ਕਪਾਹ ਦੀ ਫਸਲ ਦੇ ਘੱਟ ਉਤਪਾਦਨ ਕਿਆਸ ''ਤੇ ਵੀ ਨਹੀਂ ਆਇਆ ਤੇਜ਼ੀ ਦਾ ਉਛਾਲ

12/07/2020 3:22:14 PM

ਜੈਤੋ (ਰਘੂਨੰਦਨ ਪਰਾਸ਼ਰ) - ਭਾਰਤ 'ਚ ਚਾਲੂ ਹਾੜੀ ਸੀਜਨ ਸਾਲ 2020-21 ਦੌਰਾਨ ਦੇਸ਼ ਦੀਆਂ ਵੱਖ-ਵੱਖ ਕਪਾਹ ਉਗਾਉਣ ਵਾਲੀਆਂ ਸੂਬੇ ਦੀਆਂ ਮੰਡੀਆਂ 'ਚ ਕਪਾਹ ਦੀ ਬੰਪਰ ਆਮਦ ਹੋ ਰਹੀ ਹੈ। ਸੂਤਰਾਂ ਅਨੁਸਾਰ ਦੇਸ਼ 'ਚ ਹੁਣ ਤੱਕ ਤਕਰੀਬਨ 90 ਲੱਖ ਗੰਢਾਂ ਕਪਾਹ ਦੀਆਂ ਮੰਡੀਆਂ ਵਿਚ ਪਹੁੰਚੀਆਂ ਹਨ। ਸ਼ਨੀਵਾਰ ਨੂੰ ਦੇਸ਼ ਭਰ 'ਚ ਕਪਾਹ ਦੀ ਆਮਦ 2,35,500 ਗੰਢਾਂ ਪਹੁੰਚਣ ਦੀ ਹੈ। ਦੇਸ਼ ਦੀਆਂ ਮੰਡੀਆਂ 'ਚ ਆਈ ਕੁੱਲ ਆਮਦ 'ਚ 5500 ਗੰਢਾਂ ਪੰਜਾਬ ਦੀਆਂ ਮੰਡੀਆਂ ਵਿਚ ਪਹੁੰਚੀਆਂ, ਜਦੋਂਕਿ ਹਰਿਆਣਾ 11500 ਗੰਢਾਂ, ਅੱਪਰ ਰਾਜਸਥਾਨ 13000 ਗੰਢਾਂ, ਲੋਅਰ ਰਾਜਸਥਾਨ 7000 ਗੰਢਾਂ, ਗੁਜਰਾਤ 55000 ਗੱਠਾਂ, ਮੱਧ ਪ੍ਰਦੇਸ਼ 14000 ਗੰਢਾਂ, ਤੇਲੰਗਾਨਾ 40000 ਗੰਢਾਂ, ਆਂਧਰਾ ਪ੍ਰਦੇਸ਼ 8000 ਗੰਢਾਂ ਅਤੇ ਕਰਨਾਟਕ ਦੀਆਂ 8000 ਗੰਢਾਂ ਸ਼ਾਮਲ ਹਨ। ਮਹਾਰਾਸ਼ਟਰ 'ਚ ਦੇਸ਼ ਵਿਚ ਸਭ ਤੋਂ ਵੱਧ ਆਮਦ 70,000 ਗੰਢਾਂ ਤੱਕ ਪਹੁੰਚੀ। 

ਸੂਤਰਾਂ ਅਨੁਸਾਰ ਕੱਪੜਾ ਮੰਤਰਾਲਾ ਦੇ ਅਦਾਰੇ ਕਾਟਨ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ (ਸੀ.ਸੀ.ਆਈ.) ਵੱਲੋਂ ਘੱਟੋ-ਘੱਟ ਸਮਰਥਨ ਮੁੱਲ 'ਤੇ ਸਿੱਧੇ ਤੌਰ ’ਤੇ 1.30 ਤੋਂ 1.50 ਲੱਖ ਗੰਢਾਂ ਕਪਾਹ ਕਿਸਾਨਾਂ ਤੋਂ ਹਰ ਰੋਜ਼ ਖ਼ਰੀਦ ਰਹੀ ਹੈ। ਸੀ.ਸੀ.ਆਈ. ਨੇ 3 ਦਸੰਬਰ ਤੱਕ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਤੇਲੰਗਾਨਾ, ਆਂਧਰਾ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ, ਕਰਨਾਟਕ ਅਤੇ ਓਡਿਸ਼ਾ ਰਾਜਾਂ ਦੀਆਂ ਮੰਡੀਆਂ ਤੋਂ ਕਪਾਹ ਦੀਆਂ 34,54,429 ਗੰਢਾਂ ਸਮਰਥਨ ਮੁੱਲ 'ਤੇ ਖ਼ਰੀਦ ਕੀਤੀ ਹੈ।   

ਸੀ.ਸੀ.ਆਈ. ਨੂੰ ਪਿਛਲੇ ਸਾਲ ਕਪਾਹ ਦੀ ਖ਼ਰੀਦ ਨਾਲ ਕਈ ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਚੁੱਕਣਾ ਪਿਆ ਹੈ। ਇਸ ਦੇ ਬਾਵਜੂਦ ਕੇਂਦਰ ਸਰਕਾਰ ਦੇ ਦਬਾਅ ਕਾਰਣ ਸੀ.ਸੀ.ਆਈ .ਨੇ ਮੌਜੂਦਾ ਸਾਉਣੀ ਦੇ ਸੀਜ਼ਨ ਦੌਰਾਨ ਕਪਾਹ ਦੀਆਂ 125 ਲੱਖ ਗੰਢਾਂ ਘੱਟੋ-ਘੱਟ ਸਮਰਥਨ ਮੁੱਲ ‘ਤੇ ਖ਼ਰੀਦਣ ਦਾ ਟੀਚਾ ਮਿੱਥਿਆ ਹੈ, ਜਦੋਂਕਿ ਪਿਛਲੇ ਸਾਲ ਘੱਟੋ ਘੱਟ ਸਮਰਥਨ ਮੁੱਲ‘ ਤੇ 105 ਲੱਖ ਗੰਢਾਂ ਕਪਾਹ ਖ਼ਰੀਦੀਆਂ ਗਈਆਂ ਸਨ।  

ਸੂਤਰਾਂ ਨੇ ਦੱਸਿਆ ਕਿ ਚਾਲੂ ਸਾਉਣੀ ਦੇ ਮੌਸਮ ਤੋਂ ਪਹਿਲਾਂ ਦੇਸ਼ 'ਚ ਕਪਾਹ ਦਾ ਉਤਪਾਦਨ 4 ਤੋਂ 4.25 ਕਰੋੜ ਗੰਢਾਂ ਵਿਚਕਾਰ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ ਪਰ ਕੁਝ ਰਾਜਾਂ 'ਚ ਬੇਮੌਸਮੀ  ਮੀਂਹ ਅਤੇ ਬੀਮਾਰੀ  ਲੱਗਣ ਨਾਲ ਕਪਾਹ ਦੀ ਫ਼ਸਲ ਨੂੰ ਬਹੁਤ ਨੁਕਸਾਨ ਝੱਲਣਾ ਪਿਆ ਹੈ। ਬਾਜ਼ਾਰ 'ਚ ਉਤਪਾਦਨ ਦੇ ਵੱਖ-ਵੱਖ ਅੰਕੜੇ ਆ ਰਹੇ ਹਨ। ਰੂੰ ਬਾਜ਼ਾਰ ਦੇ ਤੇਜੜਿਆਂ ਦਾ ਕਹਿਣਾ ਹੈ ਕਿ ਇਸ ਵਾਰ ਦੇਸ਼ 'ਚ ਉਤਪਾਦਨ ਸਿਰਫ਼ 310-320 ਲੱਖ ਗੰਢਾਂ ਦਾ ਹੋਵੇਗਾ, ਜਦੋਂਕਿ ਦੂਜੇ ਸੂਤਰਾਂ ਦਾ ਮੰਨਣਾ ਹੈ ਕਿ ਉਤਪਾਦਨ 330 ਤੋਂ 350 ਲੱਖ ਗੰਢਾਂ ਦਾ ਹੋਵੇਗਾ ਪਰ ਇਹ ਤਾਂ ਆਉਣ ਵਾਲੇ ਮਹੀਨਿਆਂ ਦੌਰਾਨ ਹੀ ਪਤਾ ਚੱਲੇਗਾ ਕਿ ਊਠ ਕਿਸ ਕਰਵਟ ਬੈਠੇਗਾ। ਦੇਸ਼ 'ਚ ਹਰ ਸਾਲ ਕਪਾਹ ਦੇ ਉਤਪਾਦਨ ਨੂੰ ਲੈ ਕੇ ਤੇਜੜੀਆਂ ਅਤੇ ਮੰਦੜੀਆਂ ਵਿਚਕਾਰ ਖਿੱਚੋਤਾਣ ਹੁੰਦੀ ਹੈ। 

ਦੂਜੇ ਪਾਸੇ ਰੂੰ ਬਾਜ਼ਾਰ ਦੇ ਤੇਜੜੀਆਂ ਨੇ ਆਵਾਜ਼ ਦੇ ਦਿੱਤੀ ਅਤੇ ਕਿਹਾ ਕਿ ਰੂੰ 'ਚ 300 ਤੋਂ 400 ਰੁਪਏ ਪ੍ਰਤੀ ਮਣ ਰੁਪਏ ਦੀ ਤੇਜ਼ੀ ਆਵੇਗੀ, ਜਿਸ ਕਾਰਣ ਤੇਜੜੀਆਂ ਨੇ ਖ਼ੁਸ਼ੀ-ਖੁਸੀ 'ਚ ਰੂੰ ਦੇ ਸਟਾਕ ਦੀ ਸ਼ੁਰੂਆਤ ਕਰ ਦਿੱਤੀ  ਗਈ ਹੈ ਪਰ ਹੁਣ ਤੱਕ ਰੂੰ ਬਾਜ਼ਾਰ 'ਚ ਕੋਈ ਤੇਜ਼ੀ ਦਾ ਉਛਾਲ ਨਹੀਂ ਬਣਿਆ ਹੈ। ਰੂੰ ਬਾਜ਼ਾਰ ਦੇ ਤੇਜੜੀਆਂ ਦਾ ਕਹਿਣਾ ਹੈ ਕਿ ਮੌਜੂਦਾ ਸਾਉਣੀ ਦੇ ਸੀਜ਼ਨ ਵਿਚ ਉਤਪਾਦਨ 310 ਲੱਖ ਗੰਢਾਂ ਘੱਟ ਹੋਣ ਦੇ ਬਾਵਜੂਦ ਰੂੰ ’ਚ ਕੋਈ ਤੇਜ਼ੀ ਦਾ ਉਛਾਲ ਨਹੀਂ ਬਣਿਆ ਹੈ। ਰੂੰ ਬਾਜ਼ਾਰ 'ਚ ਇਕ ਹਫਤੇ 'ਚ ਰੂੰ ਭਾਅ 'ਚ ਗਿਰਾਵਟ ਬਣੀ ਹੈ। 

ਪਿਛਲੇ ਹਫ਼ਤੇ ਪੰਜਾਬ 'ਚ ਰੂੰ ਭਾਅ 4240-4330 ਰੁਪਏ ਪ੍ਰਤੀ ਮਣ, ਹਰਿਆਣਾ 4240-4270 ਰੁਪਏ ਅਤੇ ਰਾਜਸਥਾਨ 4260-4290 ਰੁਪਏ ਪ੍ਰਤੀ ਮਣ ਸਨ, ਜੋ ਇਸ ਹਫ਼ਤੇ ਪੰਜਾਬ 'ਚ 4240-4270 ਰੁਪਏ ਪ੍ਰਤੀ ਮਣ, ਹਰਿਆਣਾ 4160-4210 ਰੁਪਏ ਅਤੇ ਰਾਜਸਥਾਨ 4180-4220 ਰੁਪਏ ਪ੍ਰਤੀ ਮਣ ਗਿਰਾਵਟ' ਚ ਰਹੇ। ਇਨ੍ਹਾਂ ਕੀਮਤਾਂ 'ਚ ਵੀ ਕਤਾਈ ਮਿੱਲਾਂ ਦੀ ਮੰਗ ਘੱਟ ਨਜ਼ਰ ਆਈ, ਜਿਸ ਕਾਰਣ ਇਕ ਵਾਰ ਰੂੰ ਬਾਜ਼ਾਰ ਦੇ ਤੇਜੜੀਆਂ ਦੇ ਸੁਫ਼ਨੇ ਅਧੂਰੇ ਰਹਿ ਗਏ ਹਨ। ਉਥੇ ਹੀ, ਜੋ ਕਤਾਈ ਮਿੱਲਾਂ ਤੇਜ਼ੀ ਆਉਣ ਦੀ ਸੰਭਾਵਨਾ ਦੇ ਨਾਲ ਬਾਜ਼ਾਰ ਤੋਂ ਲਗਾਤਾਰ ਰੂੰ ਉਠਾ ਰਹੀਆਂ ਸਨ,ਉਹ ਹੁਣ ਢਿਲੀਆਂ ਪੈ ਗਈਆਂ ਹਨ।


rajwinder kaur

Content Editor

Related News