ਅਦਾਲਤੀ ਹੁਕਮ : ਅੱਜ ਸ਼ਾਮ 5 ਤੋਂ ਰਾਤ 8 ਵਜੇ ਤਕ ਹੀ ਚਲਾਏ ਜਾ ਸਕਣਗੇ ਪਟਾਕੇ

10/19/2018 1:08:53 PM

ਮੋਹਾਲੀ (ਨਿਆਮੀਆਂ) : ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਸਿਵਲ ਰਿੱਟ ਪਟੀਸ਼ਨ ’ਚ 19 ਅਕਤੂਬਰ ਨੂੰ ਦੁਸਹਿਰਾ ਮਨਾਉਣ ਲਈ ਸਮਾਂ ਹੱਦ ਸ਼ਾਮ 5  ਤੋਂ ਰਾਤ 8 ਵਜੇ ਤਕ ਕਰਨ ਬਾਰੇ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਹੁਕਮਾਂ/ਹਦਾਇਤਾਂ ਦੀ ਪਾਲਣਾਂ ਹਿੱਤ ਜ਼ਿਲਾ ਮੈਜਿਸਟਰੇਟ ਗੁਰਪ੍ਰੀਤ ਕੌਰ ਸਪਰਾ ਨੇ ਜ਼ਿਲਾ ਮੋਹਾਲੀ ਦੀ ਹਦੂਦ ਅਧੀਨ ਆਤਿਸ਼ਬਾਜ਼ੀ ਆਦਿ ਚਲਾਉਣ ਸਬੰਧੀ ਸਮਾਂ ਨਿਰਧਾਰਿਤ ਕਰਦਿਆਂ ਹੁਕਮ ਜਾਰੀ ਕੀਤੇ ਹਨ ਕਿ ਦੁਸਹਿਰੇ ਵਾਲੇ ਦਿਨ ਸ਼ਾਮ 5  ਤੋਂ ਰਾਤ 8 ਵਜੇ ਤਕ ਹੀ ਅਾਤਿਸ਼ਬਾਜ਼ੀ  ਚਲਾਈ ਜਾਏਗੀ। ਇਸ ਤੋਂ ਪਹਿਲਾਂ ਤੇ ਬਾਅਦ ਵਿਚ ਕੋਈ ਵੀ ਵਸਨੀਕ ਅਾਤਿਸ਼ਬਾਜ਼ੀ  ਨਹੀਂ ਚਲਾਏਗਾ ਤੇ ਮਾਣਯੋਗ ਅਦਾਲਤ ਦੇ ਹੁਕਮਾਂ ਦੀ ਸਵੈ ਪਾਲਣਾ ਵੀ ਕਰੇਗਾ।  ਹੁਣ ਫਾਇਰ ਕਰੈਕਰਜ਼/ਪਟਾਕੇ ਵੇਚਣ ਲਈ ਆਰਜ਼ੀ ਤੌਰ ’ਤੇ ਲਾਇਸੈਂਸ ਜਲਣਸ਼ੀਲ ਐਕਟ 1884 ਤੇ ਰੂਲਜ਼ 2008 ਤਹਿਤ ਇਸ ਦਫਤਰ ਵਲੋਂ ਹੀ ਜਾਰੀ ਕੀਤੇ ਜਾਣਗੇ। ਉਪ ਮੰਡਲ ਮੈਜਿਸਟਰੇਟਾਂ ਵਲੋਂ ਜਾਂ ਕਿਸੇ ਹੋਰ ਅਧਿਕਾਰੀ ਵਲੋਂ ਇਹ ਆਰਜ਼ੀ ਲਾਇਸੈਂਸ ਜਾਰੀ ਕਰਨ ਸਬੰਧੀ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ ਤੇ ਹੁਣ ਤਕ ਜਾਰੀ ਲਾਇਸੈਂਸਾਂ ਦੀ ਗਿਣਤੀ ਇਨ੍ਹਾਂ ਹੁਕਮਾਂ ਤਹਿਤ ਮੁਡ਼ ਵਿਚਾਰੀ ਜਾਵੇਗੀ।

 ਜ਼ਿਲਾ ਮੈਜਿਸਟਰੇਟ ਨੇ ਹੁਕਮ ਜਾਰੀ ਕੀਤੇ ਹਨ ਕਿ ਆਰਜ਼ੀ ਲਾਇਸੈਂਸ ਲੈਣ ਦੇ ਚਾਹਵਾਨ ਵਿਅਕਤੀ ਮਾਣਯੋਗ ਹਾਈ ਕੋਰਟ ਦੇ ਹੁਕਮਾਂ ਸਨਮੁੱਖ ਆਪਣੀਆਂ ਦਰਖ਼ਾਸਤਾਂ 22  ਤੋਂ 26 ਅਕਤੂਬਰ ਤਕ ਸ਼ਾਮ 5 ਵਜੇ ਤਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 311, ਦੂਜੀ ਮੰਜ਼ਿਲ ਵਿਖੇ ਜਮ੍ਹਾ ਕਰਵਾ ਸਕਦੇ ਹਨ। ਦਰਖ਼ਾਸਤਾਂ ਦਾ ਡਰਾਅ ਦਰਖਾਸਤ ਕਰਤਾਵਾਂ ਦੀ ਹਾਜ਼ਰੀ ਵਿਚ 29 ਅਕਤੂਬਰ ਨੂੰ ਇਸ ਦਫ਼ਤਰ ਵਿਖੇ ਕੱਢਿਆ ਜਾਵੇਗਾ। ਪਟਾਕਿਆਂ ਦੀ ਵੇਚ ਸਬੰਧੀ ਦਰਖ਼ਾਸਤ ਦੇਣ ਵਾਲੇ ਵਿਅਕਤੀ ਕੋਲ ਵੈਲਿਡ ਲਾਇਸੈਂਸ ਹੋਣਾ ਜ਼ਰੂਰੀ ਹੈ।
 ਇਹ ਹੁਕਮ 25 ਨਵੰਬਰ ਤਕ ਲਾਗੂ ਰਹਿਣਗੇ। ਪੁਲਸ ਵਿਭਾਗ ਸਮੂਹ ਉਪ ਮੰਡਲ ਮੈਜਿਸਟਰੇਟ ਸਬੰਧਤ ਵਿਭਾਗ ਤੇ ਪ੍ਰਦੂਸ਼ਣ ਵਿਭਾਗ ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣਗੇ।