ਕੋਰੋਨਾ ਦੀ ਚਪੇਟ ''ਚ ਆਏ ਸਮਰਾਲਾ ਇਲਾਕੇ ਨੂੰ ਕਰਫਿਊ ''ਚ ਨਹੀਂ ਮਿਲੀ ਕੋਈ ਢਿੱਲ

05/01/2020 2:03:39 AM

ਸਮਰਾਲਾ,(ਗਰਗ, ਬੰਗੜ)- ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਸਮਰਾਲਾ ਇਲਾਕੇ ਦੇ ਚਾਰ ਸ਼ਰਧਾਲੂਆਂ ਦੀ ਪਿਛਲੇ ਦਿਨੀਂ ਕੋਰੋਨਾ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਵੀਰਵਾਰ ਤੋਂ ਕਰਫਿਊ ਵਿੱਚ ਮਿਲਣ ਵਾਲੀ ਚਾਰ ਘੰਟੇ ਦੀ ਢਿੱਲ ਨੂੰ ਸਥਾਨਕ ਪ੍ਰਸਾਸ਼ਨ ਨੇ ਅਗਲੇ ਹੁਕਮਾਂ ਤੱਕ ਵਾਪਸ ਲੈਂਦੇ ਹੋਏ ਕਰਫਿਊ 'ਚ ਹੋਰ ਸਖ਼ਤੀ ਵਧਾ ਦਿੱਤੀ ਹੈ। ਕਰਫਿਊ ਨੂੰ ਸਖ਼ਤੀ ਨਾਲ ਲਾਗੂ ਕਰਵਾਉਣ ਲਈ ਪੁਲਸ ਵਲੋਂ ਪੂਰੀ ਸਖ਼ਤੀ ਵਰਤਦੇ ਹੋਏ

ਕੋਈ ਦੁਕਾਨ ਨਹੀਂ ਖੁੱਲ੍ਹਣ ਦਿੱਤੀ ਗਈ ਅਤੇ ਜਿਹੜੀਆਂ ਦੁਕਾਨਾਂ ਖੁੱਲ੍ਹੀਆਂ ਸਨ। ਉਨ੍ਹਾਂ ਨੂੰ ਉਸੇ ਵੇਲੇ ਬੰਦ ਕਰਵਾ ਦਿੱਤਾ ਗਿਆ। ਪੁਲਸ ਦੀ ਸਖ਼ਤੀ ਨੂੰ ਵੇਖਦੇ ਹੋਏ ਹਰ ਰੋਜ਼ ਬਾਜ਼ਾਰ 'ਚ ਦਿਸਣ ਵਾਲੀ ਭੀੜ ਅੱਜ ਅਚਾਨਕ ਗਾਇਬ ਹੋ ਗਈ। ਇਲਾਕੇ 'ਤੇ ਆਏ ਇਸ ਕਰੋਨਾ ਸੰਕਟ ਨੂੰ ਵੇਖਦੇ ਹੋਏ ਪੁਲਸ ਨੇ ਅੱਜ ਕਿਸੇ ਨਾਲ ਵੀ ਰਿਆਇਤ ਨਹੀਂ ਵਰਤੀ ਅਤੇ ਪੂਰਾ ਦਿਨ ਕਰਫਿਊ ਨੂੰ ਸਖ਼ਤੀ ਨਾਲ ਲਾਗੂ ਰੱਖਣ ਲਈ ਪੁਲਸ ਸੜਕਾਂ 'ਤੇ ਗਸ਼ਤ ਕਰਦੀ ਵਿਖਾਈ ਦਿੱਤੀ। ਦੁਪਹਿਰ ਵੇਲੇ ਜਿਵੇ ਹੀ ਪਿੰਡ ਘੁਲਾਲ ਵਾਸੀ ਦੋ ਹੋਰ ਸ਼ਰਧਾਲੂਆਂ ਦੀ ਰਿਪੋਰਟ ਵੀ ਪਾਜ਼ੇਟਿਵ ਆਉਣ ਦੀ ਪੁਸ਼ਟੀ ਹੋਈ ਤਾਂ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਅਤੇ ਸਹਿਮ ਵਿੱਚ ਆਏ ਲੋਕ ਘਰਾਂ ਤੋਂ ਬਾਹਰ ਹੀ ਨਹੀਂ ਨਿਕਲੇ ਤੇ ਹਰ ਪਾਸੇ ਸੰਨਾਟਾ ਛਾ ਗਿਆ।

ਪਹਿਲਾਂ ਗਰੀਨ ਜ਼ੋਨ 'ਚ ਚੱਲ ਰਹੇ ਸਮਰਾਲਾ ਇਲਾਕੇ ਦੇ ਲੋਕਾਂ ਨੂੰ ਕਰੋਨਾ ਵਾਇਰਸ ਦਾ ਕੋਈ ਖਤਰਾ ਵਿਖਾਈ ਨਹੀਂ ਸੀ ਦੇ ਰਿਹਾ ਪਰ ਪੰਜਾਬ ਸਰਕਾਰ ਦੀ ਵੱਡੀ ਲਾਪਰਵਾਹੀ ਕਾਰਨ ਸ੍ਰੀ ਨਾਂਦੇੜ ਸਾਹਿਬ ਤੋਂ ਵਾਪਸ ਲਿਆਂਦੇ ਸਮਰਾਲਾ ਇਲਾਕੇ ਦੇ ਤਿੰਨ ਪਿੰਡਾਂ ਘੁਲਾਲ, ਸੇਹ ਅਤੇ ਢੰਡੇ ਨਿਵਾਸੀ 16 ਸ਼ਰਧਾਲੂਆਂ ਵਿੱਚੋਂ 6 ਸ਼ਰਧਾਲੂਆਂ ਦੇ ਕਰੋਨਾ ਪਾਜ਼ੇਟਿਵ ਪਾਏ ਜਾਣ ਤੋਂ ਬਾਅਦ ਇਨ੍ਹਾਂ ਤਿੰਨੇ ਪਿੰਡਾਂ ਨੂੰ ਸਹਿਮ ਚੜ੍ਹ ਗਿਆ ਹੈ। ਕੋਰੋਨਾ ਪੀੜਤ ਪਾਏ ਗਏ ਇਨ੍ਹਾਂ ਸ਼ਰਧਾਲੂਆਂ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਸੰਪਰਕ ਵਿੱਚ ਆਏ ਵਿਅਕਤੀਆਂ 'ਚ ਵੀ ਘਬਰਾਹਟ ਫੈਲੀ ਹੋਈ ਹੈ।

ਡੀ. ਐੱਸ. ਪੀ. ਸਮਰਾਲਾ ਹਰਿੰਦਰ ਸਿੰਘ ਮਾਨ ਨੇ ਦੱਸਿਆ ਕਿ ਇਲਾਕੇ ਵਿੱਚ ਵੀ 4 ਕੋਰੋਨਾ ਪਾਜ਼ੇਟਿਵ ਸ਼ਰਧਾਲੂਆਂ ਦਾ ਮਾਮਲਾ ਸਾਹਮਣੇ ਆਉਣ 'ਤੇ ਸਥਾਨਕ ਪ੍ਰਸਾਸ਼ਨ ਨੇ ਕੱਲ ਹੀ ਕਰਫਿਊ ਵਿੱਚ
ਸਵੇਰੇ 7 ਵਜੇ ਤੋਂ 11 ਵਜੇ ਤੱਕ ਮਿਲਣ ਵਾਲੀ ਢਿੱਲ ਅਗਲੇ ਹੁਕਮਾਂ ਤੱਕ ਨਾ ਦੇਣ ਦਾ ਫੈਸਲਾ ਲੈ ਲਿਆ ਸੀ। ਉਨ੍ਹਾਂ ਦੱਸਿਆ ਕਿ ਪਿੰਡ ਤਾਂ ਪੁਲਸ ਵੱਲੋਂ ਕੱਲ ਹੀ ਸੀਲ ਕੀਤੇ ਜਾ ਚੁਕੇ ਹਨ ਪਰ ਸ਼ਹਿਰ ਵਿਚ ਦੁਕਾਨਾਂ ਨੂੰ ਬੰਦ ਰੱਖਣ ਅਤੇ ਸੜਕ 'ਤੇ ਸੀਮਿਤ ਆਵਾਜਾਈ ਲਈ ਪੁਲਸ ਨੇ ਤੜਕੇ ਤੋਂ ਹੀ ਵੱਖ-ਵੱਖ ਥਾਵਾਂ 'ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਬਿਨਾਂ ਵਜ੍ਹਾ ਘੁੰਮਦੇ ਵਾਹਨਾਂ ਨੂੰ ਵਾਪਸ ਮੋੜਿਆ ਗਿਆ ਪਰ ਵੀਰਵਾਰ ਦੋ ਹੋਰ ਵਿਅਕਤੀਆਂ ਦੀ ਰਿਪੋਰਟ ਪਾਜ਼ੇਟਿਵ ਆਉਣ ਉਪਰੰਤ ਕੋਰੋਨਾ ਵਾਇਰਸ ਦੇ ਖਤਰੇ ਨੂੰ ਅੱਗੇ ਵੱਧਣ ਤੋਂ ਰੋਕਣ ਲਈ ਪੁਲਸ ਵੱਲੋਂ ਸ਼ਹਿਰ ਦੇ ਕਈ ਮੁੱਹਲਿਆਂ ਵਿਚ ਜਾਕੇ ਵੀ ਲੋਕਾਂ ਨੂੰ ਕਰਫਿਊ ਦੌਰਾਨ ਘਰਾਂ ਦੇ ਅੰਦਰ ਹੀ ਰਹਿਣ ਦੀ ਅਪੀਲ ਕੀਤੀ ਗਈ ਹੈ।


Deepak Kumar

Content Editor

Related News