ਜ਼ਿਲ੍ਹੇ ''ਚ ਕੋਰੋਨਾ ਦਾ ਵਧਿਆ ਕਹਿਰ, ਇਕੱਠੇ 48 ਨਵੇਂ ਕੇਸਾਂ ਦੀ ਹੋਈ ਪੁਸ਼ਟੀ

11/24/2020 11:49:58 AM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ, ਸੁਖਪਾਲ): ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਇਸ ਸਮੇਂ ਕੋਰੋਨਾ ਪੂਰੀ ਤਰ੍ਹਾਂ ਨਾਲ ਹਾਵੀ ਚੱਲ ਰਿਹਾ ਹੈ। ਆਏ ਦਿਨ ਜ਼ਿਲ੍ਹੇ ਅੰਦਰ ਕੋਰੋਨਾ ਨਿੱਤ ਰੋਜ਼ ਮਨੁੱਖੀ ਜਾਨਾਂ ਨਿਗਲ ਰਿਹਾ ਹੈ ਤਾਂ ਦੂਜੇ ਪਾਸੇ ਦਰਜਨਾਂ ਦੀ ਗਿਣਤੀ ਵਿਚ ਲੋਕ ਪਾਜ਼ੇਟਿਵ ਵੀ ਸਾਹਮਣੇ ਆ ਰਹੇ ਹਨ। ਪਿਛਲੇ ਕੁਝ ਦਿਨਾਂ ਤੋਂ ਰੁਕ ਕੇ ਫਿਰ ਤੋਂ ਕੋਰੋਨਾ ਦਾ ਪ੍ਰਕੋਪ ਤੇਜ਼ ਹੋ ਗਿਆ ਹੈ। ਰੋਜ਼ਾਨਾ ਜ਼ਿਲੇ ਅੰਦਰ 1 ਤੋਂ 3 ਤੱਕ ਲੋਕ ਕੋਰੋਨਾ ਕਰਕੇ ਆਪਣੀ ਜਾਨ ਗਵਾ ਰਹੇ ਹਨ, ਜਿਨ੍ਹਾਂ ਵਿਚ ਮਰਦ-ਔਰਤਾਂ ਦੇ ਨੌਜਵਾਨ ਵਰਗ ਤੋਂ ਲੈ ਕੇ ਬਜ਼ੁਰਗ ਤੱਕ ਸ਼ਾਮਲ ਪਾਏ ਜਾਂਦੇ ਹਨ।

ਅੱਜ ਜ਼ਿਲੇ ਅੰਦਰ ਕੋਰੋਨਾ ਦਾ ਪ੍ਰਭਾਵ ਇਸ ਕਦਰ ਦਰਜ ਕੀਤਾ ਗਿਆ ਹੈ ਕਿ ਜ਼ਿਲੇ ਅੰਦਰ ਇਕੱਠੇ 48 ਕੋਰੋਨਾ ਪੀੜਤ ਸਾਹਮਣੇ ਆਏ ਹਨ। ਸਿਹਤ ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ 12 ਕੇਸ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਤੋਂ ਸਾਹਮਣੇ ਆਏ ਹਨ, ਜਦੋਂਕਿ 13 ਕੇਸ ਮਲੋਟ, 7 ਕੇਸ ਗਿੱਦੜਬਾਹਾ, 2 ਕੇਸ ਪਿੰਡ ਮਲੋਟ, 1 ਕੇਸ ਕੁਰਾਈਵਾਲਾ, 1 ਕੇਸ ਅਬੁਲ ਖੁਰਾਣਾ, 1 ਕੇਸ ਹਰੀਕੇ ਕਲਾਂ, 1 ਕੇਸ ਸਮਾਘ, 2 ਕੇਸ ਭੁੱਟੀਵਾਲਾ, 1 ਕੇਸ ਭਲਾਈਆਣਾ, 2 ਕੇਸ ਚੰਨੂੰ, 1 ਕੇਸ ਮਾਹੂਆਣਾ ਅਤੇ 4 ਕੇਸ ਮੰਡੀ ਕਿੱਲਿਆਂਵਾਲੀ ਤੋਂ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੋਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 59 ਮਰੀਜ਼ਾਂ ਨੂੰ ਠੀਕ ਕਰਕੇ ਘਰ ਵੀ ਭੇਜਿਆ ਗਿਆ ਹੈ। ਅੱਜ 164 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਇਸ ਸਮੇਂ 603 ਸੈਂਪਲ ਬਕਾਇਆ ਪਏ ਹਨ। ਅੱਜ ਜ਼ਿਲੇ ਭਰ ਅੰਦਰੋਂ 457 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਵਰਣਨਯੋਗ ਹੈ ਕਿ ਜ਼ਿਲੇ ਅੰਦਰ ਹੁਣ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 3474 ਹੋ ਗਈ ਹੈ, ਜਿਸ ਵਿਚੋਂ ਹੁਣ ਤੱਕ 3176 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਇਸ ਸਮੇਂ 216 ਕੇਸ ਸਰਗਰਮ ਚੱਲ ਰਹੇ ਹਨ। ਇਸ ਤੋਂ ਇਲਾਵਾ 82 ਲੋਕਾਂ ਦੀ ਹੁਣ ਤੱਕ ਕੋਰੋਨਾ ਕਰਕੇ ਮੌਤ ਵੀ ਹੋ ਚੁੱਕੀ ਹੈ।


Shyna

Content Editor

Related News