ਕੋਰੋਨਾ ਮਹਾਮਾਰੀ ਤੋਂ ਬੇਖੋਫ ਲੋਕਾਂ ਵੱਲੋਂ ਬਜ਼ਾਰਾਂ ’ਚ ਮੇਲੇ ਵਾਂਗ ਭੀੜ, ਦੁਕਾਨਦਾਰ ਅਤੇ ਰੇਹੜੀਆਂ ਵਾਲੇ ਵਿਹਲੇ

05/18/2021 2:38:11 PM

ਭਵਾਨੀਗੜ੍ਹ (ਕਾਂਸਲ): ਕੋਰੋਨਾ ਮਹਾਮਾਰੀ ਦੇ ਵੱਧਦੇ ਪ੍ਰਕੋਪ ਨੂੰ ਦੇਖਦੇ ਹੋਏ ਭਾਵੇਂ ਸੂਬਾ ਸਰਕਾਰ ਨੇ ਮਿੰਨੀ ਲਾਕਡਾਊਨ ਦੀ ਮਿਆਦ ’ਚ 31 ਮਈ ਤੱਕ ਵਧਾ ਕਰ ਦਿੱਤਾ ਹੈ ਪਰ ਸਥਾਨਕ ਸ਼ਹਿਰ ਵਿਖੇ ਕੋਰੋਨਾ ਮਹਾਮਾਰੀ ਤੋਂ ਬੇਖੋਫ਼ ਲੋਕਾਂ ਵੱਲੋਂ ਬਜ਼ਾਰਾਂ ’ਚ ਪਹਿਲਾਂ ਨਾਲੋਂ ਵੀ ਜ਼ਿਆਦਾ ਭੀੜ ਕਰਕੇ ਸਮਾਜਿਕ ਦੂਰੀ ਅਤੇ ਮਿੰਨੀ ਲਾਕਡਾਊਨ ਦੇ ਸਾਰੇ ਨਿਯਮਾਂ ਦੀਆਂ ਜੰਮ ਕੇ ਧੱਜੀਆਂ ਉਡਾਈਆਂ ਜਾ ਰਹੀਆਂ ਹਨ।ਮੁੱਖ ਮੰਤਰੀ ਪੰਜਾਬ ਵੱਲੋਂ ਕੋਰੋਨਾ ਦੇ ਪ੍ਰਕੋਪ ਨੂੰ ਰੋਕਣ ਲਈ ਨਵੀਆਂ ਗਾਈਡ ਲਾਈਨਾਂ ਜਾਰੀ ਕਰਦਿਆਂ ਪ੍ਰਸ਼ਾਸਨ ਨੂੰ ਇਸ ਦੀ ਸਖ਼ਤੀ ਨਾਲ ਪਾਲਣਾ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਹਨ। ਸ਼ਨੀਵਾਰ ਅਤੇ ਐਤਵਾਰ ਦੇ ਮੁਕੰਮਲ ਲਾਕਡਾਊਨ ਤੋਂ ਬਾਅਦ ਅੱਜ ਸੋਮਵਾਰ ਨੂੰ ਸਥਾਨਕ ਸ਼ਹਿਰ ਵਿਖੇ ਨਵੀਆਂ ਗਾਈਡ ਲਾਈਨ ਦੀ ਪਾਲਣਾ ਪ੍ਰਤੀ ਲੋਕ ਕਿਨੇ ਕੁ ਸੁਚੇਤ ਹਨ ਸੰਬੰਧੀ ਕੀਤੇ ਗਏ ਦੌਰੇ ਦੌਰਾਨ ਦੇਖਿਆ ਕਿ ਬਾਜ਼ਾਰ ’ਚ ਸੜਕ ਉਪਰ ਮੇਲੇ ਵਾਂਗ ਭੀੜ ਜੁੱਟੀ ਹੋਈ ਸੀ। 

 ਦੂਜੇ ਪਾਸੇ ਆਲਮ ਇਹ ਵੀ ਬਹੁਤ ਅਜੀਬ ਸੀ ਕਿ ਬਾਜ਼ਾਰ ’ਚ ਦੁਕਾਨਾਂ ਖਾਲੀ ਪਈਆਂ ਸਨ ਅਤੇ ਦੁਕਾਨਾਂ ’ਚ ਗ੍ਰਹਾਕ ਨਾ ਹੋਣ ਕਾਰਨ ਦੁਕਾਨਦਾਰ ਵੇਹਲੇ ਅਤੇ ਉਦਾਸ ਬੈਠੇ ਸਨ ਅਤੇ ਰੇਹੜੀਆਂ ਵਾਲੇ ਵੇਹਲੇ ਹੀ ਖੜ੍ਹੇ ਨਜ਼ਰ ਆ ਰਹੇ ਸਨ। ਬਾਜ਼ਾਰ ਦੀਆਂ ਸੜਕਾਂ ਉਪਰ ਭੀੜ ਨੂੰ ਦੇਖ ਕੇ ਦੁਕਾਨਦਾਰ ਅਤੇ ਰੇਹੜੀਆਂ ਵਾਲੇ ਵੀ ਹੈਰਾਨ ਸਨ ਕਿ ਜਦੋਂ ਇਹ ਲੋਕ ਦੁਕਾਨਾਂ ਅਤੇ ਰੇਹੜੀਆਂ ਉਪਰੋਂ ਕੋਈ ਖਰੀਦ ਫਰੋਖ਼ਤ ਨਹੀਂ ਕਰ ਰਹੇ ਤਾਂ ਫਿਰ ਇਨ੍ਹਾਂ ਬਜ਼ਾਰਾਂ ’ਚ ਇੰਨੀਂ ਭੀੜ ਕਿਓ ਜਮ੍ਹਾ ਕੀਤੀ ਹੈ। ਸਰਕਾਰ ਵੱਲੋਂ ਦੋ ਪਹੀਆ ਵਾਹਨਾਂ ਉਪਰ ਇਕ ਵਿਅਕਤੀ ਨੂੰ ਹੀ ਘੁੰਮਣ ਦੀ ਇਜਾਜ਼ਤ ਹੈ ਪਰ ਬਾਜ਼ਾਰ ਅਤੇ ਸੜਕਾਂ ਉਪਰ ਦੋ ਪਹੀਆ ਵਾਹਨਾਂ ਉਪਰ ਤਿੰਨ-ਤਿੰਨ ਸਵਾਰ ਹੋ ਕੇ ਘੁੰਮ ਰਹੇ ਹਨ ਜਿਨ੍ਹਾਂ ’ਚ ਕਈਆਂ ਨੇ ਮਾਸਕ ਵੀ ਨਹੀਂ ਸੀ ਪਹਿਨੇ ਹੋਏ। ਬੁੱਧੀਜੀਵੀਆ ਦਾ ਕਹਿਣਾ ਹੈ ਕਿ ਜੇਕਰ ਪ੍ਰਸ਼ਾਸਨ ਨੇ ਇਥੇ ਲੋਕਾਂ ਨੂੰ ਭੀੜ ਕਰਨ ਤੋਂ ਨਾ ਰੋਕਿਆਂ ਤਾਂ ਸ਼ਹਿਰ ’ਚ ਕੋਰੋਨਾ ਨਾਲ ਸਥਿਤੀ ਬੇਹਾਲ ਹੋ ਸਕਦੀ ਹੈ।

ਬਲਾਕ ’ਚ ਰੋਜਾਨਾ ਕੋਰੋਨਾ ਦੇ ਦਰਜਨ ਤੋਂ ਵੱਧ ਮਾਮਲੇ ਸਾਹਮਣੇ ਆਉਣਾ ਵੱਡੇ ਖ਼ਤਰੇ ਦਾ ਸੰਕੇਤ ਹੈ। ਇਸ ਲਈ ਪ੍ਰਸ਼ਾਸਨ ਨੂੰ ਇੱਥੇ ਪੂਰੀ ਸਖ਼ਤੀ ਤੋਂ ਕੰਮ ਲੈਣਾ ਚਾਹੀਦਾ ਹੈ ਅਤੇ ਬਾਜ਼ਾਰ ਦੇ ਸਾਰੇ ਪ੍ਰਵੇਸ਼ ਵਾਲੇ ਰਸ਼ਤਿਆਂ ਉਪਰ ਵਿਸ਼ੇਸ਼ ਨਾਕਾਬੰਦੀ ਕਰਕੇ ਚਾਰ ਪਹੀਆ ਵਾਹਨਾਂ ਦੀ ਐਂਟਰੀ ਉਪਰ ਪੂਰੀ ਤਰ੍ਹਾਂ ਰੋਕ ਲਗਾਉਣ ਦੇ ਨਾਲ-ਨਾਲ ਆਮ ਲੋਕਾਂ ਦੀ ਭੀੜ ਘੱਟ ਕਰਨ ਲਈ ਕੋਰੋਨਾ ਦੀ ਜਾਂਚ ਲਈ ਸੈਂਪਲਿੰਗ ਦੀ ਮੁਹਿੰਮ ਵੀ ਸ਼ੁਰੂ ਕਰਨੀ ਚਾਹੀਦੀ ਹੈ।ਇਸ ਸੰਬੰਧੀ ਅੱਜ ਜਦੋਂ ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਲੋਕਾਂ ਨੂੰ ਖ਼ੁਦ ਹੀ ਸਮਝਣਾ ਪਵੇਗਾ ਕੀ  ਉਹ ਬਿਨਾਂ ਲੋੜ ਤੋਂ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ ਅਤੇ ਬਾਜ਼ਾਰਾਂ ਵਿੱਚ ਭੀੜ ਨਾ ਕਰਨ ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਵੱਲੋਂ ਕੋਰੋਨਾ ਮਹਾਂਮਾਰੀ ਦੀ ਜਾਂਚ ਲਈ ਸੈਂਪਲਿੰਗ ਦੀ ਰਫ਼ਤਾਰ ਪੂਰੀ ਤਰ੍ਹਾਂ ਤੇਜ਼ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਕ ਹਫਤਾ ਪਹਿਲਾਂ ਜੋ ਸੈਂਪਲਿੰਗ 1800 ਤੋ 1900 ਦੇ ਕਰੀਬ ਹੁੰਦੀ ਸੀ ਹੁਣ ਤਿੰਨ ਚਾਰ ਦਿਨਾਂ ਤੋਂ ਲਗਾਤਾਰ 4200 ਤੋ ਉੱਪਰ ਸੈਂਪਲਿੰਗ ਹੋ ਰਹੀ ਹੈ।

Shyna

This news is Content Editor Shyna