ਫਾਸਟ ਫੂਡ ਵਾਲੇ ਸ਼ਰੇਆਮ ਉਡਾ ਰਹੇ ਸਰਕਾਰੀ ਨਿਯਮਾਂ ਦੀਆਂ ਧੱਜੀਆਂ

06/07/2020 2:56:56 PM

ਕੁਰਾਲੀ (ਬਠਲਾ) : ‘ਮਿਸ਼ਨ ਫ਼ਤਿਹ’ ਪੰਜਾਬ ਫਾਈਟਸ ਕੋਰੋਨਾ ਤਹਿਤ ਪੰਜਾਬ ਸਰਕਾਰ ਵਲੋਂ ਕੋਰੋਨਾ ’ਤੇ ਫ਼ਤਿਹ ਪਾਉਣ ਲਈ ਦਿਨ-ਰਾਤ ਇਕ ਕਰਕੇ ਕੰਮ ਕੀਤਾ ਜਾ ਰਿਹਾ ਹੈ ਤੇ ਸ਼ਹਿਰ ਦੀਆਂ ਜਨਤਕ ਥਾਵਾਂ ਸਮੇਤ ਸੜਕਾਂ ਅਤੇ ਗਲੀਆਂ 'ਚ ਫਾਸਟ ਫੂਡ ਤੇ ਸਬਜ਼ੀ ਦੀਆਂ ਰੇਹੜੀਆਂ ਵਾਲੇ ਸਰਕਾਰੀ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਉਂਦੇ ਦੇਖੇ ਜਾ ਰਹੇ ਹਨ, ਜਿਨ੍ਹਾਂ 'ਤੇ ਲੱਗਦਾ ਸਰਕਾਰ ਅਤੇ ਪ੍ਰਸਾਸ਼ਨ ਵਲੋਂ ਜਾਰੀ ਕਰਫਿਊ ਨਿਯਮਾਂ ਪ੍ਰਤੀ ਘੁਰਕੀ ਦਾ ਕੋਈ ਅਸਰ ਨਹੀਂ ਹੈ।

ਕੋਰੋਨਾ ਮਹਾਮਾਰੀ ਦੇ ਚੱਲਦੇ ਸਰਕਾਰ ਵਲੋਂ ਮਾਸਕ ਪਾਉਣਾ ਲਾਜ਼ਮੀ ਕੀਤੇ ਜਾਣ ਦੇ ਨਾਲ-ਨਾਲ ਸਮਾਜਿਕ ਦੂਰੀ ਬਣਾਈ ਰੱਖਣਾ, ਦੁਕਾਨਾਂ ਖੋਲ੍ਹਣ ਦਾ ਸਮਾਂ ਤੈਅ ਕਰਨ ਤੋਂ ਇਲਾਵਾ ਹੋਟਲ, ਢਾਬਿਆਂ ਅਤੇ ਖਾਣ-ਪੀਣ ਦਾ ਸਮਾਨ ਤਿਆਰ ਕਰਨ ਵਾਲਿਆਂ ਲਈ ਵੱਖ-ਵੱਖ ਨਿਰਦੇਸ਼ ਜਾਰੀ ਕਰਦੇ ਹੋਏ ਹਨ। ਸਰਕਾਰ ਵਲੋਂ ਬਣਾਏ ਨਿਯਮਾਂ ਦੇ ਚੱਲਦਿਆਂ ਸਥਾਨਕ ਪੁਲਸ ਪ੍ਰਸ਼ਾਸ਼ਨ ਵਲੋਂ ਸਮੇਂ-ਸਮੇਂ ’ਤੇ ਮਾਸਕ ਨਾ ਪਹਿਨਣ ਵਾਲੇ ਲੋਕਾਂ ਦੇ ਚਾਲਾਨ ਕੱਟਣ ਸਮੇਤ ਖਿਲਾਫਤ ਕਰਨ ਵਾਲਿਆਂ ’ਤੇ ਸਖ਼ਤੀ ਕੀਤੀ ਜਾ ਰਹੀ ਹੈ ਪਰ ਪੁਲਸ ਪ੍ਰਸ਼ਾਸ਼ਨ ਦੀ ਸਖਤੀ ਦੇ ਬਾਵਜੂਦ ਸ਼ਹਿਰ 'ਚ ਬਰਗਰ, ਨੂਡਲਜ਼, ਪਾਣੀ ਪੂਰੀ (ਗੋਲਗਪੇ) ਆਦਿ ਫਾਸਟ ਫੂਡ, ਅੰਡੇ-ਮੀਟ ਤੋਂ ਇਲਾਵਾ ਸਬਜ਼ੀਆਂ ਦੀਆਂ ਰੇਹੜੀਆਂ ਜਿੱਥੇ ਦੇਰ ਰਾਤ ਤੱਕ ਸ਼ਹਿਰ ਦੇ ਰੋਪੜ ਰੋਡ, ਸਿਸਵਾਂ ਰੋਡ ਤੇ ਸਬਜ਼ੀ ਮੰਡੀ ਵਿਖੇ ਸਰਕਾਰੀ ਨਿਯਮਾਂ ਨੂੰ ਛਿੱਕੇ ਟੰਗ ਕੇ ਪੁਲਸ ਪ੍ਰਸ਼ਾਸ਼ਨ ਅਤੇ ਹੋਰ ਪ੍ਰਸ਼ਾਸ਼ਨਿਕ ਅਧਿਕਾਰੀਆਂ ਦਾ ਮੂੰਹ ਚਿੜ੍ਹਾਉਂਦੀਆਂ ਆਮ ਦੇਖੀਆਂ ਜਾ ਸਕਦੀਆਂ ਹਨ, ਉੱਥੇ ਹੀ ਸ਼ਹਿਰ ਦੇ ਲਾਈਟਾਂ ਵਾਲੇ ਮੈਨ ਚੌਂਕ ਦੇ ਨਜ਼ਦੀਕ ਦੁਕਾਨਦਾਰ ਦੇ ਰਾਤ ਤੱਕ ਆਪਣੀਆਂ ਦੁਕਾਨਾਂ ਖੋਲ੍ਹ ਕੇ ਸਰਕਾਰੀ ਨਿਯਮਾਂ ਨੂੰ ਟਿੱਚ ਜਾਣਦੇ ਹੋਏ ਅਣਦੇਖੀ ਕੀਤੀ ਜਾ ਰਹੀ ਹੈ। ਜੇਕਰ ਸ਼ਹਿਰ ਅੰਦਰ ਇਹੀ ਹਾਲ ਰਿਹਾ ਤਾਂ ਕੁਰਾਲੀ ਸ਼ਹਿਰ ਗਿਣਤੀ ਦੇ ਦਿਨਾਂ 'ਚ ਹੀ ਇਸ ਬਿਮਾਰੀ ਤੋਂ ਬਚ ਨਹੀਂ ਸਕੇਗਾ।


Babita

Content Editor

Related News