ਕਰਫਿਊ ਦਾ ਬਹਾਨਾ ਬਣਾ ਕੇ ਪੁਲਸ ਨੇ ਨੌਜਵਾਨ ''ਤੇ ਚੜ੍ਹਾਈ ਕਾਰ

03/31/2020 3:13:45 PM

ਮੋਗਾ (ਸੰਜੀਵ): ਪੁਲਸ ਕਰਮਚਾਰੀਆਂ ਵਲੋਂ ਮੋਹਨ ਸਿੰਘ ਬਸਤੀ ਮੋਗਾ ਦੇ ਇਕ ਨੌਜਵਾਨ 'ਤੇ ਕਾਰ ਚੜ੍ਹਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਹਸਪਤਾਲ 'ਚ ਭਰਤੀ ਅਮਨਪ੍ਰੀਤ ਸਿੰਘ (18) ਪੁੱਤਰ ਪਰਮਜੀਤ ਸਿੰਘ ਨਿਵਾਸੀ ਮੋਗਾ ਨੇ ਦੱਸਿਆ ਕਿ ਕਰਫਿਊ ਦੌਰਾਨ ਉਹ ਆਪਣੇ ਘਰ ਦੇ ਸਾਹਮਣੇ ਰਹਿੰਦੇ ਤਾਏ ਦੇ ਘਰ ਜਾ ਰਿਹਾ ਸੀ। ਇਸ ਦੌਰਾਨ ਦੂਜੇ ਪਾਸੇ ਤੋਂ ਇਕ ਕਾਰ ਆਉਂਦੀ ਦਿਖਾਈ ਦਿੱਤੀ। ਕਾਰ ਉਸ ਦੇ ਕੋਲ ਆ ਕੇ ਰੁਕ ਗਈ।

ਇਕ ਪੁਲਸ ਕਰਮਚਾਰੀ ਨੇ ਡੰਡਾ ਦਿਖਾ ਕੇ ਉਸ ਨੂੰ ਘਰ ਜਾਣ ਨੂੰ ਕਿਹਾ। ਉਸ ਦੇ ਵਲੋਂ ਦੱਸਣ 'ਤੇ ਕਿ ਉਹ ਸਾਹਮਣੇ ਤਾਏ ਦੇ ਘਰੋਂ ਸਾਮਾਨ ਲੈਣ ਜਾ ਰਿਹਾ ਹੈ ਤਾਂ ਕਾਰ ਚਲਾ ਰਹੇ ਕਰਮਚਾਰੀ ਨੇ ਉਸ 'ਤੇ ਕਾਰ ਚੜ੍ਹਾ ਦਿੱਤੀ। ਨੇੜੇ-ਤੇੜੇ ਦੇ ਲੋਕਾਂ ਨੇ ਕਾਰ ਦਾ ਪਿੱਛਾ ਵੀ ਕੀਤਾ ਪਰ ਉਹ ਫਰਾਰ ਹੋਣ 'ਚ ਸਫਲ ਹੋ ਗਿਆ। ਜ਼ਖਮੀ ਦੇ ਪਿਤਾ ਪਰਮਜੀਤ ਸਿੰਘ ਨੇ ਐੱਸ.ਐੱਸ.ਪੀ. ਨੂੰ ਅਪੀਲ ਕੀਤੀ ਹੈ ਕਿ ਕਥਿਤ ਦੌਸ਼ੀ ਪੁਲਸ ਕਰਮਚਾਰੀਆਂ ਦੇ ਵਿਰੁੱਧ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ। ਇਸ ਸਬੰਧ 'ਚ ਜਦੋਂ ਜਾਂਚ ਅਧਿਕਾਰੀ ਕਰਮਜੀਤ ਸਿੰਘ ਐੱਸ.ਐੱਚ.ਓ. ਨੇ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਦੱਸਿਆ ਕਿ ਜਿਸ ਗੱਡੀ ਨੇ ਨੌਜਵਾਨ ਨੂੰ ਟੱਕਰ ਮਾਰੀ ਸੀ ਉਹ ਤਾਂ ਭੱਜ ਗਈ। ਪਿੱਛੇ ਤੋਂ ਇਕ ਪੁਲਸ ਕਰਮਚਾਰੀ ਦੀ ਗੱਡੀ ਆ ਰਹੀ ਸੀ, ਜਿਸ ਨੂੰ ਮਹੁੱਲੇ ਵਾਲਿਆਂ ਨੇ ਰੋਕ ਕੇ ਤੋੜ ਦਿੱਤਾ। ਇਸ 'ਚ ਥਾਣੇਦਾਰ ਕਮਲਜੀਤ ਸਿੰਘ ਨੂੰ ਗੰਭੀਰ ਸੱਟਾਂ ਲੱਗੀਆਂ।

Shyna

This news is Content Editor Shyna