ਪਿੰਡ ਘਰਾਚੋਂ ਵਿਖੇ ਰਾਖਵੀਂ ਜ਼ਮੀਨ ਦੀ ਬੋਲੀ ਹੋਈ ਮੁਲਤਵੀ, ਦਲਿਤ ਭਾਈਚਾਰੇ ਨੇ ਕੀਤੀ ਨਾਅਰੇਬਾਜ਼ੀ

08/13/2020 6:05:35 PM

ਭਵਾਨੀਗੜ੍ਹ (ਕਾਂਸਲ,ਵਿਕਾਸ, ਸੰਜੀਵ) - ਨੇੜਲੇ ਪਿੰਡ ਘਰਾਚੋਂ ਵਿਖੇ ਦਲਿਤ ਭਾਈਚਾਰੇ ਲਈ ਰਾਖਵੀਂ ਪੰਚਾਇਤੀ ਜ਼ਮੀਨ ਦੀ ਬੋਲੀ ਮੌਕੇ ਅੱਜ ਫਿਰ ਜ਼ਮੀਨ ਦੀ ਬੋਲੀ ਦੇ ਰੇਟ ਨੂੰ ਲੈ ਕੇ ਦਲਿਤ ਭਾਈਚਾਰੇ ਤੇ ਪ੍ਰਸ਼ਾਸਨ ’ਚ ਰੇੜਕਾ ਹੋ ਗਿਆ। ਜਿਸ ਕਾਰਨ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੀ ਅਗਵਾਈ ਹੇਠ ਸੰਘਰਸ਼ ਕਰ ਰਹੇ ਦਲਿਤ ਭਾਈਚਾਰੇ ਨੇ ਜਦੋਂ ਸਿਵਲ ਪ੍ਰਸ਼ਾਸਨ ਵਿਰੁੱਧ ਰੋਸ ਪ੍ਰਦਰਸ਼ਨ ਕਰਨ ਸ਼ੁਰੂ ਕੀਤਾ ਤਾਂ ਪ੍ਰਸ਼ਾਸਨ ਨੇ ਬੋਲੀ ਮੁਲਤਵੀ ਕਰ ਦਿੱਤੀ।

ਇਸ ਮੌਕੇ ਜਾਣਕਾਰੀ ਦਿੰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪਿੰਡ ਘਰਾਚੋਂ ਦੀ ਇਕਾਈ ਦੇ ਪ੍ਰਧਾਨ ਗੁਰਚਰਨ ਸਿੰਘ ਅਤੇ ਮਿੱਠੂ ਸਿੰਘ ਨੇ ਦੱਸਿਆ ਕਿ ਪਿੰਡ ਘਰਾਚੋਂ ਵਿਖੇ ਦਲਿਤ ਭਾਈਚਾਰੇ ਲਈ ਰਾਖਵੀਂ ਪੰਚਾਇਤੀ ਜ਼ਮੀਨ ਨੂੰ ਲੈ ਕੇ ਪਿਛਲੇ ਤਿੰਨ ਮਹੀਨੇ ਤੋਂ ਚੱਲ ਰਹੇ ਰੇੜਕੇ ਦੇ ਦਰਮਿਆਨ ਭਾਈਚਾਰੇ ਦੇ ਸੰਘਰਸ਼ ਸਦਕਾ 8 ਏਕੜ ਦੀ ਕਥਿਤ ਡੰਮੀ ਬੋਲੀ ਪ੍ਰਸ਼ਾਸਨ ਨੂੰ ਰੱਦ ਕਰਨੀ ਪਈ ਸੀ। ਪ੍ਰਸ਼ਾਸਨ ਵੱਲੋਂ ਅੱਜ ਇਸ ਜ਼ਮੀਨ ਦੀ ਦੁਬਾਰਾ ਬੋਲੀ ਰਵਿਦਾਸ ਧਰਮਸ਼ਾਲਾ ਵਿਖੇ ਭਾਰੀ ਪੁਲਸ ਫੋਰਸ ਦੀ ਮੌਜੂਦਗੀ ’ਚ ਕਰਨੀ ਸੀ। ਇਥੇ ਇਸ ਜ਼ਮੀਨ ਦੀ ਬੋਲੀ ਪ੍ਰਸ਼ਾਸਨ ਵੱਲੋਂ 20 ਹਜਾਰ ਦੀ ਥਾਂ 52 ਹਜਾਰ ਰੁਪੈ ਪ੍ਰਤੀ ਏਕੜ ਤੋਂ ਸ਼ੁਰੂ ਕੀਤੇ ਜਾਣ ਕਾਰਨ ਦਲਿਤ ਭਾਈਚਾਰੇ ’ਚ ਇਸ ਵੱਧ ਰੇਟ ਨੂੰ ਲੈ ਕੇ ਸਖ਼ਤ ਰੋਸ ਪਾਇਆ ਗਿਆ। ਉਨ੍ਹਾਂ ਕਿਹਾ ਕਿ ਇਹ ਰੇਟ ਬਹੁਤ ਨਜਾਇਜ਼ ਹੈ ਅਤੇ ਕਿਉਂਕਿ ਪਿਛਲੇ ਸਾਲ ਇਸ ਜਮੀਨ ਦਾ ਰੇਟ 20 ਹਜ਼ਾਰ ਰੁਪਏ ਪ੍ਰਤੀ ਏਕੜ ਸੀ। ਪਰ ਇਸ ਜ਼ਮੀਨ ਨੂੰ ਕਥਿਤ ਤੌਰ ’ਤੇ ਡੰਮੀ ਬੋਲੀ ਰਾਂਹੀ ਨਜਾਇਜ਼ ਢੰਗ ਨਾਲ ਹਥਿਆਉਣ ਵਾਲੇ ਕੁਝ ਵਿਅਕਤੀਆਂ ਨੇ ਜਾਣ ਬੁੱਝ ਕੇ ਵੱਧ ਰੇਟ ’ਤੇ ਬੋਲੀ ਦਿੱਤੀ ਸੀ। ਹੁਣ ਪ੍ਰਸ਼ਾਸਨ ਉਸੇ ਰੇਟ ਨੂੰ ਅਧਾਰ ਬਣਾ ਕੇ ਇਸ ਦੀ ਬੋਲੀ ਕਰਵਾ ਰਿਹਾ ਹੈ ਜੋ ਕਿ ਸਰਾਸਰ ਗਲਤ ਹੈ। ਇਸ ਦੇ ਨਾਲ ਹੀ ਹੁਣ ਫ਼ਸਲ ਦੀ ਬੀਜਾਈ ਲਈ 3 ਮਹੀਨੇ ਦੀ ਦੇਰੀ ਹੋ ਜਾਣ ਕਾਰਨ ਕਾਨੂੰਨ ਅਨੁਸਾਰ ਜਮੀਨ ਦਾ ਰੇਟ ਘੱਟ ਕਰਨਾ ਬਣਦਾ ਹੈ।

ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਅੱਜ ਵੀ ਬੋਲੀ ਮੌਕੇ ਕਥਿਤ ਤੌਰ ’ਤੇ ਪਹਿਲਾਂ ਡੰਮੀ ਬੋਲੀ ਦੇਣ ਵਾਲੇ ਵਿਅਕਤੀਆਂ ਨੇ ਬੋਲੀ ਵਾਲੇ ਸਥਾਨ ਉਪਰ ਪਹੁੰਚ ਕੇ ਮੁੜ ਬੋਲੀ ’ਚ ਵਿਘਣ ਪਾਉਣ ਦੀ ਗਲਤ ਮਨਸ਼ਾ ਨਾਲ ਮਾਹੋਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ। ਜਿਸ ’ਤੇ ਭਾਈਚਾਰੇ ਦੇ ਲੋਕਾਂ ਦਾ ਗੁੱਸਾ ਭਾਂਬੜ ਬਣਦਾ ਦੇਖ ਪੁਲਸ ਪ੍ਰਸ਼ਾਸਨ ਵੱਲੋਂ ਇਨ੍ਹਾਂ ਵਿਅਕਤੀਆਂ ਇਥੋਂ ਬਾਹਰ ਕੱਢਿਆ ਗਿਆ। ਜਿੱਥੇ ਗੁਸੇ ’ਚ ਆਏ ਦਲਿਤ ਭਾਈਚਾਰੇ ਵੱਲੋਂ ਸਿਵਲ ਪ੍ਰਸ਼ਾਸਨ ਦੇ ਖਿਲਾਫ਼ ਤਿੱਖੀ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਵਿੱਤ ਸਕੱਤਰ ਬਿੱਕਰ  ਸਿੰਘ ਹਥੋਆ ਨੇ ਕਿਹਾ ਕਿ ਪਿੰਡ ਘਰਾਚੋਂ ਦੇ ਕਿਰਤੀ ਲੋਕ ਆਪਣੇ ਬਣਦੇ ਹਿੱਸੇ ਦੀ ਜ਼ਮੀਨ ਹਰ ਕੀਮਤ ਉੱਪਰ ਲੈ ਕੇ ਰਹਿਣਗੇ। ਜਿਸ ਲਈ ਉਨ੍ਹਾਂ ਦਾ ਸੰਘਰਸ਼ ਅਜੇ ਜਾਰੀ ਹੈ ਉਨ੍ਹਾਂ ਮੰਗ ਕੀਤੀ ਕਿ ਇਸ ਜ਼ਮੀਨ ਦੀ ਬੋਲੀ ਘੱਟ ਰੇਟ ਉਪਰ ਕਰਵਾਈ ਜਾਵੇ।  ਇਸ ਮੌਕੇ ਮੱਘਰ ਸਿੰਘ, ਚਰਨਜੀਤ ਕੌਰ, ਗੁਰਚਰਨ ਸਿੰਘ ਕੌਰੀ, ਪ੍ਰਦੀਪ ਸਿੰਘ, ਪਰਗਟ ਸਿੰਘ ਅਤੇ ਮਿੱਠੂ ਸਿੰਘ  ਸਮੇਤ ਵੱਡੀ ਗਿਣਤੀ ’ਚ ਦਲਿਤ ਭਾਈਚਾਰਾ ਮੌਜੂਦ ਸੀ।

ਇਸ ਸੰਬੰਧੀ ਬੀ.ਡੀ.ਪੀ.ਓ ਭਵਾਨੀਗੜ੍ਹ ਬਲਜੀਤ ਸਿੰਘ ਸੋਹੀ ਨਾਲ ਗੱਲਬਾਤ ਕਰਨ ’ਤੇ ਉਨ੍ਹਾਂ ਕਿਹਾ ਕਿ ਦਲਿਤ ਭਾਈਚਾਰੇ ਵੱਲੋਂ ਜਮੀਨ ਦੀ ਬੋਲੀ ਘੱਟ ਰੇਟ ਉਪਰ ਕਰਨ ਦੀ ਮੰਗ ਕੀਤੀ ਗਈ ਪਰ ਇਹ ਸਾਡੇ ਅਧਿਕਾਰ ’ਚ ਨਹੀਂ ਹੈ ਜਿਸ ਕਰਕੇ ਅੱਜ ਬੋਲੀ ਮੁਲਤਵੀ ਕਰਨੀ ਪਈ ਹੈ ਅਤੇ ਵਿਭਾਗ ਵੱਲੋਂ 17 ਅਗਸਤ ਨੂੰ ਦੁਬਾਰਾ ਸਰਕਾਰੀ ਪ੍ਰਾਇਮਰੀ ਸਕੂਲ ਵਿਖੇ ਇਹ ਬੋਲੀ ਕਰਵਾਈ ਜਾਵੇਗੀ ਜਿਥੇ ਦਲਿਤ ਭਾਈਚਾਰੇ ਨਾਲ ਸੰਬੰਧਤ ਕੋਈ ਵੀ ਵਿਅਕਤੀ ਆ ਕੇ ਬੋਲੀ ਦੇ ਸਕਦਾ ਹੈ।


Harinder Kaur

Content Editor

Related News