ਕੋਰੋਨਾ ਦੇ ਬਹਾਨੇ ਮੋਦੀ ਸਰਕਾਰ ਕਿਸਾਨ ਮੋਰਚੇ ਨੂੰ ਕਰਨਾ ਚਾਹੁੰਦੀ ਫੇਲ੍ਹ : ਸੰਯੁਕਤ ਮੋਰਚਾ

05/08/2021 1:53:09 PM

ਤਪਾ ਮੰਡੀ (ਸ਼ਾਮ, ਗਰਗ)-ਪੰਜਾਬ ਸਰਕਾਰ ਵੱਲੋਂ ਵੀਕਐਂਡ ਲਾਕਡਾਊਨ ਨੂੰ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਸੰਯੁਕਤ ਮੋਰਚੇ ਵੱਲੋਂ ਸਥਾਨਕ ਸ਼ਹਿਰ ਦੇ ਭਗਵਾਨ ਵਾਲਮੀਕਿ ਚੌਕ ਤੋਂ ਸ਼ੁਰੂ ਹੋ ਕੇ ਵਪਾਰੀ ਭਾਈਚਾਰੇ ਨੂੰ ਦੁਕਾਨਾਂ ਖੋਲ੍ਹਣ ਲਈ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਭਾਕਿਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਰੂਪ ਸਿੰਘ ਢਿੱਲਵਾਂ, ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਜ਼ਿਲ੍ਹਾ ਮੀਤ ਪ੍ਰਧਾਨ ਦਰਸ਼ਨ ਸਿੰਘ ਮਹਿਤਾ ਅਤੇ ਸੀਨੀਅਰ ਭਾਕਿਯੂ ਆਗੂ ਗੋਰਾ ਸਿੰਘ ਢਿੱਲਵਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਮੋਰਚੇ ਨੂੰ ਫੇਲ੍ਹ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਹੱਥਕੰਡੇ ਅਪਣਾ ਰਹੀ ਹੈ ਇਸ ਮਸਲੇ ’ਤੇ ਡੀ. ਸੀ., ਐੱਸ. ਐੱਸ. ਪੀ. ਸਮੇਤ ਸਾਰਾ ਪੁਲਸ ਪ੍ਰਸ਼ਾਸਨ ਸਰਕਾਰ ਦੇ ਨਾਲ ਰਲਿਆ ਹੋਇਆ ਹੈ।

ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕੋਰੋਨਾ ਦੇ ਬਹਾਨੇ ਬਣਾ ਕੇ ਕਿਸਾਨ ਮੋਰਚੇ ਨੂੰ ਫੇਲ੍ਹ ਕਰਨ ’ਤੇ ਤੁਲੀ ਹੋਈ ਹੈ। ਉਨ੍ਹਾਂ ਲਾਕਡਾਊਨ ਨੂੰ ਤੋੜ ਕੇ ਦੁਕਾਨਦਾਰਾਂ ਨੂੰ ਆਪਣੀਆਂ ਦੁਕਾਨਾਂ ਖੋਲ੍ਹਣ ਦੀ ਅਪੀਲ ਕੀਤੀ। ਹੁਣ ਦੁਕਾਨਦਾਰਾਂ ਨੂੰ ਆਰਥਿਕ ਪੱਖੋਂ ਕਮਜ਼ੋਰ ਰੱਖਣ ਦਾ ਨਾਦਰਸ਼ਾਹੀ ਫਰਮਾਨ ਜਾਰੀ ਕੀਤਾ ਹੈ, ਜਦਕਿ ਸਰਕਾਰ ਦੀਆਂ ਸਿਹਤ-ਸਹੂਲਤਾਂ ਦਾ ਪੂਰੀ ਤਰ੍ਹਾਂ ਨਾਲ ਜਨਾਜ਼ਾ ਨਿਕਲ ਚੁੱਕਾ ਹੈ। ਹਸਪਤਾਲਾਂ ’ਚ ਬੈੱਡਾਂ ਦੀ ਕਮੀ ਅਤੇ ਦਵਾਈਆਂ ਦੀ ਘਾਟ ਨੇ ਸਰਕਾਰ ਦੀ ਪੋਲ੍ਹ ਖੋਲ੍ਹ ਕੇ ਰੱਖ ਕੇ ਦਿੱਤੀ। ਉਨ੍ਹਾਂ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇ ਪੁਲਸ ਦੁਕਾਨਾਂ ਬੰਦ ਕਰਨ ਦੇ ਨਾਂ ’ਤੇ ਉਨ੍ਹਾਂ ’ਤੇ ਮੁਕੱਦਮੇ ਦਰਜ ਕਰਦੀ ਹੈ ਤਾਂ ਉਹ ਉਨ੍ਹਾਂ ਨਾਲ ਖੜ੍ਹੀ ਹੈ। ਉਨ੍ਹਾਂ ਸ਼ਰਾਬ ਦੇ ਠੇਕੇ ਖੋਲ੍ਹੇ ਹੋਏ ਹਨ ਅਤੇ ਸਕੂਲ ਬੰਦ ਹੋਣ ਕਾਰਨ ਬੱਚਿਆਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ।

ਇਸ ਮੌਕੇ ਕ੍ਰਾਂਤੀਕਾਰੀ ਆਗੂ ਮੋਹਣ ਸਿੰਘ ਰੂੜੇਕੇ, ਜਰਨੈਲ ਸਿੰਘ ਬਦਰਾ, ਸੰਦੀਪ ਚੀਮਾ, ਦਰਸ਼ਨ ਸਿੰਘ ਚੀਮਾ, ਰੂਪ ਧੌਲਾ, ਹਰਮੰਡਲ ਸਿੰਘ ਜੋਧਪੁਰ ਨੇ ਗੁਰਦੁਆਰਾ ਸਿੰਘ ਸਭਾ ਵਿਖੇ ਇਕੱਤਰ ਹੋ ਕੇ ਸਰਕਾਰ ਖਿਲਾਫ ਰੋਸ ਪ੍ਰਗਟ ਕਰਦਿਆਂ ਦੁਕਾਨਦਾਰਾਂ ਨੂੰ ਦੁਕਾਨਾਂ ਖੋਲ੍ਹਣ ਦੀ ਅਪੀਲ ਕੀਤੀ। 
 


Manoj

Content Editor

Related News