ਕੋਰੋਨਾ ਵਾਇਰਸ : ਸਬ ਡਵੀਜਨ ਪਾਇਲ ''ਚ ਹੱਥੀਂ ਕੱਪੜੇ ਦੇ ਮਾਸਕ ਤਿਆਰ ਕਰਨ ਦਾ ਕੰਮ ਸ਼ੁਰੂ

04/02/2020 8:22:55 PM

ਪਾਇਲ, (ਵਿਨਾਇਕ, ਬਿਪਣ)- ਵਿਸ਼ਵ ਭਰ ਵਿੱਚ ਫੈਲੀ ਬਿਮਾਰੀ ਕੋਰੋਨਾ ਵਾਇਰਸ (ਕੋਵਿਡ 19) ਨੂੰ ਪੰਜਾਬ ਵਿੱਚ ਰੋਕਣ ਲਈ ਪੰਜਾਬ ਸਰਕਾਰ ਦੀਆਂ ਹਦਾਇਤਾਂ 'ਤੇ ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਵੱਡੇ ਪੱਧਰ 'ਤੇ ਯਤਨ ਕੀਤੇ ਜਾ ਰਹੇ ਹਨ। ਇਸ ਮੌਕੇ ਮਾਰਕੀਟ ਵਿੱਚ ਵਧੀਆ ਮਾਸਕਾਂ (ਮੂੰਹ ਢੱਕਣ ਲਈ ਕਵਰ) ਦੀ ਭਾਰੀ ਕਿੱਲਤ ਨੂੰ ਧਿਆਨ ਵਿੱਚ ਰੱਖਦਿਆਂ ਜ਼ਿਲਾ ਲੁਧਿਆਣਾ ਵਿੱਚ ਹੱਥ ਨਾਲ ਬਣੇ ਮਾਸਕਾਂ ਨੂੰ ਉਤਸ਼ਾਹਿਤ ਕਰਨ ਦੇ ਯਤਨ ਸ਼ੁਰੂ ਕੀਤੇ ਗਏ ਹਨ ਤਾਂ ਜੋ ਹਰੇਕ ਵਿਅਕਤੀ ਇਨ੍ਹਾਂ ਕਫਾਇਤੀ ਮਾਸਕਾਂ ਨਾਲ ਆਪਣੇ ਆਪ ਨੂੰ ਬਚਾਅ ਸਕੇ।  ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਬ ਡਵੀਜ਼ਨ ਪਾਇਲ ਦੇ ਐੱਸ. ਡੀ. ਐੱਮ. ਸ੍ਰੀ ਸਾਗਰ ਸੇਤੀਆ ਨੇ ਦੱਸਿਆ ਕਿ ਸਬ ਡਵੀਜ਼ਨ ਪਾਇਲ ਇੱਕ ਦਿਹਾਤੀ ਇਲਾਕਾ ਹੋਣ ਕਰਕੇ ਇਥੇ ਉੱਚ ਕਵਾਲਿਟੀ ਦੇ ਮਾਸਕ ਉਪਲੱਬਧ ਨਹੀਂ ਹਨ। ਇਸ ਕਿੱਲਤ ਨੂੰ ਦੂਰ ਕਰਨ ਲਈ ਉਨ੍ਹਾਂ ਨੇ ਇਲਾਕੇ ਵਿੱਚ ਹੱਥਾਂ ਨਾਲ ਮਾਸਕ ਬਣਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਇਹ ਮਾਸਕ ਵੱਖ-ਵੱਖ ਪਿੰਡਾਂ ਵਿੱਚ ਸਿਲਾਈ ਦਾ ਕੰਮ ਕਰਦੇ ਟੇਲਰਾਂ ਨੂੰ ਦਿੱਤਾ ਗਿਆ। ਇਹ ਮਾਸਕ ਕੌਟਨ ਦੇ ਕੱਪੜੇ ਦੇ ਬਣਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਸ਼ੁਰੂਆਤੀ ਗੇੜ ਵਿੱਚ 2000 ਦੇ ਕਰੀਬ ਬਣਵਾਏ ਜਾ ਰਹੇ ਹਨ, ਜੋ ਕਿ ਬਿਲਕੁਲ ਲਾਗਤ ਵਾਲੇ ਭਾਅ 'ਤੇ ਲੋਕਾਂ ਨੂੰ ਮੁਹੱਈਆ ਕਰਵਾਏ ਜਾਣਗੇ। ਜਿਹੜੇ ਲੋਕ ਲੋੜਵੰਦ ਹੋਣਗੇ, ਉਨ੍ਹਾਂ ਨੂੰ ਜ਼ਿਲਾ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਮੁਫ਼ਤ ਵੰਡੇ ਜਾਣਗੇ। ਪਹਿਲੇ ਗੇੜ ਦੇ ਮਾਸਕ 2 ਦਿਨ ਵਿੱਚ ਤਿਆਰ ਹੋ ਜਾਣਗੇ। ਲੋਕਾਂ ਵੱਲੋਂ ਉਤਸ਼ਾਹ ਮਿਲਿਆ ਤਾਂ ਅਜਿਹੇ ਹੋਰ ਮਾਸਕ ਵੀ ਤਿਆਰ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਲੋਕ ਟੇਲਰਾਂ ਤੋਂ ਸਿੱਧੇ ਤੌਰ 'ਤੇ ਵੀ ਇਹ ਮਾਸਕ ਖਰੀਦ ਸਕਦੇ ਹਨ। ਸ੍ਰੀ ਸੇਤੀਆ ਨੇ ਦੱਸਿਆ ਕਿ ਇਸ ਕੰਮ ਲਈ ਟੇਲਰਾਂ ਨੂੰ ਘਰਾਂ ਵਿੱਚ ਮਾਸਕ ਤਿਆਰ ਕਰਨ ਦਾ ਸਰਟੀਫਾਈਟ ਮੈਨੂੰਅਲ (ਬਣਾਉਣ ਦੀ ਵਿਧੀ) ਦੇ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਦੁਕਾਨਾਂ ਬੰਦ ਕਰਕੇ ਮਾਸਕ ਤਿਆਰ ਕਰਨ ਬਾਰੇ ਕਿਹਾ ਗਿਆ ਹੈ ਤਾਂ ਜੋ ਉਨ੍ਹਾਂ ਦੀਆਂ ਦੁਕਾਨਾਂ 'ਤੇ ਇਕੱਠ ਆਦਿ ਨਾ ਹੋ ਸਕੇ। ਸਿਹਤ ਮਾਹਿਰਾਂ ਅਨੁਸਾਰ ਇਸ ਬਿਮਾਰੀ ਤੋਂ ਬਚਾਅ ਲਈ ਸਭ ਤੋਂ ਜ਼ਰੂਰੀ ਹੈ ਕਿ ਤੰਦਰੁਸਤ ਵਿਅਕਤੀ ਕਿਸੇ ਵੀ ਬਿਮਾਰ ਵਿਅਕਤੀ ਦੇ ਸੰਪਰਕ ਵਿੱਚ ਨਾ ਆਵੇ। ਇਸ ਬਚਾਅ ਲਈ ਭੀੜ ਭਾੜ ਜਾਂ ਸੰਵੇਦਨਸ਼ੀਲ ਇਲਾਕੇ ਵਿੱਚ ਮੂੰਹ 'ਤੇ ਜ਼ਰੂਰੀ ਤੌਰ 'ਤੇ ਮਾਸਕ ਪਾਇਆ ਜਾਣਾ ਚਾਹੀਦਾ ਹੈ। ਮਾਸਕ ਪਾਉਣ ਨਾਲ ਸਾਹਮਣੇ ਵਾਲੇ ਵਿਅਕਤੀ ਦੇ ਮੂੰਹ ਵਿੱਚੋਂ ਨਿਕਲਣ ਵਾਲੇ ਥੁੱਕ ਦੇ ਛਿੱਟੇ ਅਤੇ ਗੰਦੀ ਹਬਾੜ• ਸਾਡੇ ਅੰਦਰ ਨਹੀਂ ਜਾ ਸਕਦੀ, ਜੋ ਕਿ ਇਸ ਬਿਮਾਰੀ ਦੇ ਫੈਲਣ ਦਾ ਸਭ ਤੋਂ ਵੱਡਾ ਕਾਰਨ ਹੈ।  ਉਨ੍ਹਾਂ ਦੱਸਿਆ ਕਿ ਬਾਜ਼ਾਰ ਵਿੱਚੋਂ ਮਿਲਣ ਵਾਲੇ ਜਿਆਦਤਰ ਮਾਸਕ ਇੱਕ ਵਾਰ ਵਰਤੇ ਜਾਂਦੇ ਹਨ ਪਰ ਹੱਥ ਨਾਲ ਬਣਾਏ ਮਾਸਕ ਰੋਜ਼ਾਨਾ ਧੋਣ ਉਪਰੰਤ ਪ੍ਰੈੱਸ ਕਰਨ ਨਾਲ ਦੁਬਾਰਾ ਵਰਤੇ ਜਾ ਸਕਦੇ ਹਨ। ਲੋਕਾਂ ਨੂੰ ਮਾਸਕ ਪਹਿਨਣ ਦੇ ਨਾਲ-ਨਾਲ ਹੋਰਾਂ ਲੋਕਾਂ ਦੇ ਨਾਲ ਹੱਥ ਮਿਲਾਉਣ, ਵਾਰ-ਵਾਰ ਮੂੰਹ ਅੱਖਾਂ ਤੇ ਨੱਕ ਨੂੰ ਛੂਹਣ ਤੋਂ ਵੀ ਬਚਣਾ ਚਾਹੀਦਾ ਹੈ। ਸਾਹਮਣੇ ਵਾਲੇ ਵਿਅਕਤੀ ਤੋਂ ਘੱਟੋ ਘੱਟ 1 ਮੀਟਰ ਦਾ ਫਾਸਲਾ ਰੱਖਣਾ ਬਹੁਤ ਜ਼ਰੂਰੀ ਹੈ। ਸ੍ਰੀ ਸੇਤੀਆ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਲੌਕਡਾਊਨ ਦੇ ਚੱਲਦਿਆਂ ਘਰਾਂ ਦੇ ਅੰਦਰ ਹੀ ਰਹਿਣ ਅਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ।


Bharat Thapa

Content Editor

Related News