ਕਰਫ਼ਿਊ ਦੀ ਉਲੰਘਣਾ ਕਰ ਰਿਹਾ ਰੇਹੜੀ ਵਾਲਾ ਕਾਬੂ, ਜ਼ਮਾਨਤ ’ਤੇ ਹੋਇਆ ਰਿਹਾਅ

03/27/2020 3:37:50 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖ਼ੁਰਾਣਾ) - ਸ਼ਹਿਰ ਭਰ ਅੰਦਰ ਕਰਫ਼ਿਊ ਦੇ ਚਲਦਿਆਂ ਜ਼ਿਲਾ ਪ੍ਰਸ਼ਾਸਨ ਭਾਵੇਂ ਕਿੰਨਾ ਵੀ ਪੱਬਾਂ ਭਾਰ ਹੋਵੇ ਪਰ ਸ਼ਹਿਰ ਅੰਦਰੋਂ ਉਲੰਘਣਾ ਕਰਨ ਦੇ ਮਾਮਲੇ ਲਗਾਤਾਰ ਸਾਹਮਣੇ ਆ ਹੀ ਰਹੇ ਹਨ। ਵੀਰਵਾਰ ਵਾਲੇ ਦਿਨ ਵੀ ਸ੍ਰੀ ਮੁਕਤਸਰ ਸਾਹਿਬ ਵਿਖੇ ਕਰਫ਼ਿਊ ਦੀ ਉਲੰਘਣਾ ਕਰ ਰਹੇ ਇਕ ਸਬਜ਼ੀ ਦੀ ਰੇਹੜੀ ਫੜੀ ਵਾਲੇ ਨੂੰ ਸਿਟੀ ਪੁਲਸ ਨੇ ਕਾਬੂ ਕਰ ਲਿਆ। ਇਸ ਮਾਮਲੇ ਦੇ ਸਬੰਧ ’ਚ ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਅਵਤਾਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਇਤਲਾਹ ਮਿਲੀ ਸੀ ਕਿ ਸਥਾਨਕ ਭੱਠੇ ਵਾਲੀ ਗਲੀ ਦਾ ਰਹਿਣ ਵਾਲਾ ਬਲਦੇਵ ਸਿੰਘ ਪੁੱਤਰ ਜੈ ਚੰਦ ਸਬਜ਼ੀ ਦੀ ਰੇਹੜੀ ਲਗਾਉਂਦਾ ਹੈ। ਇਸ ਸਮੇਂ ਆਪਣੇ ਅੱਡੇ ’ਤੇ ਲੋਕਾਂ ਦਾ ਇਕੱਠ ਕਰਕੇ ਉਨ੍ਹਾਂ ਨੂੰ ਸਬਜ਼ੀ ਵੇਚ ਰਿਹਾ ਹੈ, ਜਿਸ ਤੋਂ ਬਾਅਦ ਪੁਲਸ ਨੇ ਮੌਕੇ ’ਤੇ ਉਕਤ ਸਥਾਨ ’ਤੇ ਪੁੱਜ ਕੇ ਬਲਦੇਵ ਸਿੰਘ ਨੂੰ ਕਾਬੂ ਕਰ ਲਿਆ। ਕਰਫਿਊ ਦੌਰਾਨ ਧਾਰਾ-144 ਦੀ ਉਲੰਘਣਾ ਕਰਨ ਦੇ ਤਹਿਤ ਪੁਲਸ ਨੇ ਉਸ ਖਿਲਾਫ ਮਾਮਲਾ ਦਰਜ ਕਰ ਲਿਆ, ਜਿਸ ਤੋਂ ਬਾਅਦ ਕਥਿਤ ਮੁਲਜ਼ਮ ਨੂੰ ਪੁਲਸ ਨੇ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ। 

rajwinder kaur

This news is Content Editor rajwinder kaur