ਕੋਵਿਡ-19 ਦੌਰਾਨ ਮੂਹਰੇ ਹੋ ਕੇ ਪੂਰਾ ਸਾਲ ਕੀਤਾ ਲਾ-ਮਿਸਾਲ ਕਾਰਜ: ਡਾ ਰਣਜੀਤ ਰਾਏ

12/31/2020 5:38:01 PM

ਬੁਢਲਾਡਾ (ਬਾਸਲ,ਸੰਦੀਪ): ਸਾਲ 2020 ਹਮੇਸ਼ਾਂ ਦੇ ਲਈ ਪੂਰੇ ਵਿਸ਼ਵ ਨੂੰ ਇੱਕ ਚੀਸ ਦਰਦ ਦੇ ਕੇ ਜਾ ਰਿਹਾ ਹੈ। ਕੋਰੋਨਾ ਵਰਗੀ ਮਹਾਮਾਰੀ ਦਾ ਆਉਣਾ ਤੇ ਇਸਦੇ ਮੂਹਰੇ ਮਾਨਵਤਾ ਦਾ ਬੇਵੱਸ ਹੋਣਾ ਇੱਕ ਵੱਡੀ ਚੁਣੌਤੀ ਬਣ ਕੇ ਉੱਭਰਿਆ ਹੈ। ਬਿਮਾਰੀ ਦੇ ਖ਼ੌਫ਼ ਕਾਰਨ ਆਪਣੇ ਹੀ ਆਪਣਿਆਂ ਤੋਂ ਦੂਰ ਹੋ ਗਏ। ਅਜਿਹੇ ਸਮੇਂ ਸਿਹਤ ਵਿਭਾਗ ਪੁਲਸ ਅਤੇ ਸਮਾਜ ਸੇਵੀ ਸੰਸਥਾਵਾਂ ਨੇ ਲਾਮਿਸਾਲ ਕਾਰਜ ਕਰਦੇ ਹੋਏ ਲੋਕ ਮਨਾਂ ਵਿੱਚ ਇਹ ਡਰ ਕੱਢਣ ਲਈ ਸਾਰਥਿਕ ਯਤਨ ਕੀਤੇ। 

ਮਾਨਸਾ ਜ਼ਿਲ੍ਹੇ ਵਿਚ ਕੋਵਿਡ ਸੈਂਪਲਿੰਗ ਟੀਮ ਦੇ ਨੋਡਲ ਅਫਸਰ ਡਾ.ਰਣਜੀਤ ਸਿੰਘ ਰਾਏ ਨੇ ਇੱਕ ਅਜਿਹੀ ਉਦਾਹਰਣ ਪੇਸ਼ ਕੀਤੀ ਹੈ ਜੋ ਦੁਨੀਆ ਲਈ ਪ੍ਰੇਰਨਾ ਦਾਇਕ ਹੈ। ਡਾ. ਰਾਏ ਵਲੋਂ ਬਿਮਾਰੀ ਦੇ ਸ਼ੁਰੂਆਤੀ ਸਮੇਂ ਤੋਂ ਜ਼ਿਲ੍ਹੇ ’ਚ ਕੋਰੋਨਾ ਮਰੀਜ਼ਾਂ ਅਤੇ ਸ਼ੱਕੀ ਮਰੀਜ਼ਾਂ ਦੀ ਸੈਂਪਲਿੰਗ ਦਾ ਮੋਰਚਾ ਸੰਭਾਲਿਆ ਹੋਇਆ ਹੈ। ਵੱਡੀ ਗੱਲ ਇਹ ਹੈ ਕਿ ਇਸ ਪੂਰੇ ਸਾਲ ਦੌਰਾਨ ਇਨ੍ਹਾਂ ਵੱਲੋਂ ਨਾ ਕੋਈ ਛੁੱਟੀ ਲਈ ਗਈ ਅਤੇ ਨਾ ਹੀ ਕੋਈ ਅੋਫ ਕੀਤਾ ਗਿਆ ਹੈ ਬਲਕਿ ਪੂਰਾ ਸਾਲ ਕੋਰੋਨਾ ਸੈਂਪਲਿੰਗ ਵਿੱਚ ਡਟੇ ਰਹੇ ਹਨ। ਇਨ੍ਹਾਂ ਵਲੋਂ ਹੁਣ ਤੱਕ 22835 ਸੈਂਪਲ ਲਏ ਜਾ ਚੁੱਕੇ ਹਨ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਕੋਵਿਡ ਕੇਅਰ ਸੈਂਟਰ ਦੇ ਇੰਚਾਰਜ ਵਜੋਂ ਵੀ ਮਿਸ਼ਨ ਫਤਿਹ ਨੂੰ ਪੂਰਾ ਕਰਨ ਲਈ ਕਾਰਜ ਕੀਤਾ ਜਾ ਰਿਹਾ ਹੈ। ਮਾਨਸਾ ਜ਼ਿਲ੍ਹੇ ਦੇ ਕੋਰੋਨਾ ਨੂੰ ਲੈ ਕੇ ਕੀਤੇ ਜਾ ਰਹੇ ਉਪਰਾਲਿਆਂ ਦੀ ਮਾਣਯੋਗ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਸ਼ਲਾਘਾ ਕੀਤੀ ਗਈ ਹੈ।

ਕੋਰੋਨਾ ਮਹਾਮਾਰੀ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਨ੍ਹਾਂ ਵਲੋਂ ਲਗਾਤਾਰ ਕਾਰਜ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ’ਚ ਇਸ ਬਿਮਾਰੀ ਪ੍ਰਤੀ ਡਰ ਘਟਿਆ ਹੈ ਅਤੇ ਲੋਕ ਆਪਣੇ ਆਪ ਸੈਂਪਲਿੰਗ ਕਰਾਉਣ ਵਿੱਚ ਲੱਗੇ ਹੋਏ ਹਨ। ਇਸੇ ਤਰ੍ਹਾਂ ਇਸ ਬਿਮਾਰੀ ਕਾਰਨ ਲੋਕ ਜਦੋਂ ਆਪਣੇ ਸਕੇ ਸਬੰਧੀਆਂ ਕੋਲ ਜਾਣ ਤੋਂ ਡਰਦੇ ਸਨ ਉਸ ਸਮੇਂ ਵਿੱਚ ਇਨ੍ਹਾਂ ਵਲੋਂ ਉਨ੍ਹਾਂ ਨੂੰ ਹੌਂਸਲਾ ਦਿੱਤਾ ਗਿਆ ਅਤੇ ਕੋਰੋਨਾ ਕਾਰਨ ਹੋਈਆਂ ਮੌਤਾਂ ਦੇ ਸੰਸਕਾਰ ਵੀ ਰਸਮਾਂ ਤਹਿਤ ਕਰਵਾਏ। ਕੋਰੋਨਾ ਮਹਾਮਾਰੀ ’ਚ ਸ਼ਲਾਘਾਯੋਗ ਕਾਰਜਾਂ ਨੂੰ ਦੇਖਦੇ ਹੋਏ ਡਾਕਟਰ ਰਾਏ ਨੂੰ ਪੁਲਸ ਵਿਭਾਗ ਵੱਲੋਂ ਡੀ ਜੀ ਪੀ ਡਿਸਕ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸਦੇ ਨਾਲ ਹੀ ਵਧੀਆ ਸੇਵਾਵਾਂ ਨੂੰ ਦੇਖਦੇ ਹੋਏ ਰੋਟਰੈਕਟ ਕਲੱਬ ਮਾਨਸਾ, ਆਈਐਮਏ  ਮਾਨਸਾ, ਰੋਟਰੀ ਕਲੱਬ ਮਾਨਸਾ, ਨੇਕੀ ਫਾਊਂਡੇਸ਼ਨ ਬੁਢਲਾਡਾੋ ਪੀ ਕਲੱਬ ਮਾਨਸਾ ਤੋਂ ਇਲਾਵਾ ਜ਼ਿਲ੍ਹੇ ਦੀਆਂ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਵੱਲੋਂ ਸਨਮਾਨਿਤ ਕੀਤਾ ਗਿਆ ਹੈ। ਇੰਡੀਅਨ ਮੈਡੀਕਲ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾ ਨਵਜੋਤ ਸਿੰਘ ਦਹੀਆ, ਜਨਰਲ ਸਕੱਤਰ ਡਾ ਪਰਮਜੀਤ ਸਿੰਘ ਮਾਨੋ ਪੀ.ਸੀ.ਐੱਸ.ਐੱਮ. ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਡਾ ਗਗਨਦੀਪ ਸਿੰਘੋ ਡਾ.ਇੰਦਰਵੀਰ ਗਿੱਲ, ਡਾ ਗੁਰਮੇਲ ਸਿੰਘ ਬਠਿੰਡਾ, ਰੋਟਰੀ ਗਰੇਟਰ 3090 ਦੇ ਪ੍ਰਧਾਨ ਵਿਨੋਦ ਕੁਮਾਰ ਆਦਿ ਨੇ ਡਾਕਟਰ ਰਾਏ ਦੇ ਕੀਤੇ ਕਾਰਜਾਂ ਤੇ ਭਾਰੀ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।


Shyna

Content Editor

Related News