''ਦੇਰ ਰਾਤ ਤਕ ਖੁੱਲਣ ਵਾਲੇ ਸ਼ਰਾਬ ਦੇ ਠੇਕਿਆਂ ''ਤੇ ਸਰਕਾਰ ਅਤੇ ਪ੍ਰਸ਼ਾਸਨ ਦੀ ਨਹੀਂ ਨਜ਼ਰ''

09/05/2020 6:42:15 PM

ਜਲਾਲਾਬਾਦ,(ਸੇਤੀਆ, ਸੁਮਿਤ) : ਸਰਕਾਰ ਵਲੋਂ ਕਰਫਿਊ ਦੇ ਨਿਯਮਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਪਰ ਦੂਜੇ ਪਾਸੇ ਹੁਣ ਦੁਕਾਨਦਾਰ ਸ਼ਰਾਬ ਠੇਕੇਦਾਰਾਂ ਨੂੰ ਦੇਰ ਰਾਤ ਮਿਲ ਰਹੀ ਢਿੱਲ ਦੇ ਖਿਲਾਫ ਖੜੇ ਹੋਣੇ ਸ਼ੁਰੂ ਹੋ ਗਏ ਹਨ। ਇਸ ਸਬੰਧੀ ਸ਼ਨੀਵਾਰ ਨੂੰ ਦੁਕਾਨਦਾਰ ਰਿੰਕੂ ਕਮੀਰੀਆ ਨੇ ਮੀਡੀਆ ਨਾਲ ਗੱਲਬਾਤ ਕੀਤੀ ਅਤੇ ਦੇਰ ਰਾਤ ਤੱਕ ਖੁੱਲਣ ਵਾਲੇ ਸ਼ਰਾਬ ਠੇਕਿਆਂ ਖਿਲਾਫ ਰੱਜ ਕੇ ਭੜਾਸ ਕੱਢੀ। ਰਿੰਕੂ ਕਮੀਰੀਆ ਨੇ ਕਿਹਾ ਕਿ ਆਮ ਦੁਕਾਨਦਾਰ 'ਤੇ ਸਮਾਬੰਦੀ ਲਈ ਪੁਲਸ ਪ੍ਰਸ਼ਾਸਨ ਵਲੋਂ ਦਬਾਅ ਬਣਾਇਆ ਜਾਂਦਾ ਹੈ ਅਤੇ ਥੋੜਾ ਜਿਹਾ ਵੀ ਸਮਾਂ ਵੱਧ ਹੋਣ ਕਾਰਣ ਦੁਕਾਨਦਾਰਾਂ ਦੇ ਚਲਾਨ ਤੱਕ ਕੱਟ ਦਿੱਤੇ ਜਾਂਦੇ ਹਨ ਪਰ ਦੂਜੇ ਪਾਸੇ ਦੇਰ ਰਾਤ ਤੱਕ ਖੁੱਲਣ ਵਾਲੇ ਸ਼ਰਾਬ ਠੇਕਿਆਂ ਵੱਲ ਸਰਕਾਰ ਤੇ ਪ੍ਰਸ਼ਾਸਨ ਦੀ ਨਜ਼ਰ ਨਹੀਂ ਜਾ ਰਹੀ। ਉਨ੍ਹਾਂ ਕਿਹਾ ਕਿ ਦੁਕਾਨਦਾਰ ਵੀ ਸਰਕਾਰ ਨੂੰ ਟੈਕਸ ਦਿੰਦੇ ਹਨ ਪਰ ਸ਼ਰਾਬ ਠੇਕੇਦਾਰਾਂ 'ਤੇ ਪ੍ਰਸ਼ਾਸਨ ਇੰਨਾ ਮੇਹਰਬਾਨ ਕਿਉਂ ਹੈ। ਉਨ੍ਹਾਂ ਦੱਸਿਆ ਕਿ ਜੇਕਰ 6.30 ਵਜੇ ਤੋਂ ਬਾਅਦ ਦੁਕਾਨਾਂ ਖੁੱਲਣ 'ਤੇ ਕੋਰੋਨਾ ਫੈਲਦਾ ਹੈ ਤਾਂ ਫਿਰ ਠੇਕਿਆਂ ਦੇ ਨਾਲ ਖੁੱਲੇ ਅਹਾਤਿਆਂ ਤੇ ਹੋਟਲਾਂ 'ਚ ਲੋਕਾਂ ਦੀ ਭੀੜ ਕਾਰਣ ਕੋਰੋਨਾ ਨਹੀਂ ਫੈਲਦਾ।

ਉਨ੍ਹਾਂ ਦੱਸਿਆ ਕਿ ਜਲਾਲਾਬਾਦ 'ਚ 7 ਬ੍ਰਾਂਚਾ ਮਨਜ਼ੂਰ ਹਨ ਪਰ ਜਲਾਲਾਬਾਦ 'ਚ 15 ਤੋਂ 20 ਬ੍ਰਾਂਚਾਂ ਨਜਾਇਜ਼ ਚੱਲ ਰਹੀਆਂ ਹਨ। ਕਮੀਰੀਆ ਨੇ ਕਿਹਾ ਕਿ ਪਿਛਲੇ ਦਿਨੀ ਫੇਸਬੁੱਕ 'ਤੇ ਲਾਈਵ ਵੀ ਹੋਇਆ ਸੀ ਅਤੇ ਰਾਤ ਕਰੀਬ 9 ਵਜੇ ਤੱਕ ਖੁੱਲੇ ਠੇਕਿਆਂ ਬਾਰੇ ਵੀ ਜਾਣਕਾਰੀ ਦਿੱਤੀ ਸੀ ਪਰ ਇਸ ਵੀਡੀਓ ਨੂੰ ਲਾਈਵ ਕਰਨ ਤੋਂ ਬਾਅਦ ਵੀ ਪ੍ਰਸ਼ਾਸਨ ਨੇ ਸਾਰ ਨਹੀਂ ਲਈ ਅਤੇ ਨਾ ਹੀ ਠੇਕਿਆਂ ਨੂੰ ਬੰਦ ਕਰਵਾਉਣਾ ਮੁਨਾਸਿਬ ਸਮਝਿਆ। ਉਨ੍ਹਾਂ ਕਿਹਾ ਕਿ ਹਲਕੇ ਅੰਦਰ ਵੱਖ-ਵੱਖ ਸਿਆਸੀ ਪਾਰਟੀਆਂ ਵੀ ਇਸ ਮੁੱਦੇ 'ਤੇ ਚੁੱਪ ਹਨ ਕਿ ਉਨ੍ਹਾਂ ਨੂੰ ਦੇਰ ਰਾਤ ਤੱਕ ਖੁੱਲਣ ਵਾਲੇ ਠੇਕੇ ਨਜ਼ਰ ਨਹੀਂ ਆ ਰਹੇ ਹਨ।  ਉਨ੍ਹਾਂ ਦੀ ਮੰਗ ਹੈ ਕਿ ਜਾਂ ਤਾਂ ਠੇਕਿਆਂ ਨੂੰ ਬੰਦ ਕਰਵਾਇਆ ਜਾਵੇ ਜਾਂ ਫਿਰ ਦੁਕਾਨਦਾਰਾਂ ਨੂੰ ਉਨੀ ਛੂਟ ਦਿੱਤੀ ਜਾਵੇ।

ਇਸ ਸਬੰਧੀ ਏਟੀਸੀ ਰੂਮਾਨਾ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਰਕਾਰ ਦੀਆਂ ਹਿਦਾਇਤਾਂ ਮੁਤਾਬਕ ਵਿਭਾਗ ਕੰਮ ਕਰ ਰਿਹਾ ਹੈ ਪਰ ਦੂਜੇ ਪਾਸੇ ਜੇਕਰ ਕਰਫਿਊ ਦੌਰਾਨ ਠੇਕੇ ਖੁੱਲਦੇ ਹਨ ਤਾਂ ਉਨ੍ਹਾਂ ਨੂੰ ਬੰਦ ਕਰਵਾਉਣਾ ਪੁਲਸ ਦਾ ਕੰਮ ਹੈ। ਇਸ ਤੋਂ ਇਲਾਵਾ ਨਜਾਇਜ਼ ਚੱਲ ਰਹੀਆਂ ਬ੍ਰਾਂਚਾਂ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਸੰਬੰਧੀ ਆਈ.ਟੀ.ਓ. ਦੀ ਡਿਊਟੀ ਲਗਾਈ ਜਾਵੇਗੀ ਅਤੇ ਉਨ੍ਹਾਂ ਤੋਂ ਸਾਰੀ ਰਿਪੋਰਟ ਲਈ ਜਾਵੇਗੀ ਅਤੇ ਜੇਕਰ ਨਜਾਇਜ਼ ਬ੍ਰਾਂਚਾਂ ਖੁੱਲਦੀਆਂ ਹਨ ਤਾਂ ਉਨ੍ਹਾਂ ਨੂੰ ਬੰਦ ਕਰਵਾਇਆ ਜਾਵੇਗਾ।


Deepak Kumar

Content Editor

Related News