ਦਰਸ਼ਨ ਸਿੰਘ ਇਯਾਲੀ ਨੇ ਸੁੱਕਾ ਝੋਨਾ ਬੀਜ ਕੇ ਲੱਖਾਂ ਰੁਪਏ ਅਤੇ ਪਾਣੀ ਦੀ ਬੱਚਤ ਕਰਕੇ ਇਕ ਰਿਕਾਰਡ ਤੋੜ ਪੈਦਾ ਕੀਤੀ ਮਿਸਾਲ

06/01/2021 1:50:47 PM

ਕਿਸ਼ਨਪੁਰਾ ਕਲਾਂ (ਹੀਰੋ): ਪਿਤਾ ਪੁਰਖੀ ਧੰਦਾ ਖੇਤੀਬਾੜੀ ਕਰਨ ਦਾ ਸ਼ੌਂਕ ਬਚਪਨ ਤੋਂ ਰੱਖਣ ਵਾਲੇ ਅਗਾਂਹਵਧੂ ਕਿਸਾਨ ਦਰਸ਼ਨ ਸਿੰਘ ਇਯਾਲੀ ਨੇ ਸੁੱਕਾ ਝੋਨਾ ਜਿਸ ਨਾਲ ਜਿਥੇ ਪਾਣੀ ਦੀ ਬਚਤ ਕੀਤੀ, ਉਥੇ ਹੀ ਖਰਚ ਹੋ ਰਹੇ ਰੁਪਇਆਂ ਦੀ ਬਚਤ ਕਰ ਕੇ ਇਕ ਮਿਸਾਲ ਪੈਦਾ ਕਰ ਦਿੱਤੀ, ਜਿਸ ਦੀ ਮਿਸਾਲ ਕਿਸ਼ਨਪੁਰਾ ਕਲਾਂ ਦੀ ਏਰੀਏ ਤੋਂ ਮਿਲਦੀ ਹੈ। ਕੜਾਕੇ ਦੀ ਧੁੱਪ ਵਿਚ ਜਾ ਕੇ ਪੱਤਰਕਾਰਾਂ ਵੱਲੋਂ ਕੀਤੀ ਗਈ ਖੇਤਾਂ ਵਿਚ ਜਾ ਕੇ ਅਗਾਂਹਵਧੂ ਕਿਸਾਨ ਦਰਸ਼ਨ ਸਿੰਘ ਇਆਲੀ ਤੋਂ ਲਈ ਜਾਣਕਾਰੀ ਅਨੁਸਾਰ ਪਿਛਲੀ ਵਾਰ ਉਨ੍ਹਾਂ ਨੇ ਕਿਸ਼ਨਪੁਰਾ ਕਲਾਂ ਦੇ ਕਸਬੇ ਵਿਚ ਹਾੜੀ ਦੀ ਫਸਲ ਸਮੇਂ ਉਸ ਨੇ 76 ਏਕੜ ਰਕਬੇ ’ਚ ਸੁੱਕੇ ਝੋਨੇ ਦੀ ਬਿਜਾਈ ਕਰ ਕੇ ਲਾਕਡਾਊਨ ਦੌਰਾਨ ਮਜ਼ਦੂਰਾਂ ਦੀ ਕਿਲਤ ਦੀ ਸਮੱਸਿਆ ਤੋਂ ਨਿਜਾਤ ਪਾਈ ਸੀ।

ਉਨ੍ਹਾਂ ਚੰਗਾ ਝਾੜ ਪੈਦਾ ਕਰਕੇ ਜਿਥੇ ਚੰਗਾ ਮੁਨਾਫ਼ਾ ਕਮਾਇਆ ਉਥੇ ਹੀ ਰਵਾਇਤੀ ਬਜਾਈ (ਕੱਦੂ ਕਰ ਕੇ) ਝੋਨੇ ਬੀਜਣ ਦੀ ਪ੍ਰੰਪਰਾ ਨੂੰ ਤੋੜਦੇ ਹੋਏ ਮਜਦੂਰਾਂ ਵਲੋਂ ਝੋਨਾ ਲਿਵਾਉਣ ਦੀ ਮਜ਼ਦੂਰੀ ਲਗਭਗ 5000 ਰੁਪਏ ਪ੍ਰਤੀ ਏਕੜ ਦੀ ਖਰਚ ਦੀ ਬਚਤ ਕੀਤੀ ਸੀ। ਕਿਸਾਨ ਦਰਸ਼ਨ ਸਿੰਘ ਇਯਾਲੀ ਨੇ ਦੱਸਿਆ ਕਿ ਪਿਛਲੇ ਸੀਜਨ ਸਮੇਂ ਸੁੱਕਾ ਝੋਨਾ ਬੀਜਣ ਦਾ ਤਜਰਬਾ ਘੱਟ ਹੋਣ ਕਾਰਣ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ, ਪਰੰਤੂ ਇਸ ਵਾਰ ਤਜ਼ਰਬਾ ਹਾਸਲ ਹੋਣ ਕਰ ਕੇ ਪੰਜਾਬ ਸਰਕਾਰ ਦੇ ਖੇਤੀਬਾੜੀ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 58 ਏਕੜ ਰਕਬੇ ਅੰਦਰ ਸੁੱਕੇ ਝੋਨੇ ਦੀ ਕਾਸ਼ਤ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ 8 ਕਿਲੋ ਬੀਜ ਪ੍ਰਤੀ ਏਕੜ ਪੂਸਾ 44 ਸੁਪਰ ਸ਼ਾਈਨ ਕਿਸਮ ਝੋਨੇ ਦਾ ਬੀਜ ਪਾ ਕੇ ਸੋਧੀ ਹੋਈ ਡਰਿੱਲ ਨਾਲ ਤਰ ਵਤਰ ਜ਼ਮੀਨ ’ਤੇ ਬਜਾਈ ਕੀਤੀ ਜਾ ਰਹੀ ਹੈ, ਜਿਸ ਨੂੰ ਤਕਰੀਬਨ 20-22 ਦਿਨ ਬਾਅਦ ਪਾਣੀ ਲਾਇਆ ਜਾਵੇਗਾ, ਜਿਸ ਨਾਲ ਧਰਤੀ ਹੇਠਲਾ ਡੂੰਘਾ ਹੋ ਰਿਹਾ ਪਾਣੀ ਦਾ ਪੱਧਰ ਨੂੰ ਬਚਾਉਣ ਲਈ ਮੀਲ ਪੱਥਰ ਸਾਬਤ ਹੋਵੇਗਾ ਕਿਉਂਕਿ ਆਉਣ ਵਾਲੇ ਸਮੇਂ ਦੌਰਾਨ ਮਨੁੱਖੀ ਜੀਵ ਨੂੰ ਜ਼ਿੰਦਗੀ ਜਿਉਣ ਲਈ ਪੀਣ ਵਾਲੇ ਪਾਣੀ ਦੀ ਅਤਿ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਪਿਛਲੀ ਵਾਰ ਝੋਨੇ ਦੀ ਪੈਦਾਵਾਰ 32 ਕੁਇੰਟਲ ਪ੍ਰਤੀ ਏਕੜ ਝਾੜ ਨਿਕਲਿਆ ਸੀ, ਜਿਸ ਉਪਰ ਖੇਤੀ ਲਾਗਤ ਖਰਚ ਵੀ ਘੱਟ ਹੋਇਆ ਸੀ ਅਤੇ ਆਮਦਨ ਵਿਚ ਵਾਧਾ ਹੋਇਆ ਸੀ। ਉਨ੍ਹਾਂ ਕਿਸਾਨ ਵੀਰਾਂ ਨੂੰ ਅਪੀਲ ਕੀਤੀ ਕੇ ਤਜਰਬੇ ਦੇ ਤੌਰ ’ਤੇ ਸੁੱਕੇ ਝੋਨੇ ਨੂੰ ਡਾਕਰ ਜ਼ਮੀਨ ਭਾਵ ਧਰਤੀ ਦੇ ਹੇਠਾਂ ਭਾਰੀ ਜ਼ਮੀਨ ਵਿਚ ਹੀ ਇਸ ਨੂੰ ਬੀਜਣ ਦੀ ਕੋਸ਼ਿਸ਼ ਕਰੋ ਅਤੇ ਰੇਤਲੀ ਜ਼ਮੀਨ ਅੰਦਰ ਇਸ ਸੁੱਕੇ ਝੋਨੇ ਦੀ ਬਜਾਈ ਬਹੁਤੀ ਕਾਮਯਾਬ ਨਹੀ ਹੈ।

ਕੀ ਕਹਿਣੈ ਬਲਾਕ ਖੇਤੀਬਾੜੀ ਅਫਸਰ ਦਾ
ਡਾ. ਗੁਰਬਾਜ ਸਿੰਘ ਥਿੰਦ ਖੇਤੀਬਾੜੀ ਅਫਸਰ ਬਲਾਕ ਕੋਟ ਸੇ ਖਾਂ ਨੇ ਕਿਹਾ ਕਿ ਪਿਛਲੇ ਚਾਰ ਦਹਾਕੇ ਦੇ ਸਮੇਂ ਦੌਰਾਨ ਇਸ ਬੇਟ ਦੇ ਇਲਾਕੇ ਦੀ ਉਪਜਾਊ ਜ਼ਮੀਨ ਅੰਦਰ ਅਸੀਂ ਹੱਥਾਂ ਨਾਲ ਜ਼ਮੀਨ ਪੁੱਟ ਕੇ ਪਾਣੀ ਨਿਕਾਲ ਲੈਂਦੇ ਸੀ, ਪਰੰਤੂ ਅੱਜ ਪੰਜਾਬ ਦਾ ਇਲਾਕਾ ਰਾਜਸਥਾਨ ਬਣਦਾ ਜਾ ਰਿਹਾ ਹੈ, ਜਿਸ ਦੇ ਧਰਤੀ ਹੇਠਲੇ ਪਾਣੀ ਦਾ ਪੱਧਰ ਲਗਭਗ 90 ਫੁੱਟ ਡੂੰਘਾਈ ’ਤੇ ਪਹੁੰਚ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹੀ ਹਾਲਤ ਰਹੇ ਤਾਂ ਦੇਸ਼ਾਂ ਅੰਦਰ ਪਾਣੀ ਦੀ ਪੈਦਾ ਹੋ ਰਹੀ ਸਮੱਸਿਆ ਕਰ ਕੇ ਲੜਾਈ ਲੱਗਣ ਦੀ ਸ਼ੰਕਾ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਸੁੱਕਾ ਝੋਨਾ ਬੀਜਣ ਨਾਲ 20 ਫੀਸਦੀ ਤੋਂ ਲੈ ਕੇ 25 ਫੀਸਦੀ ਤੱਕ ਦੀ ਪਾਣੀ ਦੀ ਬਚਤ ਕਰ ਸਕਦੇ ਹਾਂ।

ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਘੱਟ ਸਮਾਂ ਲੈਣ ਵਾਲਿਆਂ ਝੋਨੇ ਦੀਆਂ ਕਿਸਮਾਂ ਜਿਵੇਂ ਪੀ. ਆਰ. ਆਰ. 126 ਅਤੇ 129 ਪੀ. ਆਰ. ਕਿਸਮ ਜੋ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੁਆਰਾ ਮਨਜ਼ੂਰਸ਼ੁਦਾ ਹੈ ਇਹ ਬੀਜ ਕੇ ਘੱਟ ਸਮੇਂ ਦੌਰਾਨ ਪੱਕਣ ਵਾਲੀ ਫਸਲ ਬੀਜਣੀ ਚਾਹੀਦਾ ਹੈ। ਉਨ੍ਹਾਂ ਕਿਹਾ ਇਸ ਨਾਲ ਕਿਸਾਨ ਬਾਸਮਤੀ ਦੀ ਫਸਲ ਬੀਜ ਕੇ ਵੀ ਪਾਣੀ ਦੀ ਬਚਤ ਕਰ ਸਕਦੇ ਹਾਂ। ਡਾ. ਥਿੰਦ ਨੇ ਕਿਹਾ ਕਿ ਸੁੱਕੇ ਝੋਨੇ ਦੀ ਫਸਲ ਲਾਉਣ ਨਾਲ ਉਪਜਾਊ ਜ਼ਮੀਨ ਅੰਦਰ ਹੁਣ ਨਦੀਨ ਉਗਣ ਦੀ ਸਮੱਸਿਆ ਦਾ ਵੀ ਸੌਖਾ ਹੱਲ ਬਹੁਤ ਵਧੀਆ ਨਦੀਨ ਨਾਸ਼ਕ ਦਵਾਈਆਂ ਦੀ ਖੇਤੀਬਾੜੀ ਵਿਭਾਗ ਦੁਆਰਾ ਸ਼ਿਫ਼ਾਰਸ ਕੀਤੀ ਜਾਂਦੀ ਹੈ, ਜਿਸ ਨਾਲ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਾਂ, ਜਿਸ ਨਾਲ ਡੂੰਘੇ ਹੋ ਰਹੇ ਪਾਣੀ ਦੇ ਪੱਧਰ ਨੂੰ ਬਚਾਇਆ ਜਾ ਸਕਦਾ ਹੈ।


Shyna

Content Editor

Related News