ਕਾਰ ਦੀ ਲਪੇਟ 'ਚ ਆਉਣ ਕਾਰਨ ਸਾਈਕਲ ਸਵਾਰ ਬਜ਼ੁਰਗ ਦੀ ਹੋਈ ਮੌਤ, ਚਾਲਕ ਫਰਾਰ

05/07/2022 10:46:16 AM

ਭਵਾਨੀਗੜ੍ਹ (ਵਿਕਾਸ, ਕਾਂਸਲ) : ਪਿੰਡ ਘਰਾਚੋਂ ਨੇੜੇ ਇੱਕ ਤੇਜ ਰਫਤਾਰ ਕਾਰ ਦੀ ਲਪੇਟ 'ਚ ਆ ਜਾਣ ਕਾਰਨ ਸਾਈਕਲ ਸਵਾਰ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਸਬੰਧੀ ਪੁਲਸ ਨੇ ਕਾਰ ਦੇ ਚਾਲਕ ਖਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ ਦਰਸ਼ਨ ਸਿੰਘ ਵਾਸੀ ਘਰਾਚੋਂ ਨੇ ਪੁਲਸ ਨੂੰ ਦੱਸਿਆ ਕਿ ਬੀਤੇ ਦਿਨ ਉਸਦਾ ਪਿਤਾ ਗੁਰਚਰਨ ਸਿੰਘ (70) ਆਪਣੇ ਖੇਤ 'ਚ ਪਾਣੀ ਵਾਲੀ ਪਾਈਪ ਪਾ ਕੇ ਕੰਮਕਾਰ ਸਬੰਧੀ ਪਿੰਡ ਜਾਣ ਲਈ ਸਾਈਕਲ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਜਿਵੇਂ ਹੀ ਉਹ ਪਹੀ ਤੋਂ ਸੜਕ 'ਤੇ ਚੜਿਆ ਤਾਂ ਭਵਾਨੀਗੜ੍ਹ ਸਾਇਡ ਤੋਂ ਆਉਂਦੀ ਇੱਕ ਤੇਜ ਰਫ਼ਤਾਰ ਅਲਟੋ ਕਾਰ ਦੇ ਚਾਲਕ ਨੇ ਆਪਣੀ ਕਾਰ ਉਸਦੇ ਪਿਤਾ 'ਚ ਲਿਆ ਮਾਰੀ।

ਇਹ ਵੀ ਪੜ੍ਹੋ : ਮਾਮਲਾ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰ ਖਾਣ ਦਾ : ਪਤਨੀ ਤੋਂ ਬਾਅਦ ਪਤੀ ਨੇ ਵੀ ਤੋੜਿਆ ਦਮ

ਜਾਣਕਾਰੀ ਦਿੰਦਿਆਂ ਦਰਸ਼ਨ ਸਿੰਘ ਨੇ ਦੱਸਿਆ ਕਿ ਘਟਨਾ 'ਚ ਉਸਦੇ ਪਿਤਾ ਦੇ ਸਿਰ ਅਤੇ ਸਰੀਰ ਦੇ ਹੋਰ ਕਾਫੀ ਹਿੱਸੇ 'ਚ ਗੰਭੀਰ ਸੱਟਾਂ ਲੱਗੀਆਂ। ਮੌਕੇ 'ਤੇ ਇਕੱਠ ਹੁੰਦਿਆਂ ਦੇਖ ਕਾਰ ਦਾ ਚਾਲਕ ਹਾਦਸੇ ਵਾਲੀ ਥਾਂ 'ਤੇ ਆਪਣੀ ਕਾਰ ਛੱਡ ਕੇ ਭੱਜ ਗਿਆ। ਜ਼ਖਮੀਂ ਹਾਲਤ ਵਿੱਚ ਗੁਰਚਰਨ ਸਿੰਘ ਨੂੰ ਭਵਾਨੀਗੜ੍ਹ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿੱਥੋਂ ਉਸਦੇ ਪਿਤਾ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਲਈ ਰੈਫਰ ਕਰ ਦਿੱਤਾ ਗਿਆ ਜਿੱਥੇ ਉਸਦੇ ਪਿਤਾ ਗੁਰਚਰਨ ਸਿੰਘ ਦੀ ਇਲਾਜ ਦੌਰਾਨ ਮੌਤ ਹੋ ਗਈ। ਓਧਰ ਪੁਲਸ ਨੇ ਦਰਸ਼ਨ ਸਿੰਘ ਦੇ ਬਿਆਨਾ 'ਤੇ ਫਰਾਰ ਕਾਰ ਚਾਲਕ ਦਵਿੰਦਰ ਸਿੰਘ ਖਿਲਾਫ਼ ਥਾਣਾ ਭਵਾਨੀਗੜ੍ਹ ਵਿਖੇ ਪਰਚਾ ਦਰਜ ਕਰਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ


Meenakshi

News Editor

Related News