ਕੋਰੀਅਰ ਬੁਆਏ ਬਣ ਕੇ ਨਸ਼ੀਲੇ ਪਦਾਰਥਾਂ ਦੀ ਡਲਿਵਰੀ ਦੇਣ ਪੁੱਜੇ ਸਮੱਗਲਰ, ਪਿੰਡ ਵਾਸੀਆਂ ਨੇ ਲਾਇਆ ਕੁਟਾਪਾ

08/01/2020 12:26:41 PM

ਫਿਲੌਰ (ਭਾਖੜੀ): ਬੀਤੀ ਰਾਤ 7.45 ਵਜੇ ਪਿੰਡ ਅਕਲਪੁਰ ਵਿਚ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ, ਜਦੋਂ ਨਸ਼ੇ ਦੀ ਸਪਲਾਈ ਦੇਣ ਆਏ 4 ਨੌਜਵਾਨਾਂ ਨੂੰ ਪਿੰਡ ਵਾਸੀਆਂ ਨੇ ਘੇਰਿਆ ਤਾਂ ਉਨ੍ਹਾਂ ਨੇ 3 ਵਿਅਕਤੀਆਂ ਨੂੰ ਜ਼ਖਮੀ ਕਰ ਦਿੱਤਾ।ਹੋਇਆ ਇੰਝ ਕਿ ਦੋ ਮੋਟਰਸਾਈਕਲਾਂ 'ਤੇ ਸਵਾਰ 4 ਲੜਕੇ ਜਿਉਂ ਹੀ ਪਿੰਡ ਵਿਚ ਦਾਖਲ ਹੋਏ ਤਾਂ ਉਨ੍ਹਾਂ ਦੇ ਹੱਥਾਂ ਵਿਚ ਮੋਟਰਸਾਈਕਲ ਦੀ ਸੀਟ ਨਾਲ ਲੁਕੋ ਕੇ ਰੱਖੇ ਤੇਜ਼ਧਾਰ ਹਥਿਆਰ ਪਿੰਡ ਦੇ ਇਕ ਲੜਕੇ ਨੇ ਦੇਖੇ ਤਾਂ ਉਸ ਨੇ ਤੁਰੰਤ ਅੱਗੇ ਪਿੰਡ ਵਾਸੀਆਂ ਨੂੰ ਫੋਨ ਕਰ ਕੇ ਉਨ੍ਹਾਂ ਸਬੰਧੀ ਅਗਾਹ ਕਰ ਦਿੱਤਾ।

ਇਹ ਵੀ ਪੜ੍ਹੋ: ਵੱਡਾ ਖੁਲਾਸਾ, ਪਰਿਵਾਰ ਦਾ ਨਾਜਾਇਜ਼ ਮਾਈਨਿੰਗ ਦਾ ਧੰਦਾ ਹੀ ਬਣਿਆ ਬੱਚਿਆਂ ਦੀ ਮੌਤ ਦਾ ਕਾਰਨ

ਸੂਚਨਾ ਮਿਲਦੇ ਹੀ ਪਿੰਡ ਦੇ ਲੋਕ ਘਰਾਂ ਤੋਂ ਬਾਹਰ ਨਿਕਲ ਕੇ ਹਰ ਪਾਸੇ ਫੈਲ ਗਏ। ਮੋਟਰਸਾਈਕਲ ਸਵਾਰ ਮੁੰਡਿਆਂ ਨੂੰ ਪਿੰਡ ਵਿਚ ਚੱਕਰ ਲਗਾਉਂਦੇ ਦੇਖ ਪਿੰਡ ਵਾਸੀ ਅਮਨਦੀਪ ਨੇ ਉਨ੍ਹਾਂ ਨੂੰ ਰੋਕ ਕੇ ਗੱਲ ਕਰਨੀ ਚਾਹੀ ਤਾਂ ਮੋਟਰਸਾਈਕਲ ਦੇ ਪਿੱਛੇ ਬੈਠੇ ਸਮੱਗਲਰ ਦੇ ਸਾਥੀ ਮਨੀ ਨੇ ਤੇਜ਼ਧਾਰ ਹਥਿਆਰ ਨਾਲ ਅਮਨਦੀਪ ਦੇ ਸਿਰ 'ਤੇ ਹਮਲਾ ਕਰ ਕੇ ਜ਼ਖਮੀ ਕਰ ਦਿੱਤਾ। ਜਿਉਂ ਹੀ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਘੇਰਾ ਪਾ ਕੇ ਫੜਨ ਦਾ ਯਤਨ ਕੀਤਾ ਤਾਂ ਸਮੱਗਲਰਾਂ ਨੇ ਆਪਣੇ ਮੋਟਰਸਾਈਕਲ ਪਿੰਡ ਨੰਗਲ ਵੱਲ ਭਜਾ ਲਏ। ਪਿੰਡ ਦੇ ਲੜਕੇ ਵੀ ਮੋਟਰਸਾਈਕਲਾਂ 'ਤੇ ਉਨ੍ਹਾਂ ਦੇ ਪਿੱਛੇ ਲੱਗ ਗਏ ਤਾਂ ਭੱਜਣ ਲਈ ਸਮੱਗਲਰ ਸਿੱਧਾ ਹਾਈਵੇ 'ਤੇ ਚੜ੍ਹ ਕੇ ਗੋਰਾਇਆਂ ਵੱਲ ਨਿਕਲ ਗਏ। ਪਿੰਡ ਵਾਸੀ ਜਦੋਂ ਫਿਰ ਉਨ੍ਹਾਂ ਨੇੜੇ ਪੁੱਜੇ ਤਾਂ ਸਮੱਗਲਰਾਂ ਨੇ ਧੱਕਾ ਦੇ ਕੇ ਉਨ੍ਹਾਂ ਨੂੰ ਮੋਟਰਸਾਈਕਲ ਤੋਂ ਸੁੱਟ ਦਿੱਤਾ, ਜਿਸ ਨਾਲ ਜਗਦੀਸ਼ ਅਤੇ ਸੁਖਜੀਤ ਦੋਵੇਂ ਜ਼ਖਮੀ ਹੋ ਗਏ ਅਤੇ ਉਨ੍ਹਾਂ ਦਾ ਮੋਟਰਸਾਈਕਲ ਵੀ ਟੁੱਟ ਗਿਆ। ਇਸ ਤੋਂ ਪਹਿਲਾਂ ਕਿ ਸਮੱਗਲਰ ਭੱਜਣ ਵਿਚ ਕਾਮਯਾਬ ਹੋ ਜਾਂਦੇ, ਉਸੇ ਸਮੇਂ ਉਨ੍ਹਾਂ ਦੇ ਮੋਟਰਸਾਈਕਲ ਦਾ ਅਗਲਾ ਟਾਇਰ ਫਟ ਗਿਆ ਅਤੇ ਉਹ ਸੜਕ ਵਿਚ ਘਿਸੜਦੇ ਹੋਏ ਦੂਰ ਤੱਕ ਚਲੇ ਗਏ।

ਇਹ ਵੀ ਪੜ੍ਹੋ: ਕੋਰੋਨਾ ਨਾਲ ਗੁਰਾਇਆ ਦੇ ਬਲਵਿੰਦਰ ਸਿੰਘ ਦੀ ਮੌਤ, ਧੀ ਨੇ ਸਸਕਾਰ ਕਰ ਨਿਭਾਇਆ ਪੁੱਤਾਂ ਵਾਲਾ ਫਰਜ਼

ਘਟਨਾ 'ਚ ਗਾਂਧੀ ਪੁੱਤਰ ਕਾਲਾ ਵਾਸੀ ਕਤਪਾਲੋਂ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ, ਜਦੋਂਕਿ ਉਸ ਦੇ ਪਿੱਛੇ ਬੈਠਾ ਉਸ ਦਾ ਸਾਥੀ ਮਨੀ ਪੁੱਤਰ ਰਾਜੂ ਦਾ ਬਚਾਅ ਹੋ ਗਿਆ। ਆਪਣੇ ਸਾਥੀਆਂ ਦਾ ਪਿੱਛਾ ਹੁੰਦਾ ਦੇਖ ਕੇ ਦੂਜੇ ਮੋਟਰਸਾਈਕਲ ਸਵਾਰ ਉਨ੍ਹਾਂ ਦੇ ਦੋਵੇਂ ਸਾਥੀ ਭੱਜਣ ਵਿਚ ਕਾਮਯਾਬ ਹੋ ਗਏ। ਪਿੰਡ ਵਾਸੀਆਂ ਨੇ ਜ਼ਖਮੀ ਗਾਂਧੀ ਤੇ ਉਸ ਦੇ ਸਾਥੀ ਮਨੀ ਦੋਵਾਂ ਨੂੰ ਉੱਥੇ ਹੀ ਬੰਨ੍ਹ ਕੇ ਪੁਲਸ ਨੂੰ ਸੂਚਨਾ ਦੇ ਕੇ ਉੱਥੇ ਬੁਲਾ ਲਿਆ। ਜਿਉਂ ਹੀ ਥਾਣਾ ਮੁਖੀ ਮੁਖਤਿਆਰ ਸਿੰਘ ਨੇ ਉਥੇ ਪੁੱਜ ਕੇ ਦੋਵਾਂ ਦੀਆਂ ਰੱਸੀਆਂ ਖੁੱਲ੍ਹਵਾਈਆਂ ਤਾਂ ਜ਼ਖਮੀ ਕਾਲੇ ਨੇ ਮੌਕਾ ਦੇਖ ਕੇ ਭੱਜਣ ਦਾ ਯਤਨ ਕੀਤਾ ਜਿਸ ਨੂੰ ਪੁਲਸ ਨੇ ਪਿੱਛਾ ਕਰ ਕੇ ਦਬੋਚ ਲਿਆ।ਥਾਣਾ ਮੁਖੀ ਨੇ ਜਦੋਂ ਉਨ੍ਹਾਂ ਦੇ ਹੱਥ ਵਿਚ ਫੜੇ ਬੈਗ ਨੂੰ ਖੋਲ੍ਹਿਆ ਤਾਂ ਉਸ ਵਿਚੋਂ ਭਾਰੀ ਮਾਤਰਾ ਵਿਚ ਨਸ਼ੇ ਵਾਲੇ ਪਦਾਰਥ ਮਿਲੇ। ਪੁੱਛਣ 'ਤੇ ਥਾਣਾ ਮੁਖੀ ਨੇ ਇੰਨਾ ਹੀ ਦੱਸਿਆ ਕਿ ਨਸ਼ੇ ਵਾਲੇ ਪਦਾਰਥਾਂ ਦੀ ਗਿਣਤੀ ਕਾਫੀ ਜ਼ਿਆਦਾ ਹੈ। ਪੂਰੀ ਤਰ੍ਹਾਂ ਪੁਸ਼ਟੀ ਉਹ ਥਾਣੇ ਪੁੱਜ ਕੇ ਹੀ ਕਰ ਸਕਣਗੇ। ਹਾਲ ਹੀ ਵਿਚ ਉਹ ਜ਼ਖਮੀ ਗਾਂਧੀ ਨੂੰ ਇਲਾਜ ਲਈ ਹਸਪਤਾਲ ਲੈ ਕੇ ਜਾ ਰਹੇ ਹਨ। ਗਾਂਧੀ ਦਾ ਇਲਾਜ ਕਰਨ ਵਾਲੇ ਡਾਕਟਰਾਂ ਨੇ ਦੱਸਿਆ ਕਿ ਉਸ ਨੂੰ ਕਾਫੀ ਗੰਭੀਰ ਸੱਟਾਂ ਲੱਗੀਆਂ ਹਨ, ਜਿਸ ਦੀ ਹਾਲਤ ਨਾਜ਼ੁਕ ਦੇਖਦੇ ਹੋਏ ਉਸ ਨੂੰ ਅੱਗੇ ਜਲੰਧਰ ਰੈਫਰ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਪੁਲਸ ਨੇ ਗ੍ਰਿਫ਼ਤਾਰ ਕੀਤੀ 'ਲੇਡੀਜ਼ ਗੈਂਗ', ਕਾਰਨਾਮੇ ਅਜਿਹੇ ਕਿ ਸੁਣ ਨਹੀਂ ਹੋਵੇਗਾ ਯਕੀਨ

ਸੂਤਰਾਂ ਤੋਂ ਪਤਾ ਲੱਗਾ ਕਿ ਫੜੇ ਗਏ ਸਮੱਗਲਰ ਕੋਰੀਅਰ ਬੁਆਏ ਬਣ ਕੇ ਪਿੰਡ ਵਿਚ ਨਸ਼ੇ ਵਾਲੇ ਪਦਾਰਥ ਦੀ ਡਲਿਵਰੀ ਦੇਣ ਪੁੱਜੇ ਸਨ, ਜਿਸ ਕਾਰਨ ਉਨ੍ਹਾਂ 'ਤੇ ਕਿਸੇ ਨੂੰ ਸ਼ੱਕ ਨਾ ਹੋਵੇ। ਇਸ ਗੱਲ ਦੀ ਪੁਸ਼ਟੀ ਖੁਦ ਥਾਣਾ ਮੁਖੀ ਨੇ ਵੀ ਕੀਤੀ ਕਿਉਂਕਿ ਉਨ੍ਹਾਂ ਦੇ ਬੈਗ ਵਿਚ ਜਿੰਨਾ ਵੀ ਨਸ਼ੀਲਾ ਪਦਾਰਥ ਮਿਲਿਆ ਹੈ, ਉਸ ਨੂੰ ਬਾਕਾਇਦਾ ਕੋਰੀਅਰ ਵਾਂਗ ਹੀ ਪੈਕ ਕੀਤਾ ਹੋਇਆ ਸੀ।

Shyna

This news is Content Editor Shyna