ਮਾਮਲਾ ਨਾਮਜ਼ਦਗੀ ਰੱਦ ਹੋਣ ਦਾ, ਜਥੇਦਾਰ ਤੋਤਾ ਸਿੰਘ ਦੀ ਅਗਵਾਈ ''ਚ ਵਫਦ ਡੀ. ਸੀ. ਨੂੰ ਮਿਲਿਆ

06/15/2019 10:33:50 AM

ਮੋਗਾ (ਗੋਪੀ ਰਾਊਕੇ)—ਮੋਗਾ ਸ਼ਹਿਰ ਦੇ ਵਾਰਡ ਨੰਬਰ 20 ਦੀ ਹੋਣ ਵਾਲੀ ਉਪ ਚੋਣ 'ਚ ਅਕਾਲੀ ਦਲ ਦੇ ਉਮੀਦਵਾਰ ਜਸਵਿੰਦਰ ਸਿੰਘ ਦੇ ਨਾਮਜ਼ਦਗੀ ਪੱਤਰ ਰੱਦ ਕਰਨ ਉਪਰੰਤ ਸ਼੍ਰੋਮਣੀ ਅਕਾਲੀ ਦਲ ਦੇ ਨੇਤਾਵਾਂ ਅਤੇ ਵਰਕਰਾਂ 'ਚ ਰੋਸ ਦੀ ਲਹਿਰ ਫੈਲ੍ਹ ਗਈ ਹੈ। ਅੱਜ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ ਦੀ ਅਗਵਾਈ 'ਚ ਇਕ ਵਫਦ ਨੇ ਡਿਪਟੀ ਕਮਿਸ਼ਨਰ ਮੋਗਾ ਸੰਦੀਪ ਹੰਸ ਨਾਲ ਮੁਲਾਕਾਤ ਕੀਤੀ, ਇਸ ਉਪਰੰਤ ਜਥੇਦਾਰ ਤੋਤਾ ਸਿੰਘ ਨੇ ਕਿਹਾ ਕਿ ਕਾਂਗਰਸ ਪਾਰਟੀ ਸਿੱਧੇ ਤੌਰ 'ਤੇ ਲੋਕਤੰਤਰ ਦਾ ਗਲਾ ਦਬਾਉਣ ਲੱਗੀ ਹੈ। ਪਹਿਲਾਂ ਇਸੇ ਤਰ੍ਹਾਂ ਹੀ ਕਾਂਗਰਸ ਨੇ ਜ਼ਿਲਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ ਵਿਚ ਵੀ ਕੀਤਾ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਇਸ ਵਾਰ ਆਪਣੀ ਹਾਰ ਸਪੱਸ਼ਟ ਦਿਖਾਈ ਹੋਣ ਦੇ ਚੱਲਦੇ ਹੀ ਉਨ੍ਹਾਂ ਨਾਮਜ਼ਦਗੀ ਪੱਤਰ ਰੱਦ ਕੀਤੇ ਹਨ। ਇਸ ਮੌਕੇ ਪ੍ਰੇਮ ਚੰਦ ਚੱਕੀ ਵਾਲਾ, ਸੀਨੀਅਰ ਡਿਪਟੀ ਮੇਅਰ, ਅਨਿਲ ਬਾਂਸਲ, ਗੋਵਰਧਨ ਪੋਪਲੀ, ਜ਼ਿਲਾ ਪ੍ਰਧਾਨ ਭਾਜਪਾ ਵਿਨੈ ਸ਼ਰਮਾ, ਕੌਂਸਲਰ ਵੀਰਭਾਨ ਦਾਨਵ, ਛਿੰਦਰ ਗਿੱਲ, ਡਿਪਟੀ ਮੇਅਰ ਜਰਨੈਲ ਸਿੰਘ ਦੁੱਨੇਕੇ, ਰਾਕੇਸ਼ ਕੁਮਾਰ ਕਾਲਾ ਬਜਾਜ, ਪਰਮਿੰਦਰ ਸਫਰੀ, ਬੋਹੜ ਸਿੰਘ, ਜ਼ਿਲਾ ਪ੍ਰਧਾਨ ਚਰਨਜੀਤ ਸਿੰਘ ਝੰਡੇਆਣਾ, ਦਵਿੰਦਰ ਤਿਵਾੜੀ, ਰਾਜ ਕੁਮਾਰ ਮਖੀਜਾ (ਸਾਰੇ ਨਗਰ ਨਿਗਮ ਕੌਂਸਲਰ), ਰਣਜੀਤ ਭਾਊ, ਮੁਨੀਸ਼ ਮੈਨਰਾਏ ਆਦਿ ਹਾਜ਼ਰ ਸਨ। ਇਸ ਸਬੰਧੀ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਕਿਹਾ ਕਿ ਅਕਾਲੀ ਦਲ ਦਾ ਵਫਦ ਜ਼ਰੂਰ ਮਿਲਿਆ ਹੈ, ਪਰ ਰਿਟਰਨਿੰਗ ਅਧਿਕਾਰੀ ਨੇ ਕਾਗਜਾਂ 'ਚ ਘਾਟ ਪਾਏ ਜਾਣ ਦੇ ਚੱਲਦੇ ਹੀ ਨਾਮਜ਼ਦਗੀ ਪੱਤਰ ਰੱਦ ਕੀਤੇ ਹਨ।


Shyna

Content Editor

Related News