ਨੂੰਹ ’ਤੇ ਲਾਇਆ ਜਾਇਦਾਦ ਖਾਤਰ ਝੂਠਾ ਮੁਕੱਦਮਾ ਦਰਜ ਕਰਵਾਉਣ ਦਾ ਦੋਸ਼

12/10/2018 2:44:48 AM

ਜਲਾਲਾਬਾਦ, (ਸੇਤੀਅਾ)- ਪਿੰਡ ਸੰਤੋਖ ਸਿੰਘ ਵਾਲਾ ਵਾਸੀ ਰਤਨ ਸਿੰਘ ਪੁੱਤਰ ਜੰਗੀਰ ਸਿੰਘ ਨੇ ਆਪਣੀ ਨੂੰਹ ’ਤੇ ਜਾਅਲੀ ਸੱਟਾਂ ਮਾਰ ਕੇ ਝੂਠਾ ਮੁਕੱਦਮਾ ਦਰਜ ਕਰਵਾਉਣ ਦਾ ਦੋਸ਼ ਲਾਇਆ ਹੈ। ਆਪਣੇ ਹਲਫਿਆ ਬਿਆਨ ਵਿਚ ਰਤਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਪ੍ਰਵੀਨ ਰਾਣੀ ਨੇ ਉਸ ਦੇ ਪੁੱਤਰ ਗੁਰਜੰਟ ਸਿੰਘ ਅਤੇ ਉਸ ਦੀ ਪਤਨੀ ਖਿਲਾਫ ਝੂਠਾ ਮੁਕੱਦਮਾ ਦਰਜ ਕਰਵਾਇਆ ਹੈ। ਉਸ ਨੇ ਦੱਸਿਆ ਕਿ 18 ਨਵੰਬਰ ਨੂੰ ਪ੍ਰਵੀਨ ਰਾਣੀ ਦੇ ਪੇਕਾ ਪਰਿਵਾਰਕ ਮੈਂਬਰ ਉਸ ਨੂੰ ਆਪਣੇ ਪਿੰਡ ਚੱਕ ਬਜੀਦਾਸਹੀ ਸਲਾਮਤ ਘਰ ਲੈ ਗਏ ਸਨ ਅਤੇ ਘਰ ਵਿਚ ਹੀ ਉਸ ਨੇ ਜਾਅਲੀ ਸੱਟਾਂ ਮਾਰ ਕੇ ਪਰਚਾ ਦਰਜ ਕਰਵਾਇਆ ਹੈ। ਉਸ ਨੇ ਦੱਸਿਆ ਕਿ ਕਰੀਬ ਤਿੰਨ ਸਾਲ ਪਹਿਲਾਂ ਉਸ ਦੇ ਪੁੱਤਰ ਦੀ ਨਜ਼ਰ ਅਚਾਨਕ ਘੱਟ ਹੋ ਗਈ ਸੀ ਅਤੇ ਉਸ ਤੋਂ ਬਾਅਦ ਨੂੰਹ ਨੇ ਖਿਆਲ ਕਰਨਾ ਛੱਡ ਦਿੱਤਾ। ਉਸ ਨੇ ਦੱਸਿਆ ਕਿ ਉਹ ਲਗਾਤਾਰ ਪੇਕੇ ਜਾਣ ਲਈ ਬਹਾਨੇ ਬਣਾਉਂਦੀ ਰਹਿੰਦੀ ਸੀ ਅਤੇ ਉਸ ਨੇ ਪੇਕਿਆਂ ਦੇ ਪਿੱਛੇ ਲੱਗ ਕੇ ਜਾਇਦਾਦ ਦੀ ਖਾਤਰ ਇਹ ਸਭ ਕੀਤਾ।  ਇਸ ਸਬੰਧੀ ਜਦੋਂ ਲਡ਼ਕੀ ਦੇ ਭਰਾ ਸੰਤੋਖ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਸ ਨੇ ਦੱਸਿਆ ਕਿ ਲਡ਼ਕੀ ਨੂੰ ਉਹ ਰੱਖਣਾ ਨਹੀਂ ਚਾਹੁੰਦੇ ਸਨ ਅਤੇ ਇਸ ਲਈ ਵਾਰ-ਵਾਰ ਉਸ ਨਾਲ ਕੁੱਟ-ਮਾਰ ਹੁੰਦੀ ਰਹੀ ਹੈ ਅਤੇ ਇਸ ਕੁੱਟ-ਮਾਰ ਤੋਂ ਪ੍ਰੇਸ਼ਾਨ ਹੀ ਉਸ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਉਨ੍ਹਾਂ ਕਿਹਾ ਕਿ ਲਡ਼ਕੇ ਵਾਲੇ ਜਾਇਦਾਦ ਦੀ ਖਾਤਰ ਮੁਕੱਦਮਾ ਦਰਜ ਕਰਵਾਉਣ ਵਾਲੀ ਗੱਲ ਕਹਿ ਰਹੇ ਹਨ, ਉਹ ਸਿਰਫ ਕੋਰਾ ਝੂਠ ਹੈ ਕਿਉਂਕਿ ਜਦ ਪ੍ਰਵੀਨ ਰਾਣੀ ਦਾ ਪਤੀ ਬੀਮਾਰ ਹੋਇਆ ਤਾਂ ਉਹ ਖੁਦ ਨਾਲ ਦਿੱਲੀ ਏਮਜ਼ ’ਚ ਉਸ ਦਾ ਇਲਾਜ ਕਰਵਾਉਂਦੇ ਰਹੇ ਹਨ ਅਤੇ ਕਰੀਬ 10 ਲੱਖ ਰੁਪਏ ਖਰਚ ਕੀਤੇ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਦੂਰ ਕਰਨ ਲਈ ਲਡ਼ਕੀ ਦੇ ਸਹੁਰੇ ਪਰਿਵਾਰ ਵੱਲੋਂ ਲਗਾਤਾਰ ਕੁੱਟ-ਮਾਰ ਕੀਤੀ ਜਾਂਦੀ ਰਹੀ ਹੈ। 

KamalJeet Singh

This news is Content Editor KamalJeet Singh