ਜਿਸ ਦੀ ਪੋਸਟਮਾਰਟਮ ਰਿਪੋਰਟ ਦੇ ਬਾਅਦ ਹੀ ਉਸ ਦੀ ਮੌਤ ਦੇ ਅਸਲ ਕਾਰਨਾਂ ਬਾਰੇ ਪਤਾ ਚੱਲ ਸਕੇਗਾ।

KamalJeet Singh

This news is Content Editor KamalJeet Singh