ਲਾਪਤਾ ਨੌਜਵਾਨ ਦੀ ਖੇਤਾਂ ''ਚੋਂ ਮਿਲੀ ਲਾਸ਼

11/26/2019 12:59:43 AM

ਫਿਲੌਰ, (ਭਾਖੜੀ)— ਪਿਛਲੇ 24 ਘੰਟਿਆਂ ਤੋਂ ਘਰੋਂ ਲਾਪਤਾ 23 ਸਾਲਾ ਨੌਜਵਾਨ ਚਰਨਜੀਤ ਦੀ ਲਾਸ਼ ਖੇਤਾਂ 'ਚ ਪਈ ਮਿਲੀ। ਲਾਸ਼ ਦੇ ਕੋਲ ਸਰਿੰਜ ਪਈ ਹੋਣ ਨਾਲ ਲੋਕਾਂ ਨੇ ਸ਼ੱਕ ਜਤਾਉਣਾ ਸ਼ੁਰੂ ਕਰ ਦਿੱਤਾ ਕਿ ਨੌਜਵਾਨ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਹੋਈ ਹੈ। ਮਾਂ ਨੇ ਕਿਹਾ ਕਿ ਉਸ ਦੇ ਬੇਟੇ ਨੂੰ ਨਸ਼ੇ ਦੀ ਓਵਰਡੋਜ਼ ਦੇ ਕੇ ਮਾਰਿਆ ਗਿਆ ਹੈ।
ਜਾਣਕਾਰੀ ਅਨੁਸਾਰ ਸੋਮਵਾਰ ਸਵੇਰ ਪਿੰਡ ਮਸਾਣੀ ਦੇ ਬਾਹਰ ਪੈਂਦੀ ਬੇਆਬਾਦ ਜਗ੍ਹਾ 'ਚ ਨੌਜਵਾਨ ਦੀ ਲਾਸ਼ ਪਈ ਮਿਲੀ। ਲਾਸ਼ ਦੇ ਬਿਲਕੁਲ ਕੋਲ ਇਕ ਸਰਿੰਜ ਪਈ ਸੀ, ਜਿਸ ਨੂੰ ਦੇਖ ਕੇ ਲੋਕਾਂ ਨੇ ਸ਼ੱਕ ਜਤਾਉਣਾ ਸ਼ੁਰੂ ਕਰ ਦਿੱਤਾ ਕਿ ਮ੍ਰਿਤਕ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਲਗਦੀ ਹੇ। ਸੂਚਨਾ ਮਿਲਦੇ ਹੀ ਧਲੇਤਾ ਪੁਲਸ ਚੌਕੀ ਇੰਚਾਰਜ ਘਟਨਾ ਸਥਾਨ 'ਤੇ ਪੁੱਜ ਗਏ। ਮ੍ਰਿਤਕ ਦੇ ਸਬੰਧ 'ਚ ਪਿੰਡ ਵਾਸੀਆਂ ਤੋਂ ਪੁੱਛਗਿਛ ਕਰਨੀ ਸ਼ੁਰੂ ਕੀਤੀ ਤਾਂ ਪਤਾ ਲੱਗਾ ਕਿ ਮ੍ਰਿਤਕ ਦਾ ਨਾਂ ਚਰਨਜੀਤ ਸਿੰਘ ਹੈ। ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਸ ਦਾ ਬੇਟੇ ਬੀਤੇ ਦਿਨ ਸਵੇਰ ਘਰੋਂ ਗਿਆ ਜੋ ਮੁੜ ਕੇ ਵਾਪਸ ਨਹੀਂ ਆਇਆ। ਰਾਤ ਨੂੰ ਉਨ੍ਹਾਂ ਨੂੰ ਪਤਾ ਲੱਗਾ ਕਿ ਉਸ ਦਾ ਬੇਟਾ ਪਿੰਡ ਦੇ ਇਕ ਨੌਜਵਾਨ ਦੇ ਨਾਲ ਮੋਟਰਸਾਈਕਲ 'ਤੇ ਘੁੰਮ ਰਿਹਾ ਸੀ। ਉਨ੍ਹਾਂ ਸੋਚਿਆ ਕਿ ਉਹ ਦੋਸਤਾਂ ਦੇ ਨਾਲ ਕਿਤੇ ਚਲਾ ਗਿਆ ਹੋਵੇਗਾ ਪਰ ਸਵੇਰ ਉਨ੍ਹਾਂ ਨੂੰ ਉਸ ਦੇ ਮਰੇ ਹੋਣ ਦੀ ਸੂਚਨਾ ਮਿਲੀ। ਮਾਂ ਤੇ ਪਿੰਡ ਵਾਸੀਆਂ ਨੇ ਪੁਲਸ ਨੂੰ ਇਹ ਵੀ ਦੱਸਿਆ ਕਿ ਮ੍ਰਿਤਕ ਚਰਨਜੀਤ ਸ਼ਰਾਬ ਤੋਂ ਇਲਾਵਾ ਹੋਰ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਕਰਦਾ ਸੀ। ਉਨ੍ਹਾਂ ਨੂੰ ਸ਼ੱਕ ਹੈ ਕਿ ਚਰਨਜੀਤ ਮਰਿਆ ਨਹੀਂ, ਸਗੋਂ ਉਸ ਨੂੰ ਨਸ਼ੇ ਦੀ ਓਵਰਡੋਜ਼ ਦੇ ਕੇ ਮਾਰਿਆ ਗਿਆ ਹੈ। ਮੌਤ ਦੇ ਕਾਰਨਾਂ ਦਾ ਪਤਾ ਲਾਉਣ ਲਈ ਪੁਲਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਲਈ ਲਾਸ਼ ਸਿਵਲ ਹਸਪਤਾਲ ਪਹੁੰਚਾ ਦਿੱਤੀ। ਚੌਕੀ ਇੰਚਾਰਜ ਨੇ ਕਿਹਾ ਕਿ ਮੌਤ ਦੇ ਕਾਰਨਾਂ ਦਾ ਸਹੀ ਪਤਾ ਪੋਸਟਮਾਰਟਮ ਹੋਣ ਤੋਂ ਬਾਅਦ ਲੱਗੇਗਾ।
 

KamalJeet Singh

This news is Content Editor KamalJeet Singh