ਮੀਂਹ ਬਣਿਆ ਆਫ਼ਤ, ਲਗਾਤਾਰ ਪੈ ਰਹੇ ਮੀਂਹ ਕਾਰਨ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਸਮੇਤ ਕਈ ਫ਼ਸਲਾਂ ਡੁੱਬੀਆਂ

07/18/2022 12:59:40 PM

ਫਿਰੋਜ਼ਪੁਰ (ਕੁਮਾਰ, ਨਾਗਪਾਲ, ਜਤਿੰਦਰ, ਲੀਲਾਧਰ, ਨਿਖੰਜ) : ਜ਼ਿਲ੍ਹਾ ਫਿਰੋਜ਼ਪੁਰ ਵਿਚ ਲਗਾਤਾਰ ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਕਿਸਾਨਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫ਼ਸਲ ਅਤੇ ਸਬਜ਼ੀਆਂ ਪਾਣੀ ਵਿਚ ਡੁੱਬ ਗਈਆਂ ਹਨ। ਫਿਰੋਜ਼ਪੁਰ ਦੇ ਪਿੰਡ ਪੱਲਾ ਮੇਘਾ, ਦੁਲਚੀ ਕੇ ਆਦਿ ਪਿੰਡਾਂ ਅਤੇ ਗੁਰੂਹਰਸਹਾਏ, ਮਮਦੋਟ ਆਦਿ ਏਰੀਆ ਦੇ ਪਿੰਡਾਂ ’ਚ ਮੀਂਹ ਨੇ ਫਸਲਾਂ ਦਾ ਭਾਰੀ ਨੁਕਸਾਨ ਕੀਤਾ ਹੈ ਅਤੇ ਕਈ ਪਿੰਡਾਂ ’ਚ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ’ਚ ਵੜ ਗਿਆ ਹੈ, ਜਿਸ ਨਾਲ ਘਰਾਂ ਦਾ ਸਾਮਾਨ ਵੀ ਨੁਕਸਾਨਿਆ ਗਿਆ।

ਇਹ ਵੀ ਪੜ੍ਹੋ- ਸਿਮਰਨਜੀਤ ਸਿੰਘ ਮਾਨ, ਹਰਭਜਨ ਸਿੰਘ ਸਣੇ ਇਨ੍ਹਾਂ ਸਾਂਸਦਾਂ ਨੇ ਚੁੱਕੀ ਅਹੁਦੇ ਦੀ ਸਹੁੰ

ਕੁਝ ਕਿਸਾਨਾਂ ਨੇ ਦੱਸਿਆ ਕਿ ਪਹਿਲੇ ਦਿਨ ਹੋਈ ਬਰਸਾਤ ਕਾਰਨ ਉਨ੍ਹਾਂ ਨੂੰ ਲੱਗਾ ਜਿਵੇਂ ਉਨ੍ਹਾਂ ਦੀ ਫ਼ਸਲ ’ਤੇ ਰੱਬ ਮਿਹਰਬਾਨ ਹੋ ਗਿਆ ਹੋਵੇ, ਕਿਉਂਕਿ ਇਕ ਦਿਨ ਦੀ ਬਰਸਾਤ ਝੋਨੇ ਦੀ ਫ਼ਸਲ ਲਈ ਦੇਸੀ ਘਿਓ ਵਰਗੀ ਹੁੰਦੀ ਹੈ ਪਰ 3 ਦਿਨਾਂ ਦੀ ਬਰਸਾਤ ਉਨ੍ਹਾਂ ਦੀ ਮਿਹਨਤ ਨਾਲ ਬੀਜੀਆਂ ਫ਼ਸਲਾਂ ਦਾ ਤਹਿਸ-ਨਹਿਸ ਕਰ ਗਈ। ਕਈ ਕਿਸਾਨਾਂ ਨੇ ਦੋਸ਼ ਲਗਾਇਆ ਕਿ ਉਨ੍ਹਾਂ ਦੇ ਪਿੰਡ ’ਚ ਪਾਣੀ ਦੀ ਨਿਕਾਸੀ ਦਾ ਕੋਈ ਪ੍ਰਬੰਧ ਨਹੀਂ ਹੈ, ਜਿਸ ਕਾਰਨ ਉਨ੍ਹਾਂ ਦੇ ਘਰ ਵੀ ਡੁੱਬ ਗਏ ਹਨ ਅਤੇ ਪਿੰਡ ’ਚ ਰਹਿੰਦੇ ਗਰੀਬ ਲੋਕਾਂ ਦੇ ਕੱਚੇ ਮਕਾਨਾਂ ਦੀਆਂ ਛੱਤਾਂ ਤੋਂ ਬਰਸਾਤੀ ਪਾਣੀ ਟਪਕਦਾ ਰਿਹਾ, ਜਿਸ ਨਾਲ ਘਰਾਂ ’ਚ ਰੱਖਿਆ ਸਾਮਾਨ ਵੀ ਨੁਕਸਾਨਿਆ ਗਿਆ ਹੈ।

ਇਹ ਵੀ ਪੜ੍ਹੋ- ਫੰਡਾਂ ਦੀ ਘਾਟ ਕਾਰਨ ਸੂਬੇ ਦਾ ਇਕੋ-ਇਕ ਸਪੋਰਟਸ ਸਕੂਲ ਬੰਦ ਹੋਣ ਕਿਨਾਰੇ, ਸਕਿਓਰਿਟੀ ਗਾਰਡ ਨੇ ਵੀ ਛੱਡੀ ਨੌਕਰੀ

ਜ਼ਿਲ੍ਹਾ ਫਿਰੋਜ਼ਪੁਰ ਦੇ ਪ੍ਰਭਾਵਿਤ ਕਿਸਾਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਹੈ ਕਿ 7 ਦਿਨਾਂ ਦੇ ਅੰਦਰ-ਅੰਦਰ ਖ਼ਰਾਬ ਹੋਈ ਫ਼ਸਲ ਦੀ ਗਿਰਦਾਵਰੀ ਕਰਵਾ ਕੇ ਪੀੜਤ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਗਿਰਦਾਵਰੀ ਦੀ ਪ੍ਰਕਿਰਿਆ ’ਚ ਤੇਜ਼ੀ ਲਿਆਂਦੀ ਜਾਵੇ ਅਤੇ ਜਿਨ੍ਹਾਂ ਗਰੀਬ ਲੋਕਾਂ ਦੇ ਮਕਾਨ ਮੀਂਹ ਕਾਰਨ ਢਹਿ ਗਏ ਹਨ ਜਾਂ ਉਨ੍ਹਾਂ ਦਾ ਸਾਮਾਨ ਨੁਕਸਾਨਿਆ ਗਿਆ ਹੈ, ਉਨ੍ਹਾਂ ਦੀ ਆਰਥਿਕ ਸਹਾਇਤਾ ਵੀ ਕੀਤੀ ਜਾਵੇ।

ਜਲਾਲਾਬਾਦ : ਪਿਛਲੇ ਦਿਨੀਂ ਵੀ ਤਿੰਨ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਇਲਾਕੇ ਦੇ ’ਚ ਜਲ-ਥਲ ਹੋ ਗਈ ਹੈ, ਜਿਸ ਨਾਲ ਸੈਂਕੜੇ ਏਕੜ ਫ਼ਸਲ ਬਰਬਾਦ ਹੋ ਚੁੱਕੀ ਹੈ। ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਇਲਾਕੇ ਦੇ ਪਿੰਡਾਂ ਦਾ ਸਰਵੇ ਕਰਦੇ ਹੋਏ। ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਤਰੋਬੜੀ ਡਰੇਨ ਜੋ ਚੱਕ ਸੈਦੋ ਕੇ ਤੇ ਪਿੰਡਾਂ ’ਚ ਦੀ ਲੰਘਦੀ ਹੈ ਉਹਦੀ ਡਰੇਨ ਵਿਭਾਗ ਵਲੋਂ ਸਮੇਂ ਸਿਰ ਪਟਾਈ ਨਾ ਕਰਨ ਦੀ ਵਜ੍ਹਾ ਕਰ ਕੇ ਇਲਾਕੇ ਦੇ ਪਿੰਡਾਂ ’ਚ ਬਾਰਿਸ਼ ਦੇ ਪਾਣੀ ਨੇ ਸੈਂਕਡ਼ੇ ਏਕਡ਼ ਫਸਲ ਬਰਬਾਦ ਕਰ ਦਿੱਤੀ। ਕਿਸਾਨਾਂ ਨੇ ਕਿਹਾ ਕਿ ਪਿਛਲੇ ਦਿਨੀਂ ਮਹਿੰਗੇ ਭਾਅ ਦੇ ਡੀਜ਼ਲ ਤੇ ਲਵਾਈ ਦੇ ਨਾਲ ਹੋਰ ਖਾਦਾਂ ਦੇ ਖਰਚੇ ਕਰ ਕੇ ਇੱਥੋਂ ਤਕ ਫਸਲ ਨੂੰ ਲੈ ਕੇ ਆਏ ਸੀ, ਭਾਰੀ ਬਾਰਸ਼ ਹੋਣ ਕਰ ਕੇ ਹੁਣ ਉਨ੍ਹਾਂ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ ਹੈ। ਹੁਣ ਪਨੀਰੀ ਨਾ ਹੋਣ ਕਰ ਕੇ ਦੁਬਾਰਾ ਝੋਨੇ ਦੀ ਫਸਲ ਲੁਵਾਈ ਨਹੀਂ ਕੀਤੀ ਜਾ ਸਕਦੀ। 

ਫਾਜ਼ਿਲਕਾ : ਪਿਛਲੇ ਦਿਨਾਂ 'ਚ ਤੇਜ਼ ਅਤੇ ਲੰਮੇ ਸਮੇਂ ਤੋਂ ਪਏ ਮੀਂਹ ਮਗਰੋਂ ਫਾਜ਼ਿਲਕਾ ਉਪ-ਮੰਡਲ ਦੇ ਸਰਹੱਦੀ ਪਿੰਡਾਂ 'ਚ ਵਗਦੇ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡਾਂ 'ਚ ਖੜ੍ਹੀ ਝੋਨੇ ਦੀ ਫ਼ਸਲ ਤੋਂ ਇਲਾਵਾ ਨਰਮੇ ਅਤੇ ਮੂੰਗੀ ਦੀ ਫ਼ਸਲ 'ਚ ਪਾਣੀ ਭਰ ਗਿਆ ਹੈ। ਸਤਲੁਜ ਦਰਿਆ 'ਚ ਪਾਣੀ ਦਾ ਪੱਧਰ ਵਧਣ ਮਗਰੋਂ ਨੀਵੇਂ ਪਿੰਡਾਂ 'ਚ ਖੇਤਾਂ ਅਤੇ ਕਈ ਥਾਵਾਂ 'ਤੇ ਪਾਣੀ ਭਰ ਗਿਆ ਹੈ। ਇਸ ਕਾਰਨ ਕਿਸਾਨਾਂ ਅਤੇ ਪਿੰਡ ਵਾਸੀਆਂ ਨੂੰ ਨੁਕਸਾਨ ਦਾ ਖਦਸ਼ਾ ਹੈ। ਵੱਖ-ਵੱਖ ਪਿੰਡਾਂ 'ਚ ਕਰੀਬ 600 ਏਕੜ ਤੋਂ ਵੱਧ ਫ਼ਸਲ ਪ੍ਰਭਾਵਿਤ ਹੋਈ ਹੈ। ਕਈ ਪਿੰਡ ਵਾਸੀਆਂ ਨੇ  ਕਿਹਾ ਕਿ ਸਰਹੱਦੀ ਪਿੰਡਾਂ 'ਚ ਰਹਿੰਦੇ ਜ਼ਿਆਦਾਤਰ ਕਿਸਾਨਾਂ ਦੀਆਂ ਜ਼ਮੀਨਾਂ ਕੱਚੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਫ਼ਸਲਾਂ ਦੇ ਨੁਕਸਾਨ ਦਾ ਸਰਕਾਰ ਵੱਲੋਂ ਮੁਆਵਜ਼ਾ ਨਹੀਂ ਮਿਲਦਾ। 

ਡਿਪਟੀ ਕਮਿਸ਼ਨਰ ਨੇ ਮੀਂਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ

ਉਧਰ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਫਾਜ਼ਿਲਕਾ ਜ਼ਿਲੇ ਦੇ ਵੱਖ-ਵੱਖ ਮੀਂਹ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰ ਕੇ ਹਲਾਤ ਦਾ ਜਾਇਜ਼ ਲਿਆ। ਇਸ ਮੌਕੇ ਉਨ੍ਹਾਂ ਨੇ ਮੌਕੇ ’ਤੇ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣੀਆਂ ਅਤੇ ਤੁਰੰਤ ਜਲ ਨਿਕਾਸੀ ਦੇ ਕੰਮ ਪੂਰਾ ਕਰਨ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲੇ ’ਚ ਜੋ ਡ੍ਰੇਨਾਂ ਆ ਰਹੀਆਂ ਹਨ ਉਹ ਪਿੱਛਲੇ ਜ਼ਿਲਿਆਂ ਸ੍ਰੀ ਮੁਕਤਸਰ ਸਾਹਿਬ ਅਤੇ ਫਿਰੋਜ਼ਪੁਰ ਤੋਂ ਮੀਂਹ ਦਾ ਪਾਣੀ ਲੈ ਕੇ ਆ ਰਹੀਆਂ ਹਨ ਜਦਕਿ ਪਿੱਛਲੇ ਦਿਨੀਂ ਜ਼ਿਲੇ ’ਚ ਵੀ ਕਾਫੀ ਮੀਂਹ ਪਿਆ ਹੈ। ਜਿਸ ਕਾਰਨ ਇਸ ਤਰ੍ਹਾਂ ਦੇ ਹਲਾਤ ਪੈਦਾ ਹੋਏ ਹਨ। ਉਨ੍ਹਾਂ ਕਿਹਾ ਕਿ ਜਿੱਥੇ ਕਿਤੇ ਵੀ ਖੇਤਾਂ ਜਾਂ ਅਬਾਦੀ ਖੇਤਰ ’ਚ ਪਾਣੀ ਭਰਿਆ ਹੈ ਪੰਪ ਲਗਾ ਕੇ ਉਸਦੀ ਨਿਕਾਸੀ ਕੀਤੀ ਜਾ ਰਹੀ ਹੈ। ਇਸ ਮੌਕੇ ਉਨ੍ਹਾਂ ਨਾਲ ਪ੍ਰਸ਼ਾਸਨ ਅਤੇ ਡ੍ਰੇਨੇਜ ਵਿਭਾਗ ਦੇ ਅਧਿਕਾਰੀ ਵੀ ਹਾਜ਼ਰ ਸਨ।

ਨੋਟ- ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਦਿਓ ਜਵਾਬ।


Anuradha

Content Editor

Related News