ਪੂਨਮ ਕਾਂਗੜਾ ਦਾ ਹੋਰ ਵੱਡਾ ਉਪਰਾਲਾ,ਮੁੱਖ ਮੰਤਰੀ ਫੰਡ ਲਈ ਦਿੱਤੀ ਤਿੰਨ ਮਹੀਨਿਆਂ ਦੀ ਤਨਖ਼ਾਹ

05/04/2020 4:09:51 PM

ਸੰਗਰੂਰ (ਵਿਵੇਕ ਸਿੰਧਵਾਨੀ): ਕੋਰੋਨਾ ਵਾਇਰਸ ਦੇ ਚੱਲਦਿਆਂ ਬੰਦ ਦੌਰਾਨ ਲਗਾਤਾਰ ਪਿਛਲੇ 40 ਦਿਨਾਂ ਤੋਂ ਲੋੜਵੰਦਾਂ ਨੂੰ ਰਾਸ਼ਨ, ਦਵਾਈਆਂ ਅਤੇ ਹੋਰ ਵੀ ਹਰ ਤਰ੍ਹਾਂ ਦੀ ਸਹਾਇਤਾ ਲਈ ਸੇਵਾ 'ਚ ਜੁਟੇ ਸ਼੍ਰੀਮਤੀ ਪੂਨਮ ਕਾਂਗੜਾ ਮੈਂਬਰ ਐੱਸ.ਸੀ.ਕਮਿਸ਼ਨ ਪੰਜਾਬ ਅਤੇ ਮੁੱਖ ਸਰਪ੍ਰਸਤ ਦਲਿਤ ਵੈਲਫੇਅਰ ਸੰਗਠਨ ਪੰਜਾਬ ਵਲੋਂ ਆਪਣੀ ਤਿੰਨ ਮਹੀਨਿਆਂ ਦੀ ਤਨਖ਼ਾਹ (1ਲੱਖ 50,000 ਰੁਪਏ) ਮੁੱਖ ਮੰਤਰੀ ਰਿਲੀਫ ਫੰਡ ਲਈ ਦੇ ਕੇ ਇੱਕ ਹੋਰ ਵੱਡਾ ਉਪਰਾਲਾ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਕੋਰੋਨਾ ਨੂੰ ਲੈ ਕੇ ਲੱਗੇ ਕਰਫਿਊ ਦੌਰਾਨ ਜਿੱਥੇ ਕੁੱਝ ਲੋਕ ਕਾਲਾ ਬਾਜ਼ਾਰੀ ਨਾਲ ਲੋਕਾਂ ਦੀ ਲੁੱਟ ਖਸੁੱਟ ਕਰਕੇ ਪੈਸਾ ਜਮ੍ਹਾ ਕਰਨ 'ਚ ਲੱਗੇ ਹੋਏ ਹਨ ਉਥੇ ਹੀ ਦੂਜੇ ਪਾਸੇ ਸ਼੍ਰੀਮਤੀ ਪੂਨਮ ਕਾਂਗੜਾ ਜੋ ਅੱਜ ਤੋਂ ਪਹਿਲਾਂ ਕਰੀਬ 12 ਲੱਖ ਰੁਪਏ ਦੀ ਲਾਗਤ ਨਾਲ ਲਗਭਗ 4400 ਪਰਿਵਾਰਾਂ ਨੂੰ ਰਸੋਈ ਦਾ ਰਾਸ਼ਨ,ਦਵਾਈਆਂ ਅਤੇ ਹੋਰ ਲੋੜੀਂਦਾ ਸਮੱਗਰੀ ਦਾ ਸਾਮਾਨ ਮੁਹੱਈਆ ਕਰਵਾ ਚੁੱਕੇ ਹਨ, ਜਿਸ 'ਚ ਉਨ੍ਹਾਂ ਵਲੋਂ ਆਪਣਾ ਨਵਾਂ ਘਰ ਖਰੀਦਣ ਲਈ ਇਕੱਠੀ ਕੀਤੀ 4 ਲੱਖ ਰੁਪਏ ਦੀ ਰਾਸ਼ੀ ਵੀ ਇਸ ਸੇਵਾ 'ਚ ਖਰਚ ਕਰ ਦਿੱਤੀ ਗਈ ਹੈ।

ਸ਼੍ਰੀਮਤੀ ਪੂਨਮ ਕਾਂਗੜਾ ਵਲੋਂ ਕੋਰੋਨਾ ਵਾਇਰਸ ਵਿਰੁੱਧ ਚੱਲ ਰਹੇ ਇਸ ਮਹਾਯੁੱਧ 'ਚ ਵੱਡਾ ਯੋਗਦਾਨ ਪਾਉਣ ਦੀ ਜ਼ਿਲਾ ਹੀ ਨਹੀਂ ਬਲਕਿ ਪੰਜਾਬ ਭਰ ਦੇ ਲੋਕਾਂ ਵਲੋਂ ਖੂਬ ਸ਼ਲਾਘਾ ਕੀਤੀ ਜਾ ਰਹੀ ਹੈ ਕਿਉਂਕਿ ਅਜਿਹੀ ਸੇਵਾ ਕਰਨ ਵਾਲੇ ਇਨਸਾਨ ਕੁੱਝ ਵਿਰਲੇ ਹੀ ਹੁੰਦੇ ਹਨ।ਇਸ ਸਬੰਧੀ ਸ਼੍ਰੀਮਤੀ ਪੂਨਮ ਕਾਂਗੜਾ ਨੇ ਕਿਹਾ ਕਿ ਅੱਜ ਸਾਡੇ ਦੇਸ਼ ਅੰਦਰ ਵੱਡੇ ਸੰਕਟ ਦੀ ਘੜੀ ਹੈ। ਅਜਿਹੇ ਸਮੇਂ ਸਮਾਜ ਨਾਲ ਖੜ੍ਹਨਾ ਅਤੇ ਲੋੜਵੰਦ ਪਰਿਵਾਰ ਦੀ ਮਦਦ ਕਰਨਾ ਸਾਡਾ ਸਭ ਦਾ ਫਰਜ਼ ਬਣਦਾ ਹੈ। ਉਨ੍ਹਾਂ ਕਿਹਾ ਕਿ ਜੋ ਉਨ੍ਹਾਂ ਵਲੋਂ ਅੱਜ ਤੱਕ 4400 ਲੋੜਵੰਦ ਪਰਿਵਾਰਾਂ ਦੀ ਰਾਸ਼ਨ ਦਵਾਈਆਂ ਅਤੇ ਹੋਰ ਵੀ ਲੋੜੀਂਦੀ ਸਮੱਗਰੀ ਨਾਲ ਮਦਦ ਕੀਤੀ ਗਈ। ਇਹ ਉਨ੍ਹਾਂ ਦੀ ਖੂਦ ਦੀ ਤਰਫੋਂ ਅਤੇ ਅਪਣੇ ਕੁੱਝ ਸਾਥੀਆਂ ਦੇ ਸਹਿਯੋਗ ਨਾਲ ਕਰ ਰਹੇ ਹਨ ਜਿਸ 'ਚ ਉਨ੍ਹਾਂ ਵਲੋਂ ਪਿਛਲੇ ਕਈ ਸਾਲਾਂ ਤੋਂ ਨਵਾਂ ਘਰ ਖਰੀਦਣ ਲਈ ਇਕੱਠੀ ਕੀਤੀ ਲਗਭਗ 4 ਲੱਖ ਰੁਪਏ ਦੀ ਰਾਸ਼ੀ ਵੀ ਆਪਣੇ ਪਰਿਵਾਰ ਦੀ ਸਹਿਮਤੀ ਨਾਲ ਇਸ ਨੇਕ ਕਾਰਜ ਲਈ ਖਰਚ ਕੀਤੀ ਗਈ ਹੈ ਤਾਂ ਜੋ ਕੋਈ ਵੀ ਲੋੜਵੰਦ ਭੁੱਖੇ ਢਿੱਡ ਨਾ ਰਹੇ ਇਹ ਸੇਵਾ ਨਿਰੰਤਰ ਜਾਰੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਲਈ ਬਿਨਾਂ ਕਿਸੇ ਆਰਥਿਕ ਨੁਕਸਾਨ ਦੀ ਪਰਵਾਹ ਕਰਦਿਆਂ ਜੋ ਫੈਸਲੇ ਲਏ ਗਏ ਹਨ ਉਹ ਅਤਿ ਸ਼ਲਾਘਾਯੋਗ ਕਦਮ ਹੈ ਜਿਸ ਤੋਂ ਪ੍ਰਭਾਵਿਤ ਹੋ ਕੇ ਉਨ੍ਹਾਂ ਆਪਣੀ ਤਿੰਨ ਮਹੀਨਿਆਂ ਦੀ ਤਨਖ਼ਾਹ ਵੀ ਮੁੱਖ ਮੰਤਰੀ ਰਿਲੀਫ ਫੰਡ ਲਈ ਦੇਣ ਦਾ ਫੈਸਲਾ ਕੀਤਾ ਹੈ। ਸ਼੍ਰੀਮਤੀ ਪੂਨਮ ਕਾਂਗੜਾ ਨੇ ਸੂਬੇ ਦੇ ਸਮੂਹ ਮੰਤਰੀ, ਵਿਧਾਇਕ,ਮੈਂਬਰ ਪਾਰਲੀਮੈਂਟ ਅਤੇ ਮੈਂਬਰ ਰਾਜ ਸਭਾ ਨੂੰ ਅਪੀਲ ਕੀਤੀ ਕਿ ਉਹ ਵੀ ਅਪਣੀ 6 - 6 ਮਹੀਨਿਆਂ ਦੀ ਤਨਖ਼ਾਹ ਮੁੱਖ ਮੰਤਰੀ ਰਿਲੀਫ ਫੰਡ ਵਿੱਚ ਜਮ੍ਹਾ ਕਰਵਾਉਣ।

Shyna

This news is Content Editor Shyna