ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਕਰਨ ਵਾਲੇ ਗਿਰੋਹ ਦੀ ਮੈਂਬਰ ਔਰਤ ਕਾਬੂ

05/15/2019 11:54:55 PM

ਸ੍ਰੀ ਮੁਕਤਸਰ ਸਾਹਿਬ, (ਪਵਨ)- ਵਿਦੇਸ਼ ਭੇਜਣ ਦੇ ਨਾਂ ’ਤੇ ਠੱਗੀ ਕਰਨ ਵਾਲੀ ਇਕ ਔਰਤ ਨੂੰ ਦਿੱਲੀ ਏਅਰਪੋਰਟ ਪੁਲਸ ਨੇ ਕਾਬੂ ਕਰ ਕੇ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਹਵਾਲੇ ਕੀਤਾ ਹੈ, ਜਿਸ ਨੇ ਸਾਢੇ 10 ਲੱਖ ਰੁਪਏ ਠੱਗੇ ਸਨ, ਜਦੋਂਕਿ ਉਸ ਦੇ ਸਾਥੀ ਅਜੇ ਵੀ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹਨ। ਮੂਲ ਰੂਪ ’ਚ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭੁੱਲਰ ਅਤੇ ਹਾਲ ਆਬਾਦ ਅਬੋਹਰ ਰੋਡ ਨਿਵਾਸੀ ਚਮਕੌਰ ਸਿੰਘ ਨੇ ਬੀਤੀ 21 ਨਵੰਬਰ, 2018 ਨੂੰ ਥਾਣਾ ਸਿਟੀ ਵਿਖੇ ਮਾਮਲਾ ਦਰਜ ਕਰਵਾਇਆ ਸੀ ਕਿ ਉਸ ਦੀ ਦੂਰ ਦੀ ਇਕ ਰਿਸ਼ਤੇਦਾਰ ਰਾਜਬਿੰਦਰ ਕੌਰ ਨਿਵਾਸੀ ਕੋਟਕਪੂਰਾ ਉਸ ਦੇ ਘਰ ਆਈ ਸੀ, ਜਿਸ ਨੇ ਕਿਹਾ ਸੀ ਕਿ ਉਸ ਦੀ ਜਾਣ-ਪਛਾਣ ਵਾਲੀ ਇਕ ਔਰਤ ਹੈ, ਜੋ ਕਿ ਲੋਕਾਂ ਨੂੰ ਵਿਦੇਸ਼ ਭੇਜਦੀ ਹੈ ਅਤੇ ਉਸ ਦੀ ਨਨਾਣ ਸਤਬੀਰ ਕੌਰ ਆਪਣੇ ਪਤੀ ਇੰਦਰਜੀਤ ਸਿੰਘ ਸਮੇਤ ਆਸਟਰੇਲੀਆ ਵਿਚ ਰਹਿ ਰਹੀ ਹੈ।

ਇਸ ਤੋਂ ਬਾਅਦ ਉਸ ਨੇ ਸਤਬੀਰ ਕੌਰ ਨਾਲ ਵੀ ਉਸ ਦੀ ਗੱਲ ਕਰਵਾਈ, ਜਿਸ ਨੇ ਕੈਨੇਡਾ ਲਈ ਵਰਕ ਪਰਮਿਟ ਲਈ 22 ਲੱਖ ਰੁਪਏ ਦੀ ਮੰਗ ਕੀਤੀ। ਇਸ ’ਤੇ ਉਸ ਨੇ ਇਨ੍ਹਾਂ ਨਾਲ 2 ਲੱਖ ਰੁਪਏ ਦੀ ਅਡਜਸਟਮੈਂਟ ਅਤੇ 9 ਲੱਖ ਰੁਪਏ ਪਰਿਵਾਰ ਦੇ ਨਾਲ ਸਲਾਹ ਕਰ ਕੇ ਬਾਅਦ ਵਿਚ ਆਰ. ਟੀ. ਜੀ. ਐੱਸ. ਕਰਵਾ ਦਿੱਤੇ। ਉਨ੍ਹਾਂ ਨੇ 11 ਲੱਖ ਰੁਪਏ ਲੈਣ ਤੋਂ ਬਾਅਦ ਜਨਵਰੀ 2017 ਵਿਚ ਉਸ ਨੂੰ 28 ਫਰਵਰੀ, 2017 ਦੀ ਟਿਕਟ ਭੇਜ ਦਿੱਤੀ ਪਰ ਉਸ ਨੂੰ 27 ਫਰਵਰੀ, 2017 ਦੀ ਸ਼ਾਮ ਨੂੰ ਫੋਨ ਆਇਆ ਕਿ ਤੁਹਾਡਾ ਕੈਨੇਡਾ ਜਾਣਾ ਕੈਂਸਲ ਹੋ ਗਿਆ ਹੈ। ਇਸ ਦੌਰਾਨ ਪੰਚਾਇਤ ਬੁਲਾਈ ਗਈ ਤਾਂ ਉਹ ਪੈਸੇ ਦੇਣ ਵਿਚ ਟਾਲ-ਮਟੋਲ ਕਰਨ ਲੱਗੀ। ਇਸ ਮਾਮਲੇ ’ਚ ਪੁਲਸ ਨੇ ਜਾਂਚ ਕਰਨ ਤੋਂ ਬਾਅਦ ਸਤਬੀਰ ਕੌਰ ਨਿਵਾਸੀ ਕੱਚਾ ਮਲਕ ਰੋਡ ਜਗਰਾਓਂ, ਕੁਲਦੀਪ ਸਿੰਘ ਨਿਵਾਸੀ ਸ਼੍ਰੀ ਗੰਗਾਨਗਰ, ਰਾਜਸਥਾਨ, ਅੰਗਰੇਜ ਕੌਰ ਨਿਵਾਸੀ ਕੋਟਕਪੂਰਾ, ਬਲਜੀਤ ਸਿੰਘ ਨਿਵਾਸੀ ਕੋਟਕਪੂਰਾ ਅਤੇ ਸੁਖਵਿੰਦਰ ਕੌਰ ਨਿਵਾਸੀ ਕੋਟਕਪੂਰਾ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਸੀ। ਥਾਣਾ ਸਿਟੀ ਦੇ ਏ. ਐੱਸ. ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਇਨ੍ਹਾਂ ’ਚੋਂ ਇਕ ਔਰਤ ਸਤਬੀਰ ਕੌਰ, ਜੋ ਕਿ ਵਿਦੇਸ਼ ਭੱਜਣ ਦੀ ਤਾਕ ਵਿਚ ਸੀ, ਨੂੰ ਏਅਰਪੋਰਟ ਦੀ ਪੁਲਸ ਨੇ ਕਾਬੂ ਕਰ ਕੇ ਉਨ੍ਹਾਂ ਦੇ ਹਵਾਲੇ ਕਰ ਦਿੱਤਾ ਹੈ।

Bharat Thapa

This news is Content Editor Bharat Thapa