''ਦਾਲ ਰੋਟੀ ਘਰ ਦੀ ਦੀਵਾਲੀ ਅੰਮ੍ਰਿਤਸਰ ਦੀ''”ਆਓ ਪ੍ਰਦੂਸ਼ਣ ਮੁਕਤ ਦੀਵਾਲੀ ਮਨਾਈਏ

11/12/2020 2:00:25 PM

ਸੰਗਰੂਰ(ਵਿਜੈ ਕੁਮਾਰ ਸਿੰਗਲਾ): ਦੀਵਾਲੀ ਨੂੰ ਸਾਡੇ ਦੇਸ਼ 'ਚ ਬਹੁਤ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਹਰ ਕੋਈ ਇਸ ਨੂੰ ਬਹੁਤ ਸ਼ਰਧਾ ਨਾਲ ਮਨਾਉਂਦੇ ਹਨ। ਦੀਵਾਲੀ ਤੋਂ ਕੁਝ ਦਿਨ ਪਹਿਲਾਂ ਲੋਕ ਆਪਣੇ ਘਰਾਂ ਦੀ ਸਫਾਈ ਕਰਨੀ ਸ਼ੁਰੂ ਕਰ ਦਿੰਦੇ ਹਨ। ਰੰਗ ਰੋਗਨ ਅਤੇ ਸਫੈਦੀ ਵੀ ਕਰਵਾਈ ਜਾਂਦੀ ਹੈ। ਜਿਉਂ ਜਿਉਂ ਦੀਵਾਲੀ ਦੇ ਦਿਨ ਨੇੜੇ ਆਉਂਦੇ ਹਨ ਤਾਂ ਇਸ ਨੂੰ ਮਨਾਉਣ ਦਾ ਉਤਸ਼ਾਹ ਵੱਧਦਾ ਜਾਂਦਾ ਹੈ। ਬੱਚਿਆਂ ਅਤੇ ਨੌਜਵਾਨਾਂ 'ਚ ਪਟਾਕੇ ਚਲਾਉਣ ਦੀ ਖਿੱਚ ਬਣੀ ਹੁੰਦੀ ਹੈ। ਇਸ ਕਰਕੇ ਦੁਕਾਨਦਾਰ ਦੀਵਾਲੀ ਤੋਂ ਕਈ ਮਹੀਨੇ ਪਹਿਲਾਂ ਹੀ ਪਟਾਕਿਆਂ ਨੂੰ ਜਮ੍ਹਾ ਕਰਨ 'ਚ ਜੁੱਟ ਜਾਂਦੇ ਹਨ। ਕਾਨੂੰਨ ਦੀਆਂ ਪਾਬੰਦੀਆਂ ਦੀ ਵੀ ਬਹੁਤੀ ਪ੍ਰਵਾਹ ਨਹੀਂ ਕੀਤੀ ਜਾਂਦੀ। ਦੀਵਾਲੀ ਦੇ ਦਿਨਾਂ 'ਚ ਪਟਾਕੇ ਭੀੜੇ ਤੇ ਤੰਗ ਬਜ਼ਾਰਾਂ 'ਚ ਵਿਕਦੇ ਨਜ਼ਰ ਆਉਂਦੇ ਹਨ। ਜੋ ਕਿ ਬਹੁਤੀ ਵਾਰ ਬਿਜਲੀ ਸ਼ਾਟ ਸਰਕਟ ਕਰਕੇ ਅੱਗ ਲੱਗ ਜਾਣ ਕਰਕੇ ਵੱਡੀ ਤਬਾਹੀ ਦਾ ਕਾਰਨ ਬਣਦੇ ਹਨ।
ਮਿਹਨਤ ਦੀ ਕਮਾਈ ਨਾਲ ਕਮਾਇਆ ਧਨ ਇਨ੍ਹਾਂ ਪਟਾਕਿਆਂ 'ਤੇ ਖਰਚਿਆ ਜਾਂਦਾ ਹੈ। ਜਿਨ੍ਹਾਂ ਨੂੰ ਅੱਗ ਲੱਗੀ ਦੇਖਦੇ ਸਮੇਂ ਥੋੜੇ ਸਮੇਂ ਦਾ ਸ਼ੁਗਲ ਹੁੰਦਾ ਹੈ ਪਰ ਇਸ ਤੋਂ ਬਾਅਦ ਕਈ ਗੁਣਾਂ ਜਿਆਦਾ ਪੈਸੇ ਦੀ ਬਰਬਾਦੀ ਹੁੰਦੀ ਹੈ। ਬੱਚੇ ਅਤੇ ਨੌਜਵਾਨ ਆਪਣੇ ਮਾਪਿਆਂ ਨੂੰ ਮਜ਼ਬੂਰ ਕਰਕੇ ਉਹਨਾਂ ਤੋਂ ਪਟਾਕਿਆਂ ਲਈ ਪੈਸੇ ਲੈਂਦੇ ਹਨ। ਨਾ ਚਾਹੁੰਦਿਆਂ ਹੋਇਆਂ ਵੀ ਮਾਪੇ ਮਜ਼ਬੂਰ ਤੇ ਬੇਬਸ ਹੋ ਕੇ ਪੈਸੇ ਭਾਵੇਂ ਆਪਣੇ ਬੱਚਿਆਂ ਨੂੰ ਦਿੰਦੇ ਤਾਂ ਹਨ ਪਰ ਉਹ ਅੰਦਰੋਂ ਖ਼ੁਸ਼ ਨਹੀਂ ਹੁੰਦੇ। ਪਟਾਕੇ ਚਲਾਉਣ ਨਾਲ ਪ੍ਰਦੂਸ਼ਨ ਇਸ ਹੱਦ ਤੱਕ ਵਧ ਜਾਂਦਾ ਹੈ ਕਿ ਸਾਹ ਲੈਣਾ ਆਮ ਲੋਕਾਂ ਨੂੰ ਔਖਾ ਹੋ ਜਾਂਦਾ ਹੈ। ਸਾਹ ਦੇ ਮਰੀਜਾਂ ਨੂੰ ਤਾਂ ਕਈ ਵਾਰ ਹਸਪਤਾਲ 'ਚ ਡਾਕਟਰੀ ਸਹੂਲਤਾਂ ਦੀ ਲੋੜ ਪੈ ਸਕਦੀ ਹੈ। ਧਮਾਕਾ ਕਰਨ ਵਾਲੇ ਬੰਬਾਂ, ਹੱਥ ਗੋਲਿਆਂ ਆਦਿ ਦੀਆਂ ਅਵਾਜਾਂ ਜਿੱਥੇ ਡਰਾਵਨਾ ਮਾਹੌਲ ਪੈਦਾ ਕਰਦੇ ਹਨ, ਉੱਥੇ ਬੱਚਿਆਂ ਅਤੇ ਪੰਛੀਆਂ ਉੱਤੇ ਬਹੁਤ ਮਾੜਾ ਪ੍ਰਭਾਵ ਪਾਉਂਦੇ ਹਨ। ਕਈ ਬਾਰ ਪਟਾਕਿਆਂ ਨੂੰ ਨੌਜਵਾਨ ਆਪਣੇ ਹੱਥਾਂ 'ਚ ਚਲਾ ਕੇ ਚਲਾਉਣ ਦੀ ਦਲੇਰੀ ਦਿਖਾ ਕੇ ਦੂਜਿਆਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ ਪਰ ਕਈ ਵਾਰ ਬੰਬ ਤੇ ਗੋਲੇ ਉਨ੍ਹਾਂ ਦੇ ਹੱਥਾਂ 'ਚ ਚੱਲ ਜਾਂਦੇ ਹਨ। ਜਿਸ ਕਰਕੇ ਹੱਥ ਫਟ ਜਾਂਦੇ ਹਨ। ਅੱਖਾਂ ਦੀ ਰੋਸਨੀ ਵੀ ਚਲੀ ਜਾਂਦੀ ਹੈ। ਇਸ ਤਰ੍ਹਾਂ ਧਮਾਕਿਆਂ ਦਾ ਮਾਵਾਂ ਦੀਆਂ ਕੁੱਖਾਂ 'ਚ ਪਲ ਰਹੇ ਬੱਚਿਆਂ ਅਤੇ ਗੋਦ 'ਚ ਪਲ ਰਹੇ ਬੱਚਿਆਂ ਦੇ ਕੋਮਲ ਮਨ ਉੱਤੇ ਬਹੁਤ ਮਾੜਾ ਅਸਰ ਪੈਂਦਾ ਹੈ। ਬਜ਼ੁਰਗਾਂ ਅਤੇ ਬੀਮਾਰ ਲੋਕਾਂ ਲਈ ਇਨ੍ਹਾਂ ਨੂੰ ਸਹਿਣਾ ਤੇ ਬਰਦਾਸ਼ਤ ਕਰਨਾ ਬਹੁਤ ਔਖਾ ਹੁੰਦਾ ਹੈ। 
ਭਾਵੇਂ ਸਰਕਾਰ ਵੱਲੋਂ ਇਨ੍ਹਾਂ ਦਿਨਾਂ 'ਚ ਪਟਾਕਿਆਂ ਨੂੰ ਸਟੋਰ ਕਰਨ, ਵੇਚਣ ਤੇ ਪਾਬੰਦੀਆਂ ਕਰਨ ਸਬੰਧੀ ਅਖ਼ਬਾਰਾਂ ਤੇ ਮੀਡੀਆ ਰਾਹੀਂ ਕਾਫ਼ੀ ਪ੍ਰਚਾਰ ਕੀਤਾ ਜਾਂਦਾ ਹੈ ਪਰ ਇਹ ਬੀਮਾਰੀ ਰੁਕਣ ਦਾ ਨਾਂ ਹੀ ਨਹੀਂ ਲੈਂਦੀ। ਪਟਾਕੇ ਚਲਾਉਣ ਵਾਲੇ ਨੌਜਵਾਨ ਬੇਸ਼ਕ ਪੈਸੇ ਦੀ ਬਰਬਾਦੀ ਜੋਸ਼ 'ਚ ਆ ਕੇ ਕਰਦੇ ਹਨ ਪਰ ਬਾਅਦ 'ਚ ਉਨ੍ਹਾਂ ਦੇ ਪੱਲੇ ਪਛਤਾਵਾ ਹੀ ਪੈਂਦਾ ਹੈ। ਜਿਸ ਤਰ੍ਹਾਂ ਅੱਜ ਦੇ ਸਮੇਂ ਸਿੱਖਿਆ ਦੇ ਉੱਪਰ ਜ਼ੋਰ ਦਿੱਤਾ ਜਾ ਰਿਹਾ ਹੈ। ਉਸ ਦੇ ਨਾਲ ਸਕੂਲਾਂ, ਕਾਲਜਾਂ ਅਤੇ ਸਾਡੇ ਪਿੰਡਾਂ ਸ਼ਹਿਰਾਂ 'ਚ ਮਨ ਪ੍ਰਚਾਵੇ ਦੇ ਵੱਖ-ਵੱਖ ਸਾਧਨਾਂ ਰਾਹੀਂ ਪਟਾਕਿਆਂ ਨਾਲ ਹੋਣ ਵਾਲੇ ਨੁਕਸਾਨਾਂ ਅਤੇ ਪ੍ਰਭਾਵਾਂ ਨੂੰ ਖੁੱਲ ਕੇ ਪ੍ਰਚਾਰ ਕਰਨਾ ਬਣਦਾ ਹੈ। ਸਮਾਜਿਕ ਤੇ ਧਾਰਮਿਕ ਸੰਸਥਾਵਾਂ ਨੂੰ ਵੀ ਪਟਾਕਿਆਂ ਨਾਲ ਹੋਣ ਵਾਲੇ ਨੁਕਸਾਨਾਂ ਨੂੰ ਰੋਕਣ ਦੇ ਲਈ ਪ੍ਰਚਾਰ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। 
ਲੋੜ ਤਾਂ ਅੱਜ ਇਸ ਗੱਲ ਦੀ ਹੈ ਕਿ ਪਟਾਕਿਆਂ ਨੂੰ ਰੋਕਣ ਲਈ ਸਾਂਝੀ ਸਮਾਜਿਕ ਲਹਿਰ ਚਲਾਉਣ ਦੀ ਲੋੜ ਹੈ। ਸਾਨੂੰ ਪੂਜਾ ਕਰਨ ਅਤੇ ਘਰਾਂ ਨੂੰ ਸਜਾਉਣ ਲਈ ਤੇਲ ਦੇ ਦੀਵੇ, ਮੋਮਬੱਤੀਆਂ ਜਾਂ ਸਜਾਵਟੀ ਲੜੀਆਂ ਲਗਾਉਣ ਦੀ ਲੋੜ ਹੈ। ਦੀਵੇ ਜਿੱਥੇ ਦੀਵਾਲੀ ਦੀ ਰਾਤ ਨੂੰ ਆਪਣੇ ਚਾਨਣ ਨਾਲ ਰੁਸ਼ਨਾ ਦਿੰਦੇ ਹਨ ਉੱਥੇ ਵਾਤਾਵਰਨ ਨੂੰ ਸ਼ੁੱਧ ਕਰਨ 'ਚ ਵੀ ਮਦਦ ਕਰਦੇ ਹਨ। ਪ੍ਰਦੂਸ਼ਨ ਨੂੰ ਵੀ ਘਟਾਉਂਦੇ ਹਨ। ਸਾਨੂੰ ਸਾਰਿਆਂ ਨੂੰ ਦੀਵਾਲੀ ਵੇਲੇ ਬੂਟੇ ਲਗਾਉਣੇ ਚਾਹੀਦੇ ਹਨ ਤਾਂ ਕਿ ਹਰਿਆਲੀ ਦੀਵਾਲੀ ਮਨਾਈ ਜਾਵੇ। ਕਹਾਵਤ ਹੈ ਕਿ ਉ ਹਰ ਮਨੁੱਖ ਲਾਵੇ ਇਕ ਰੁੱਖ। ਪਟਾਕਿਆਂ ਦੀ ਜਗ੍ਹਾ ਸਾਨੂੰ ਬੂਟੇ ਦਾਨ 'ਚ ਵੰਡਣੇ ਚਾਹੀਦੇ ਹਨ ਅਤੇ ਇਸ ਪਵਿੱਤਰ ਵੇਲੇ ਸਾਂਝੀਆਂ ਥਾਵਾਂ ਤੇ ਲਗਾਉਣੇ ਚਾਹੀਦੇ ਹਨ। ਕਿਤਾਬਾਂ ਦੇ ਤੋਹਫਿਆਂ ਨੂੰ ਦੇਣ ਦੀ ਆਦਤ ਪਾਉਣੀ ਚਾਹੀਦੀ ਹੈ। ਮਿਲਾਵਟੀ ਮਠਾਈਆਂ ਦੀ ਜਗ੍ਹਾ ਫਲਾਂ, ਸੁੱਕੇ ਮੇਵੇ ਜਾਂ ਆਪਣੀ ਦੇਖ-ਰੇਖ 'ਚ ਬੇਸਣ, ਨਾਰੀਅਲ ਦੀਆਂ ਬਣੀਆਂ ਮਠਾਈਆਂ ਨੂੰ ਪਹਿਲ ਦੇਣੀ ਚਾਹੀਦੀ ਹੈ। ਆਓ ਇਸ ਬਾਰ ਪ੍ਰਦੂਸਣ ਰਹਿਤ ਦੀਵਾਲੀ ਮਨਾਉਣ ਲਈ ਅੱਗੇ ਅਈਏ।


Aarti dhillon

Content Editor

Related News