ਸਾਈਬਰ ਠੱਗਾਂ ਦਾ ਨਵਾਂ ਢੰਗ,ਫੇਸਬੁੱਕ ’ਤੇ ਪਟਵਾਰੀ ਦੀ ਜਾਅਲੀ ਆਈ.ਡੀ.ਬਣਾ ਦੋਸਤਾਂ ਤੋਂ ਕੀਤੀ ਪੈਸਿਆਂ ਦੀ ਮੰਗ

02/03/2021 6:10:36 PM

ਭਵਾਨੀਗੜ੍ਹ (ਵਿਕਾਸ, ਸੰਜੀਵ): ਸਾਈਬਰ ’ਤੇ ਸਰਗਰਮ ਸ਼ਾਤਰ ਠੱਗਾਂ ਨੇ ਹੁਣ ਲੋਕਾਂ ਨੂੰ ਚੂਨਾ ਲਾਉਣ ਦਾ ਨਵਾਂ ਢੰਗ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ। ਸਾਈਬਰ ਕ੍ਰਾਈਮ ਤਹਿਤ ਪ੍ਰਸਿੱਧ ਹਸਤੀਆਂ ਆਦਿ ਦੇ ਸੋਸ਼ਲ ਮੀਡੀਆ ਅਕਾਊਂਟ ਹੈਕ ਕਰ ਕੇ ਲੋਕਾਂ ਨੂੰ ਬਲੈਕਮੇਲ ਕਰ ਕੇ ਪੈਸੇ ਹੜੱਪਣ ਜਿਹੇ ਮਾਮਲਿਆਂ ’ਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ। ਉਥੇ ਹੀ ਭਵਾਨੀਗੜ੍ਹ ’ਚ ਵੀ ਅਜਿਹਾ ਇਕ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਹੈਕਰਜ ਨੇ ਸ਼ਹਿਰ ਦੇ ਪ੍ਰੇਮ ਕੁਮਾਰ ਪੱਪੂ ਪਟਵਾਰੀ ਦੇ ਨਾਂ ’ਤੇ ਉਨ੍ਹਾਂ ਦੀ ਫੋਟੋ ਲਾ ਕੇ ਜਾਅਲੀ ਫੇਸਬੁੱਕ ਅਕਾਊਂਟ ਬਣਾ ਲਿਆ ਅਤੇ ਪ੍ਰੇਮ ਕੁਮਾਰ ਪੱਪੂ ਪਟਵਾਰੀ ਦੇ ਦੋਸਤਾਂ ਨੂੰ ਵਾਰੀ-ਵਾਰੀ ਆਪਣੇ ਨਾਲ ਜੋੜ ਲਿਆ ਤੇ ਮੈਸੇਂਜਰ ਦੇ ਰਾਹੀਂ ਫੇਸਬੁੱਕ ਦੋਸਤਾਂ ਤੋਂ ਪੈਸੇ ਦੀ ਮੰਗ ਕਰਦਿਆਂ ਤੁਰੰਤ 20 ਹਜ਼ਾਰ ਰੁਪਏ ਬੈਂਕ ਖਾਤੇ ’ਚ ਜਮ੍ਹਾ ਕਰਵਾਉਣ ਦੇ ਲਈ ਕਿਹਾ ਗਿਆ ਨਾਲ ਹੀ ਇਹ ਵੀ ਕਿਹਾ ਗਿਆ ਕਿ ਇਹ ਪੈਸੇ ਤੁਹਾਨੂੰ ਸਵੇਰੇ 8 ਵਜੇ ਵਾਪਸ ਕਰ ਦੇਵਾਂਗਾ। ਹੁਣ ਮੈਨੂੰ ਇਸ ਦੀ ਐਮਰਜੈਂਸੀ ਜ਼ਰੂਰਤ ਪੈ ਗਈ ਹੈ ਪਰ ਸਮੇਂ ਰਹਿੰਦਿਆਂ ਸ਼ਾਤਰ ਠੱਗਾਂ ਵੱਲੋਂ ਪ੍ਰੇਮ ਕੁਮਾਰ ਦੀ ਨਵੀਂ ਬਣਾਈ ਫੇਸਬੁੱਕ ਆਈ. ਡੀ. ਬਾਰੇ ਖੁਲਾਸਾ ਹੋਣ ’ਤੇ ਮਾਮਲੇ ਦਾ ਪਰਦਾਫਾਸ਼ ਹੋਇਆ।

ਹੋਇਆ ਇੰਝ ਕਿ ਭਵਾਨੀਗੜ੍ਹ ਤਹਿਸੀਲ ਦਫ਼ਤਰ ’ਚ ਤਾਇਨਾਤ ਪਟਵਾਰੀ ਪ੍ਰੇਮ ਕੁਮਾਰ ਪੱਪੂ ਦੇ ਨਾਂ ’ਤੇ ਬਣੇ ਫੇਸਬੁੱਕ ਅਕਾਊਂਟ ਤੋਂ ਮੁਕੇਸ਼ ਸਿੰਗਲਾ ਨਾਂ ਦੇ ਵਿਅਕਤੀ ਨੂੰ ਫੇਸਬੁੱਕ ਮੈਸੇਂਜਰ ਰਾਹੀਂ ਮੈਸੇਜ ਆਇਆ ਤੇ ਹਾਲ-ਚਾਲ ਪੁੱਛਣ ਉਪਰੰਤ ਇਕ ਬੈਂਕ ਖਾਤਾ ਨੰਬਰ ਸਮੇਤ ਆਈ.ਐੱਫ.ਸੀ. ਕੋਡ ਭੇਜ ਕੇ ਖਾਤੇ ’ਚ ਤੁਰੰਤ 20 ਹਜ਼ਾਰ ਰੁਪਏ ਜਮ੍ਹਾ ਕਰਵਾਉਣ ਦੀ ਮੰਗ ਕੀਤੀ ਗਈ।

ਪੈਸੇ ਜਮ੍ਹਾ ਕਰਵਾਉਣ ਦੇ ਆਏ ਸੰਦੇਸ਼ ਸਬੰਧੀ ਮੁਕੇਸ਼ ਸਿੰਗਲਾ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਪ੍ਰੇਮ ਕੁਮਾਰ ਪਟਵਾਰੀ ਨਾਲ ਫੋਨ ’ਤੇ ਸੰਪਰਕ ਕੀਤਾ ਤੇ ਦੱਸਿਆ ਕਿ ਤੁਹਾਡੀ ਫੇਸਬੁੱਕ ਆਈ. ਡੀ. ਤੋਂ ਸੰਦੇਸ਼ ਭੇਜ ਕੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਪ੍ਰੇਮ ਕੁਮਾਰ ਨੇ ਦੱਸਿਆ ਕਿ ਸਾਇਬਰ ਠੱਗਾਂ ਨੇ ਉਸ ਦੇ ਨਾਂ ਦਾ ਇਕ ਜਾਅਲੀ ਅਕਾਊੂਂਟ ਬਣਾਉਣ ਬਾਰੇ ਉਨ੍ਹਾਂ ਨੂੰ ਹੁਣ ਹੀ ਪਤਾ ਲੱਗਿਆ ਹੈ ਕਿਉਂਕਿ ਠੱਗਾਂ ਵੱਲੋਂ ਉਸਦੇ ਕਰੀਬ 21 ਦੋਸਤਾਂ ਨੂੰ ਮੈਸੇਂਜਰ ਰਾਹੀ ਮੇਸੇਜ ਕਰ ਕੇ ਪੈਸੇ ਮੰਗੇ ਹਨ ਜਿਸ ਸਬੰਧੀ ਉਨ੍ਹਾਂ ਨੂੰ ਦੋਸਤਾਂ ਦੇ ਇਕ ਤੋਂ ਬਾਅਦ ਇਕ ਫੋਨ ਆ ਰਹੇ ਹਨ ਤੇ ਉਨ੍ਹਾਂ ਨੂੰ ਖਾਤੇ ’ਚ ਪੈਸੇ ਜਮ੍ਹਾ ਨਾ ਕਰਵਾਉਣ ਬਾਰੇ ਕਿਹਾ ਗਿਆ ਹੈ। ਨਾਲ ਹੀ ਉਨ੍ਹਾਂ ਪੁਲਸ ਪ੍ਰਸ਼ਾਸਨ ਅਤੇ ਸਰਕਾਰ ਤੋਂ ਅਜਿਹੇ ਠੱਗਾਂ ਨੂੰ ਨੱਥ ਪਾਉਣ ਦੀ ਮੰਗ ਕੀਤੀ ਹੈ।


Shyna

Content Editor

Related News