ਕਰੋਡ਼ਾਂ ਦੀ ਲਾਗਤ ਨਾਲ ਬਣਿਆ ਸਿਵਲ ਹਸਪਤਾਲ ਡਾਕਟਰਾਂ ਬਿਨਾਂ ਸਾਬਤ ਹੋ ਰਿਹੈ ਚਿੱਟਾ ਹਾਥੀ

05/24/2019 12:56:28 AM

ਭਦੌਡ਼, (ਰਾਕੇਸ਼)- ਪੰਜਾਬ ’ਚ ਸਮੇਂ ਦੀਆਂ ਸਰਕਾਰਾਂ ਵੱਲੋਂ ਦਿੱਤਾ ਨਾਅਰਾ ‘ਰਾਜ ਨਹੀਂ ਸੇਵਾ’ ਸਥਾਨਕ ਲੋਕਾਂ ਲਈ ਮਜ਼ਾਕ ਬਣ ਕੇ ਰਹਿ ਗਿਆ ਹੈ ਕਿਉਂਕਿ ਕਸਬਾ ਭਦੌਡ਼ ਵਿਖੇ ਕਰੋਡ਼ਾਂ ਰੁਪਏ ਦੀ ਲਾਗਤ ਨਾਲ ਬਣਿਆ 30 ਬਿਸਤਰਿਆਂ ਵਾਲਾ ਸਰਕਾਰੀ ਹਸਪਤਾਲ ਡਾਕਟਰਾਂ ਬਿਨਾਂ ਚਿੱਟਾ ਹਾਥੀ ਬਣ ਕੇ ਰਹਿ ਗਿਆ ਹੈ। ਲੋਕਾਂ ਨੂੰ ਕਸਬਾ ਭਦੌਡ਼ ਵਿਚ ਬਣੇ ਸਰਕਾਰੀ ਹਸਪਤਾਲ ਵਿਚ ਸਪੈਸ਼ਲਿਸਟ ਡਾਕਟਰ ਨਾ ਹੋਣ ਦੇ ਕਾਰਣ ਆਪਣਾ ਇਲਾਜ ਕਰਵਾਉਣ ਲਈ ਨਾਲ ਲਗਦੇ ਸ਼ਹਿਰਾਂ ਬਰਨਾਲਾ, ਰਾਮਪੁਰਾ, ਬਠਿੰਡਾ, ਪਟਿਆਲਾ, ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲਾਂ ’ਚ ਜਾ ਕੇ ਆਪਣੀ ਛਿੱਲ ਲੁਹਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਇਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ- ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ 100 ਹਸਪਤਾਲ ਚੁਣੇ ਗਏ ਸਨ ਅਤੇ ਜਿਨ੍ਹਾਂ ’ਚੋ ਭਦੌਡ਼ ਦੇ ਸਰਕਾਰੀ ਹਸਪਤਾਲ ਦਾ ਨਾਂ ਹੀ ਕੱਟ ਦਿੱਤਾ ਗਿਆ ਸੀ, ਜਦੋਂ ਕਿ ਹੈਲਥ ਮਨਿਸਟਰ ਵੱਲੋਂ ਇਹ ਵੀ ਹੁਕਮ ਜਾਰੀ ਕੀਤੇ ਹੋਏ ਸਨ ਕਿ ਜੋ ਸਪੈਸ਼ਲਿਸਟ ਹਸਪਤਾਲ ਤੋਂ 10 ਕਿਲੋਮੀਟਰ ਦੀ ਦੂਰੀ ਤੋਂ ਵੱਧ ਦਾ ਰਸਤਾ ਹੈ ਤਾਂ ਉਥੋਂ ਦੇ ਸਰਕਾਰੀ ਹਸਪਤਾਲ ਵਿਚ ਇਕ ਸਪੈਸ਼ਲਿਸਟ ਡਾਕਟਰ ਲਾਇਆ ਜਾਵੇਗਾ ਪਰ ਉਸ ਸਮੇਂ ਦੀ ਪੰਜਾਬ ਸਰਕਾਰ ਵੱਲੋਂ ਸਾਰੇ ਦੇ ਸਾਰੇ ਸਪੈਸ਼ਲਿਸਟ ਡਾਕਟਰ ਸਪੈਸ਼ਲ ਹਸਪਤਾਲ ’ਚ ਲਗਾ ਦਿੱਤੇ ਗਏ ਹਨ ਜਦੋਂਕਿ ਭਦੌਡ਼ ਦਾ ਸਰਕਾਰੀ ਹਸਪਤਾਲ ਸਪੈਸ਼ਲਿਸਟ ਡਾਕਟਰਾਂ ਦੀ ਲੰਮੇ ਸਮੇਂ ਤੋਂ ਉਡੀਕ ਕਰ ਰਿਹਾ ਹੈ। ਕਸਬਾ ਭਦੌਡ਼ ਦੇ ਸਰਕਾਰੀ ਹਸਪਤਾਲ ਨੂੰ ਆਸੇ-ਪਾਸੇ ਦੇ 25 ਪਿੰਡ ਜਿਨ੍ਹਾਂ ’ਚ ਸ਼ਾਮਲ ਅਲਕਡ਼ਾ, ਸੈਦੋਕੇ, ਜੰਗੀਆਣਾ, ਬੁਰਜ ਰਾਜਗਡ਼੍ਹ, ਸਲਾਵਤਪੁਰਾ, ਨੈਣੇਵਾਲਾ, ਸੰਧੂ, ਛੰਨਾਂ ਗੁਲਾਬ ਸਿੰਘ ਵਾਲਾ, ਸੰਧੂ ਖੁਰਦ, ਘੰਡਾਬੰਨਾ, ਵਿਧਾਤੇ, ਟੱਲੇਵਾਲ, ਚੁੰਘਾ ਭੋਤਨਾ, ਸ਼ਹਿਣਾ, ਬੀਹਲੀ ਖਡ਼ਕ ਸਿੰਘ ਵਾਲਾ, ਤਲਵੰਡੀ, ਦੀਪਗਡ਼੍ਹ, ਰਾਮਗਡ਼੍ਹ, ਮੱਝੂਕੇ ਹਿੰਮਤਪੁਰਾ, ਬਿਲਾਸਪੁਰ ਤਕ ਦੇ ਪਿੰਡ ਪੈਂਦੇ ਹਨ ਅਤੇ ਇਨ੍ਹਾਂ ਸਾਰੇ ਹੀ ਪਿੰਡਾਂ ਦੇ ਮਰੀਜ਼ ਆਪਣਾ ਇਲਾਜ ਕਰਵਾਉਣ ਲਈ ਸਰਕਾਰੀ ਹਸਪਤਾਲ ਭਦੌਡ਼ ਵਿਖੇ ਆਉਂਦੇ ਹਨ। ਜਦੋਂ ਇਸ ਹਸਪਤਾਲ ਵਿਚ ਕੋਈ ਵੀ ਸਪੈਸ਼ਲਿਸਟ ਡਾਕਟਰ ਨਹੀਂ ਹੈ ਤਾਂ ਮਰੀਜ਼ਾਂ ਨੂੰ ਨਿਰਾਸ਼ ਹੋ ਕੇ ਮੁਡ਼ਨਾ ਪੈਂਦਾ ਹੈ ਅਤੇ ਆਪਣਾ ਇਲਾਜ ਕਰਵਾਉਣ ਲਈ ਨਾਲ ਲੱਗਦੇ ਵੱਡੇ ਸ਼ਹਿਰਾਂ ’ਚ ਜਾਣਾ ਪੈਂਦਾ ਹੈ। ਇਸ ਹਸਪਤਾਲ ’ਚ ਚਾਰ ਸਪੈਸ਼ਲਿਸਟ ਡਾਕਟਰ, ਇਕ ਜਨਰਲ ਐੱਮ.ਬੀ.ਬੀ.ਐੱਸ. ਅਤੇ ਇਕ ਐੱਸ.ਐੱਮ.ਓ. ਦੀ ਪੋਸਟ ਹੈ ਪਰ ਇਥੇ ਚਾਰੇ ਸਪੈਸ਼ਲਿਸਟ ਡਾਕਟਰਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਪਰ ਹੁਣ ਹਸਪਤਾਲ ਵਿਚ ਸਿਰਫ ਤਿੰਨ ਐੱਮ. ਬੀ. ਬੀ. ਐੱਸ. ਡਾਕਟਰ ਤਾਇਨਾਤ ਹਨ, ਜਿਨ੍ਹਾਂ ’ਚ ਮੌਜੂਦ ਡਾ. ਸਤਵੰਤ ਸਿੰਘ ਬਾਵਾ, ਡਾ. ਵਿਕਰਮਜੀਤ ਸਿੰਘ ਅਤੇ ਜਿਨ੍ਹਾਂ ’ਚੋਂ ਡਾ. ਰੁਪਿੰਦਰਜੀਤ ਕੌਰ ਜੋ ਕਿ ਤਪਾ ਵਿਖੇ ਤਾਇਨਾਤ ਕੀਤੇ ਹੋਏ ਹਨ ਪਰ ਭਦੌਡ਼ ਵਿਖੇ ਡੈਪੂਟੇਸ਼ਨ ’ਤੇ ਸੇਵਾ ਨਿਭਾਅ ਰਹੇ ਹਨ। ਹੁਣ ਤਕ ਵੱਖ-ਵੱਖ ਪਾਰਟੀਆਂ ਦੇ ਨੇਤਾਵਾਂ ਤੋਂ ਭਦੌਡ਼ ਦੇ ਲੋਕਾਂ ਦੀ ਮੁੱਖ ਮੰਗ ਕਸਬਾ ਭਦੌਡ਼ ਦੇ ਸਿਵਲ ਹਸਪਤਾਲ ਵਿਚ ਵਧੀਆ ਡਾਕਟਰ ਤਾਇਨਾਤ ਕਰਨ ਦਾ ਮੁੱਖ ਮੁੱਦਾ ਹੈ ਜੋ ਕਿ ਸਮੇਂ ਦੀਆਂ ਸਰਕਾਰਾਂ ਨੇ ਮਸਲਾ ਹੱਲ ਕਰਨ ਦਾ ਭਰੋਸਾ ਤਾਂ ਦਿੱਤਾ ਹੈ ਪਰ ਹੋਇਆ ਕੁਝ ਨਹੀਂ, ਪਰਨਾਲਾ ਉਥੇ ਦਾ ਉਥੇ ਹੀ ਹੈ।

Bharat Thapa

This news is Content Editor Bharat Thapa