ਨਾਲਾਇਕੀ : ਕ੍ਰਿਕਟ ਖੇਡਦੇ ਨੌਜਵਾਨਾਂ ਨੇ ਪੁਲਸ ਮੁਲਾਜ਼ਮਾਂ ''ਤੇ ਕੀਤਾ ਪਥਰਾਅ

03/31/2020 1:38:29 PM

ਮਾਲੇਰਕੋਟਲਾ (ਸ਼ਹਾਬੂਦੀਨ/ਜ਼ਹੂਰ/ਮਹਿਬੂਬ): ਕੋਰੋਨਾ ਵਾਇਰਸ ਦੀ ਮਹਾਂਮਾਰੀ ਕਾਰਣ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਲਾਏ ਗਏ ਕਰਫਿਊ ਦੌਰਾਨ ਜਿਥੇ ਪੁਲਸ ਨੇ ਸਖਤੀ ਕਰ ਦਿੱਤੀ ਹੈ, ਉਥੇ ਹੀ ਸੋਸ਼ਲ ਮੀਡੀਆ 'ਤੇ ਕਈ ਥਾਵਾਂ 'ਤੇ ਪੁਲਸ ਅਤੇ ਲੋਕਾਂ ਵਿਚਕਾਰ ਝੜਪਾਂ ਹੋਣ ਦੀਆਂ ਆ ਰਹੀਆਂ ਖਬਰਾਂ ਵਿਚਕਾਰ ਅੱਜ ਸਵੇਰੇ ਸਾਢੇ 10 ਵਜੇ ਦੇ ਕਰੀਬ ਮਾਨਾਂ ਰੋਡ 'ਤੇ ਵੀ ਕੁਝ ਨੌਜਵਾਨਾਂ ਦੀ ਡਿਊਟੀ 'ਤੇ ਤਾਇਨਾਤ ਪੁਲਸ ਮੁਲਾਜ਼ਮਾਂ ਨਾਲ ਹਿੰਸਕ ਝੜਪ ਹੋਣ ਦਾ ਪਤਾ ਲੱਗਾ ਹੈ, ਜਿਸ 'ਚ 2 ਥਾਣੇਦਾਰਾਂ ਹਰਪ੍ਰੀਤ ਸਿੰਘ ਅਤੇ ਸੁਖਦੇਵ ਸਿੰਘ ਸਮੇਤ ਇਕ ਹੈੱਡ ਕਾਂਸਟੇਬਲ ਰਮਨਦੀਪ ਸਿੰਘ ਜ਼ਖਮੀ ਹੋ ਗਏ ਹਨ, ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।
ਪੁਲਸ ਮੁਲਾਜ਼ਮਾਂ 'ਤੇ ਹਮਲਾ ਹੋਣ ਦੀ ਸੂਚਨਾ ਮਿਲਣ ਦੇ ਕੁਝ ਹੀ ਮਿੰਟਾਂ 'ਚ ਸਥਾਨਕ ਥਾਣਾ ਸਿਟੀ-2 ਦੇ ਐੱਸ. ਐੱਚ. ਓ. ਦੀਪਇੰਦਰ ਸਿੰਘ ਜੇਜੀ ਦੀ ਅਗਵਾਈ ਹੇਠ ਲੇਡੀਜ਼ ਪੁਲਸ ਸਮੇਤ ਪੁੱਜੀ ਭਾਰੀ ਪੁਲਸ ਫੋਰਸ ਨੇ ਹਮਲਾਵਰ ਵਿਅਕਤੀਆਂ ਨੂੰ ਕਾਬੂ ਕਰਨ ਲਈ ਮੁਹੱਲੇ ਦੇ ਕਈ ਘਰਾਂ 'ਤੇ ਰੇਡਾਂ ਵੀ ਮਾਰੀਆਂ ਪਰ ਉਦੋਂ ਤੱਕ ਸਾਰੇ ਹਮਲਾਵਰ ਫਰਾਰ ਹੋ ਚੁੱਕੇ ਸਨ।

ਜਾਣਕਾਰੀ ਦਿੰਦਿਆਂ ਥਾਣੇਦਾਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸਵੇਰੇ ਸਾਢੇ 10 ਵਜੇ ਦੇ ਕਰੀਬ ਮੈਂ ਆਪਣੇ ਦੋ ਹੋਰ ਸਾਥੀ ਮੁਲਾਜ਼ਮਾਂ ਸਮੇਤ ਗਸ਼ਤ ਕਰਦੇ ਹੋਏ ਜਦੋਂ ਮਾਨਾਂ ਰੋਡ 'ਤੇ ਸਥਿਤ ਖੁਸ਼ਹਾਲ ਬਸਤੀ 'ਚ ਪੁੱਜਿਆ ਤਾਂ ਉਥੇ ਕ੍ਰਿਕਟ ਖੇਡਦੇ ਕੁਝ ਨੌਜਵਾਨਾਂ ਨੂੰ ਜਦੋਂ ਅਸੀਂ ਆਪੋ-ਆਪਣੇ ਘਰਾਂ ਨੂੰ ਜਾਣ ਦੀ ਬੇਨਤੀ ਕੀਤੀ ਤਾਂ ਉਹ ਸਾਡੇ ਨਾਲ ਬੁਰਾ ਸਲੂਕ ਕਰਦਿਆਂ ਉਥੋਂ ਭੱਜ ਗਏ। ਉਨ੍ਹਾਂ ਨੂੰ ਫੜਨ ਲਈ ਜਦੋਂ ਅਸੀਂ ਉਨ੍ਹਾਂ ਦੇ ਪਿੱਛੇ ਗਏ ਤਾਂ ਉਨ੍ਹਾਂ ਸਮੇਤ ਵੱਡੀ ਗਿਣਤੀ 'ਚ ਉਥੇ ਹੋਰ ਆਏ ਨੌਜਵਾਨਾਂ ਨੇ ਸਾਡੇ 'ਤੇ ਪਥਰਾਅ ਕਰਨਾ ਸ਼ੁਰੂ ਕਰ ਦਿੱਤਾ ਅਤੇ ਅਸੀਂ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾ ਕੇ ਉਥੋਂ ਭੱਜ ਕੇ ਨਿਕਲੇ। ਇਸ ਪਥਰਾਅ ਦੌਰਾਨ ਜਿਥੇ ਮੇਰੇ ਸਮੇਤ ਤਿੰਨ ਮੁਲਾਜ਼ਮਾਂ ਦੇ ਸੱਟਾਂ ਲੱਗੀਆਂ, ਉਥੇ ਹੀ ਸਾਡੇ ਇਕ ਮੁਲਾਜ਼ਮ ਦਾ ਮੋਬਾਇਲ ਫੋਨ ਵੀ ਟੁੱਟ ਗਿਆ।

ਮੌਕੇ 'ਤੇ ਪੁੱਜੀ ਪੁਲਸ ਫੋਰਸ ਨੇ ਦੋਸ਼ੀਆਂ ਨੂੰ ਫੜਨ ਲਈ ਮੁਹੱਲੇ ਦੇ ਕਈ ਘਰਾਂ ਸਮੇਤ ਇਕ ਖੇਤ ਦੀ ਮੋਟਰ 'ਤੇ ਵੀ ਛਾਪੇਮਾਰੀ ਕੀਤੀ ਪਰ ਦੋਸ਼ੀ ਇਸ ਤੋਂ ਪਹਿਲਾਂ ਹੀ ਜਿੰਦੇ ਲਾ ਕੇ ਉਥੋਂ ਫਰਾਰ ਹੋ ਚੁੱਕੇ ਸਨ। ਘਟਨਾ ਸਥਾਨ 'ਤੇ ਨੌਜਵਾਨਾਂ ਅਤੇ ਪੁਲਸ ਵਿਚਕਾਰ ਹੋਈ ਹਿੰਸਕ ਝੜਪ ਦੀ ਪੂਰੀ ਘਟਨਾ ਨੇੜੇ ਹੀ ਇਕ ਘਰ 'ਚ ਖੜ੍ਹੇ ਦੱਸੇ ਜਾਂਦੇ ਨੌਜਵਾਨ ਦੇ ਮੋਬਾਇਲ ਕੈਮਰੇ 'ਚ ਕੈਦ ਹੋ ਗਈ ਸੀ, ਜੋ ਮੌਕੇ ਦੀ ਵੀਡੀਓ ਬਣਾ ਰਿਹਾ ਦੱਸਿਆ ਜਾਂਦਾ ਸੀ। ਘਟਨਾ ਦੀ ਜਾਂਚ ਕਰਨ ਲਈ ਪੁਲਸ ਉਕਤ ਨੌਜਵਾਨ ਨੂੰ ਵੀ ਆਪਣੇ ਨਾਲ ਲੈ ਗਈ ਦੱਸੀ ਜਾਂਦੀ ਹੈ। ਪਤਾ ਲੱਗਾ ਹੈ ਕਿ ਦੋਸ਼ੀਆਂ ਦੀ ਭਾਲ 'ਚ ਛਾਪੇਮਾਰੀ ਕਰ ਰਹੀ ਪੁਲਸ ਨੇ ਭਾਵੇਂ ਖੁਸ਼ਹਾਲ ਬਸਤੀ ਦੇ ਕੁਝ ਵਿਅਕਤੀਆਂ ਨੂੰ ਪੁੱਛ-ਗਿੱਛ ਲਈ ਹਿਰਾਸਤ 'ਚ ਵੀ ਲਿਆ ਹੈ ਪਰ ਖਬਰ ਲਿਖੇ ਜਾਣ ਤੱਕ ਕਿਸੇ ਵੀ ਵਿਅਕਤੀ ਦੀ ਗ੍ਰਿਫਤਾਰੀ ਸਬੰਧੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ।

ਬਿਨਾਂ ਮਤਲਬ ਤੋਂ ਸੜਕਾਂ 'ਤੇ ਘੁੰਮਦੇ ਨੌਜਵਾਨਾਂ ਖਿਲਾਫ ਪੁਲਸ ਨੇ ਕੱਸਿਆ ਸ਼ਿਕੰਜਾ
ਅਜਿਹੇ ਸ਼ਰਾਰਤੀ ਅਨਸਰਾਂ ਵੱਲੋਂ ਕੀਤੀਆਂ ਜਾ ਰਹੀਆਂ ਹੁੱਲੜਬਾਜ਼ੀਆਂ ਨੂੰ ਦੇਖ ਕੇ ਜਿਥੇ ਪੁਲਸ ਨੇ ਅੱਜ ਤਕਰੀਬਨ ਸਾਰੇ ਇਲਾਕੇ 'ਚ ਹੀ ਸਖਤੀ ਨਾਲ ਸ਼ਿਕੰਜਾ ਕੱਸਦਿਆਂ ਸੜਕਾਂ 'ਤੇ ਬਿਨਾਂ ਮਤਲਬ ਤੋਂ ਘੁੰਮਦੇ-ਫਿਰਦੇ ਨੌਜਵਾਨਾਂ ਨੂੰ ਕਾਨੂੰਨ ਦਾ ਪਾਠ ਪੜ੍ਹਾਉਣਾ ਸ਼ੁਰੂ ਕਰ ਦਿੱਤਾ ਹੈ, ਉਥੇ ਹੀ ਸੱਟਾ ਚੌਕ, ਕੇਲੋਗੇਟ, ਮਾਨਾਂ ਰੋਡ, ਭੁਮਸੀ ਅਤੇ ਮਾਲੇਰ ਸਮੇਤ ਕੁਝ ਹੋਰ ਖੇਤਰਾਂ 'ਚ ਪੁਲਸ ਵੱਲੋਂ ਕਰਫਿਊ ਸਖਤ ਕਰ ਦਿੱਤਾ ਗਿਆ ਹੈ। ਡੀ. ਐੱਸ. ਪੀ. ਮਾਲੇਰਕੋਟਲਾ ਸੁਮਿਤ ਸੂਦ ਨੇ ਕਿਹਾ ਕਿ ਦੋਸ਼ੀ ਨੌਜਵਾਨਾਂ ਦੀ ਭਾਲ ਅਤੇ ਮਾਮਲੇ ਦੀ ਜਾਂਚ ਜਾਰੀ ਹੈ। ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਜਲਦੀ ਹੀ ਸਾਰੇ ਦੋਸ਼ੀ ਪੁਲਸ ਦੇ ਸ਼ਿਕੰਜੇ 'ਚ ਹੋਣਗੇ।


Shyna

Content Editor

Related News