ਡੀ. ਸੀ. ਤੇ ਐੱਸ. ਐੱਸ. ਪੀ. ਨੇ ਲਾਲ ਬੱਤੀਆਂ ਉਤਾਰੀਆਂ, ਛੋਟੇ ਅਧਿਕਾਰੀਆਂ ਦੀਆਂ ਬੱਤੀਆਂ ਬਰਕਰਾਰ

03/22/2017 5:28:18 AM

ਫ਼ਰੀਦਕੋਟ (ਹਾਲੀ)— ਪੰਜਾਬ ਸਰਕਾਰ ਵੱਲੋਂ ਵੀ. ਆਈ. ਪੀ. ਕਲਚਰ ਖਤਮ ਕਰਨ ਦੇ ਮਕਸਦ ਨਾਲ ਲਾਲ ਬੱਤੀਆਂ ਦੀ ਵਰਤੋਂ ਨਾ ਕਰਨ ਦੇ ਫੈਸਲੇ ਮਗਰੋਂ ਫਰੀਦਕੋਟ ਦੇ ਜ਼ਿਲਾ ਪੁਲਸ ਮੁਖੀ ਅਤੇ ਡਿਪਟੀ ਕਮਿਸ਼ਨਰ ਨੇ ਆਪਣੀਆਂ ਸਰਕਾਰੀ ਗੱਡੀਆਂ ਤੋਂ ਲਾਲ ਬੱਤੀਆਂ ਉਤਾਰ ਦਿੱਤੀਆਂ ਹਨ ਹਾਲਾਂਕਿ ਇਕ ਦਰਜਨ ਤਹਿਸੀਲ ਅਤੇ ਸਬ-ਡਵੀਜ਼ਨ ਪੱਧਰ ਦੇ ਅਧਿਕਾਰੀਆਂ ਨੇ ਆਪਣੀਆਂ ਗੱਡੀਆਂ ਤੋਂ ਨੀਲੀਆਂ ਬੱਤੀਆਂ ਨਹੀਂ ਉਤਾਰੀਆਂ। ਡਿਪਟੀ ਕਮਿਸ਼ਨਰ ਅਤੇ ਜ਼ਿਲਾ ਪੁਲਸ ਮੁਖੀ ਨਾਲ ਪੁਲਸ ਦੀਆਂ ਐੱਸਕੋਰਟ ਜਿਪਸੀਆਂ ਚੱਲਦੀਆਂ ਰਹਿਣਗੀਆਂ ਅਤੇ ਇਨ੍ਹਾਂ ਜਿਪਸੀਆਂ ''ਤੇ ਨੀਲੀਆਂ ਅਤੇ ਲਾਲ ਬੱਤੀਆਂ ਵੀ ਹਾਲ ਦੀ ਘੜੀ ਬਰਕਰਾਰ ਹਨ। ਦਹਾਕਿਆਂ ਬਾਅਦ ਡਿਪਟੀ ਕਮਿਸ਼ਨਰ ਅਤੇ ਐੱਸ. ਐੱਸ. ਪੀ. ਦੀਆਂ ਗੱਡੀਆਂ ਬਿਨਾਂ ਬੱਤੀ ਤੋਂ ਦੇਖੀਆਂ ਜਾਣਗੀਆਂ। 
ਜ਼ਿਲਾ ਪੁਲਸ ਮੁਖੀ ਡਾ. ਨਾਨਕ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਫੈਸਲੇ ਮੁਤਾਬਕ ਉਨ੍ਹਾਂ ਨੇ ਆਪਣੀਆਂ ਗੱਡੀਆਂ ਤੋਂ ਲਾਲ ਬੱਤੀਆਂ ਉਤਾਰ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਬੱਤੀਆਂ ਉਤਾਰਨ ਨਾਲ ਆਮ ਲੋਕਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿਚ ਹੋਰ ਨੇੜਤਾ ਵਧੇਗੀ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਗੁਰਦਿੱਤ ਸਿੰਘ ਸੇਖੋਂ ਨੇ ਕਿਹਾ ਕਿ ਸਰਕਾਰ ਨੇ ਆਪਣੇ ਆਗੂਆਂ, ਮੰਤਰੀਆਂ ਅਤੇ ਸਰਕਾਰੀ ਅਫ਼ਸਰਾਂ ਨੂੰ ਸਾਰੇ ਮਹਿੰਗੇ ਐਸ਼ੋ-ਆਰਾਮ ਦਿੱਤੇ ਹਨ ਅਤੇ ਸਿਰਫ ਲਾਲ ਬੱਤੀ ਹਟਾ ਕੇ ਹੀ ਵੀ. ਆਈ. ਪੀ. ਕਲਚਰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਹਕੀਕਤ ਵਿਚ ਵੀ. ਆਈ. ਪੀ. ਕਲਚਰ ਖਤਮ ਕਰਨਾ ਹੈ ਤਾਂ ਸਰਕਾਰੀ ਅਫ਼ਸਰਾਂ ਅਤੇ ਮੰਤਰੀਆਂ ਦੇ ਖਰਚਿਆਂ ਵਿਚ ਵੀ ਕਟੌਤੀ ਕੀਤੀ ਜਾਵੇ ਅਤੇ ਉਨ੍ਹਾਂ ਨੂੰ ਆਮ ਲੋਕਾਂ ਵਾਲੀਆਂ ਸਹੂਲਤਾਂ ਹੀ ਦਿੱਤੀਆਂ ਜਾਣ।